India Punjab

ਬ੍ਰਾਡਕਾਸਟਿੰਗ ਅਥਾਰਿਟੀ ਦੀ ਮੀਡੀਆ ਘਰਾਂ ਨੂੰ ਤਾੜਨਾ

‘ਦ ਖ਼ਾਲਸ ਬਿਊਰੋ :- ਭਾਰਤ ਸਰਕਾਰ ਦੇ ਨਿਊਜ਼ ਬਰਾਡਕਾਸਟਿੰਗ ਐਂਡ ਡਿਜੀਟਲ ਸਟੈਂਡਰਡ ਅਥਾਰਿਟੀ ਨੇ ਜ਼ੀ ਨਿਊਜ਼ ਦੇ ਖਿਲਾਫ ਮਿਲੀ ਇੱਕ ਸ਼ਿਕਾਇਤ ਨੂੰ ਗੰਭੀਰਤਾ ਦੇ ਨਾਲ ਲਿਆ ਹੈ। ਸ਼ਿਕਾਇਤ ਅਨੁਸਾਰ ਜ਼ੀ ਨਿਊਜ਼ ਵੱਲੋਂ 19, 20 ਅਤੇ 26 ਜਨਵਰੀ ਨੂੰ ਕਿਸਾਨੀ ਅੰਦੋਲਨ ਨਾਲ ਸਬੰਧਿਤ ਦੋ ਇਤਰਾਜ਼ਯੋਗ ਪ੍ਰੋਗਰਾਮ ਪ੍ਰਸਾਰਿਤ ਕੀਤਾ ਗਿਆ ਸੀ। ਇਨ੍ਹਾਂ ਦੋ ਪ੍ਰੋਗਰਾਮਾਂ ਤਾਲ ਠੋਕ ਕੇ : ਖ਼ਾਲਿਸਤਾਨ ਸੇ ਕਬ ਸਾਵਧਾਨ ਹੋਗਾ ਕਿਸਾਨ ਅਤੇ ਦੂਜਾ ਪ੍ਰੋਗਰਾਮ ਰਿਪਬਲਿਕ ਡੇਅ ਪਰ ਹੋਗਾ ਗ੍ਰਹਿ ਯੁੱਧ ਵਿੱਚ ਅਥਾਰਿਟੀ ਦੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਗਈ ਸੀ।

ਅਥਾਰਿਟੀ ਨੇ ਸਖ਼ਤੀ ਨਾਲ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਕੋਈ ਵੀ ਅਜਿਹੀ ਰਿਪੋਰਟਿੰਗ ਨਾ ਕੀਤੀ ਜਾਵੇ ਜਿਸ ਨਾਲ ਲੋਕਾਂ ਵਿੱਚ ਡਰ, ਤਣਾਅ ਅਤੇ ਹਫੜਾ-ਦਫੜੀ ਮਚਣ ਤੋਂ ਬਚਾਅ ਰਹੇ। ਇਹ ਵੀ ਕਿਹਾ ਗਿਆ ਹੈ ਕਿ ਅਜਿਹੀਆਂ ਖ਼ਬਰਾਂ ਦੀ ਚੋਣ ਕਰਨ ਤੋਂ ਗੁਰੇਜ਼ ਕੀਤਾ ਜਾਵੇ ਜਿਸਦੇ ਨਾਲ ਵਿਵਾਦਤ ਜਨਤਕ ਮੁੱਦੇ ਭਖ ਜਾਣ। ਖ਼ਬਰ ਲਈ ਸੂਚਨਾ ਇੱਕ ਤੋਂ ਵਧੇਰੇ ਸ੍ਰੋਤਾਂ ਤੋਂ ਇਕੱਠੀ ਕੀਤੀ ਜਾਵੇ ਤਾਂ ਬਿਹਤਰ ਹੋਵੇਗਾ। ਖ਼ਬਰ ਵਿਚਲੇ ਤੱਥ ਕਿਸੇ ਦੇ ਵਿਚਾਰ, ਬਿਆਨ ਜਾਂ ਛਾਣਬੀਣ ‘ਤੇ ਆਧਾਰਿਤ ਨਾ ਹੋਣ। ਪ੍ਰੋਗਰਾਮ ਪ੍ਰਸਾਰਿਤ ਕਰਨ ਤੋਂ ਪਹਿਲਾਂ ਗਲਤੀਆਂ ਨੂੰ ਦਰੁਸਤ ਕਰਨ ਦੀ ਸਲਾਹ ਦਿੱਤੀ ਗਈ ਹੈ। ਸੰਤੁਲਿਤ ਰਿਪੋਰਟਿੰਗ ਲਈ ਪੱਖਪਾਤ ਤੋਂ ਬਚਿਆ ਜਾਵੇ ਅਤੇ ਅਜਿਹੇ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਣ ਜਿਨ੍ਹਾਂ ਨਾਲ ਲੋਕਾਂ ਵਿੱਚ ਵਿਸ਼ਵਾਸ ਵਧੇ।

ਦੱਸਣਯੋਗ ਹੈ ਕਿ ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ ਦੋਵੇਂ ਪ੍ਰੋਗਰਾਮ ਬਿਨਾਂ ਪ੍ਰਪੱਕਤਾ ਤੋਂ ਹੀ ਪ੍ਰਸਾਰਿਤ ਕਰ ਦਿੱਤੇ ਗਏ। ਅਥਾਰਿਟੀ ਵੱਲੋਂ ਭਵਿੱਖ ਵਿੱਚ ਜ਼ੀ ਟੀਵੀ ਸਮੇਤ ਦੂਜੇ ਸਾਰੇ ਮੀਡੀਆ ਅਦਾਰਿਆਂ ਨੂੰ ਹਦਾਇਤਾਂ ਦੀ ਪਾਲਣਾ ਕਰਨ ਦੀ ਤਾੜਨਾ ਕੀਤੀ ਗਈ ਹੈ।