‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਕੇਂਦਰ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ ਦੇ ਐਲਾਨ ਤੋਂ ਬਾਅਦ ਲਗਾਤਾਰ ਸਿਆਸੀ ਲੀਡਰਾਂ ਤੇ ਪੀਐੱਮ ਮੋਦੀ ਦੇ ਚਹੇਤੇ ਅਦਾਕਾਰਾਂ ਦੇ ਪ੍ਰਤੀਕਰਮ ਆ ਰਹੇ ਹਨ। ਵਿਰੋਧੀ ਪਾਰਟੀਆਂ ਇਸਨੂੰ ਕਿਸਾਨਾਂ ਦੀ ਜਿੱਤ ਦੱਸ ਰਹੀਆਂ ਹਨ, ਜਦੋਂ ਕਿ ਸਰਕਾਰ ਦੇ ਨੇੜਲੇ ਮੰਤਰੀ ਸਰਕਾਰ ਦੀ ਪਿੱਠ ਥਾਪੜ ਰਹੇ ਹਨ ਕਿ ਮੋਦੀ ਨੇ ਵੱਡਾ ਦਿਲ ਦਿਖਾ ਦਿੱਤਾ ਹੈ।
ਕੰਗਨਾ ਦੀਆਂ ਨਿਰਾਸ਼ ਪੋਸਟਾਂ ਤੋਂ ਹਾਲੇ ਲੋਕ ਉੱਭਰੇ ਨਹੀਂ ਸਨ, ਬੀਜੇਪੀ ਦੇ ਸੰਸਦ ਮੈਂਬਰ ਰਵੀਕਿਸ਼ਨ ਦਾ ਇਕ ਟੀਵੀ ਚੈਨਲ ਨੂੰ ਦਿੱਤਾ ਬਿਆਨ ਵਾਇਰਲ ਹੋ ਰਿਹਾ ਹੈ। ਇਸ ਵਿੱਚ ਰਵੀਕਿਸ਼ਨ ਕਹਿ ਰਹੇ ਹਨ ਕਿ ਜਿਵੇਂ ਮਹਾਂਦੇਵ ਸ਼ਿਵਜੀ ਨੇ ਜ਼ਹਿਰ ਪੀ ਕੇ ਸ੍ਰਿਸ਼ਟੀ ਬਚਾ ਲਈ ਸੀ, ਠੀਕ ਉਸੇ ਤਰ੍ਹਾਂ ਨਰਿੰਦਰ ਮੋਦੀ ਨੇ ਵੀ ਦੇਸ਼ਹਿੱਤ ਵਿੱਚ ਜ਼ਹਿਰ ਪੀਤਾ ਹੈ। ਰਵੀਕਿਸ਼ਨ ਨੇ ਕਿਹਾ ਕਿ ਇਕ ਤਾਂ ਗੁਰੂਪੁਰਬ ਸੀ ਤੇ ਮੋਦੀ ਚਾਹੁੰਦਾ ਸੀ ਕਿ ਠੰਡ ਵਿੱਚ ਬੈਠੇ ਲੋਕ ਖਾਸਕਰ ਔਰਤਾਂ ਆਪਣੇ ਘਰ ਜਾਣ। ਇਹੀ ਸੋਚ ਕੇ ਇਹ ਫੈਸਲਾ ਲਿਆ ਗਿਆ।
ਰਵੀਕਿਸ਼ਨ ਦਾ ਕਹਿਣਾ ਹੈ ਕਿ ਮੋਦੀ ਉੱਤੇ ਪਹਿਲਾਂ ਵੀ ਤਾਨਾਸ਼ਾਹ ਦੇ ਦੋਸ਼ ਲੱਗਦੇ ਰਹੇ ਹਨ ਤੇ ਇਹ ਬਿਲ ਵੀ ਕਿਸਾਨਾਂ ਦੇ ਫਾਇਦੇ ਲਈ ਬਣਾਏ ਗਏ ਸਨ। ਪਰ ਇਨ੍ਹਾਂ ਦੇ ਸਮਝ ਨਹੀਂ ਆਏ। ਫਿਰ ਸਮਾਂ ਆਵੇਗਾ ਕਿ ਇਨ੍ਹਾਂ ਬਿੱਲਾਂ ਦੀ ਮੰਗ ਕੀਤੀ ਜਾਵੇਗੀ।
ਰਵੀ ਸ਼ੰਕਰ ਨੇ ਕਿਹਾ ਕਿ ਮੋਦੀ ਦੇਸ਼ ਦੇ ਪਿਤਾ ਹਨ, 135 ਕਰੋੜ ਉਨ੍ਹਾਂ ਦੇ ਲੋਕ ਹਨ। ਘਰ ਵਿੱਚ ਕਈ ਵਾਰ ਚਾਰ ਬੱਚਿਆਂ ਵਿੱਚੋਂ ਇਕ ਖੁਸ਼ ਨਹੀਂ ਹੁੰਦਾ ਤਾਂ ਫੈਸਲੇ ਲੈਣੇ ਪੈਂਦੇ ਹਨ। ਇਸ ਅੰਦੋਲਨ ਨੂੰ ਵੀ ਖਾਲਿਸਤਾਨੀ ਲਹਿਰ ਤੇ ਖਾਸਕਰਕੇ ਪਾਕਿਸਤਾਨ ਵੱਲੋਂ ਵੀ ਹਾਈਜੈਕ ਕਰਨ ਦਾ ਖਤਰਾ ਸੀ, ਇਸ ਲਈ ਮੋਦੀ ਨੇ ਦੇਸ਼ ਅੱਗੇ ਝੁੱਕ ਕੇ ਇਸਨੂੰ ਬਚਾਉਣ ਲਈ ਇਹ ਫੈਸਲਾ ਲਿਆ ਹੈ।
ਦੂਜੇ ਪਾਸੇ ਟਵਿੱਟਰ ਹੈਂਡਲ ਤੇ ਹੋਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੇ ਇਸ ਬਿਆਨ ਦਾ ਲੋਕ ਵੀ ਮੋੜਵਾਂ ਜਵਾਬ ਦੇ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਸਿੱਧਾ ਜਹਿਰ ਪੀ ਕੇ ਸ੍ਰਿਸ਼ਟੀ ਨੂੰ ਬਚਾ ਲਿਆ ਜਾਂਦਾ ਤਾਂ ਝੁਕਣ ਦੀ ਲੋੜ ਨਹੀਂ ਪੈਣੀ ਸੀ।
ਇਕ ਹੋਰ ਨੇ ਲਿਖਿਆ ਹੈ ਕਿ ਅਜਿਹਾ ਕਾਨੂੰਨ ਲਿਆਉਂਦੇ ਹੀ ਕਿਉਂ ਹੋ ਕਿ ਜਿਸ ਨਾਲ ਖਾਲਿਸਤਾਨੀਆਂ ਤੇ ਪਾਕਿਸਤਾਨੀਆਂ ਨੂੰ ਫਾਇਦਾ ਮਿਲੇ। ਭਾਈ ਜੀ ਮੂਰਖ ਕਿਸਨੂੰ ਬਣਾ ਰਹੇ ਹੋ। ਹੁਣ ਜਿਮਨੀ ਚੋਣਾਂ ਵਿੱਚ ਭਾਜਪਾ ਦੀ ਅਜਿਹੀ ਦੁਰਗਤੀ ਹੋਈ ਹੈ ਤੇ ਅਗਲੀਆਂ ਚੋਣਾਂ ਵਿੱਚ ਦਿਖਾਈ ਦੇ ਰਹੀ ਹਾਰ ਦਾ ਡਰਾ ਨਾ ਸਤਾਉਂਦਾ ਤਾਂ ਇਹ ਕਦੇ ਨਹੀਂ ਝੁਕਦੇ, ਇਹ ਵੋਟਾਂ ਹਾਰਨ ਦਾ ਡਰ ਹੈ।
ਪਰਦੀਪ ਗੁਪਤਾ ਨੇ ਲਿਖਿਆ ਹੈ ਕਿ ਕਿਸ਼ਨ ਜੀ ਤੁਸੀਂ ਕਦੋਂ ਜ਼ਹਿਰ ਪੀ ਰਹੇ ਹੋ, ਮਹਾਂਦੇਵ ਵਾਂਗ?
ਕੀ ਸਾਰਾ ਜ਼ਹਿਰ ਪੀਣ ਦਾ ਠੇਕਾ ਮੋਦੀ ਨੇ ਲੈ ਲਿਆ ਹੈ
ਇਕ ਹੋਰ ਵਿਅਕਤੀ ਲਿਖਦਾ ਹੈ ਕਿ ਇਕ ਸਾਲ ਤੋਂ ਕਿੱਥੇ ਸੁੱਤੇ ਪਏ ਸੀ, ਉਦੋਂ ਖਬਰ ਨਹੀਂ ਸੀ ਕਿ ਠੰਡ ਹੈ, ਦੀਵਾਲੀ ਹੈ, ਗੁਰੂਪੁਰਬ ਹੈ ਤੇ ਰੱਖੜੀ ਹੈ। ਢੋਂਗੀ ਕਿਸੇ ਥਾਂ ਦੇ।
ਜ਼ਾਕਿਰ ਹੂਸੈਨ ਨੇ ਲਿਖਿਆ ਹੈ ਕਿ ਕੀ ਖਾਂਦੇ ਨੇ ਇਹ ਸਾਰੇ? 700 ਨਿਰਦੋਸ਼ ਲੋਕਾਂ ਦੀ ਬਲੀ ਲੈ ਕੇ ਇਨ੍ਹਾਂ ਨੇ ਖਾਲਿਸਤਾਨ ਪਾਕਿਸਤਾਨ ਤੋਂ ਬਚਾ ਲਿਆ, ਜਿੱਦਾਂ ਕਾਲੇ ਕਾਨੂੰਨ ਪਾਕਿਸਤਾਨ ਵਿੱਚ ਖਾਧੀ ਬਿਰਿਆਨੀ ਨੇ ਮਜਬੂਰੀ ਵਿਚ ਬਣਵਾਏ ਸਨ। ਇਨ੍ਹਾਂ ਦੇ ਨੱਚਣ ਵਾਲੇ ਚਾਚੇ ਚਾਇਨਾ ਨੇ ਤਾਂ ਦੇਸ਼ ਵਿੱਚ ਵੜ ਕੇ ਇਨ੍ਹਾਂ ਦੀਆਂ ਛਾਤੀਆਂ ਉੱਤੇ ਕਲੋਨੀਆਂ ਤੱਕ ਕੱਟ ਦਿੱਤੀਆਂ। ਦੇਸ਼ ਨੂੰ ਨਹੀਂ ਆਪਣੀ ਪੱਕੀ ਹਾਰ ਨੂੰ ਬਚਾਉਣ ਦੀ ਕੋਸ਼ਿਸ਼..।