‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰ ਹਰਮੀਤ ਸਿੰਘ ਕਾਦੀਆਂ ਨੇ ਚੋਣਾਂ ਨੂੰ ਲੈ ਕੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਚੋਣ ਲੜਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸੰਘਰਸ਼ ਖਤਮ ਹੋਣ ਤੋਂ ਬਾਅਦ ਚੋਣ ਲੜਨ ਬਾਰੇ ਫੈਸਲਾ ਕੀਤਾ ਜਾ ਸਕਦਾ ਹੈ, ਜਿਸ ਤਰ੍ਹਾਂ ਲੋਕ ਕਹਿਣਗੇ। ਸਰਕਾਰ ਤੋਂ ਵੀ ਕਰਜ਼ ਮੁਆਫੀ ਦੇ ਵਾਅਦੇ ‘ਤੇ ਜਵਾਬ ਮੰਗਾਂਗੇ। ਹਾਲੇ ਸਾਨੂੰ ਜਿੱਤ ਚੰਗੀ ਤਰ੍ਹਾਂ ਪ੍ਰਾਪਤ ਕਰ ਲੈਣ ਦਿਉ।
ਬੂਟਾ ਸਿੰਘ ਸ਼ਾਦੀਪੁਰ ਨੇ ਹਰਮੀਤ ਕਾਦੀਆਂ ਦੀ ਗੱਲ ਪੂਰੀ ਕਰਦਿਆਂ ਕਿਹਾ ਕਿ ਜਿੰਨਾ ਚਿਰ ਤੱਕ ਖੇਤੀ ਕਾਨੂੰਨ ਪੂਰੀ ਤਰ੍ਹਾਂ ਵਾਪਸ ਨਹੀਂ ਹੋ ਜਾਂਦੇ, ਉਦੋਂ ਤੱਕ ਅਸੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਰਦੇ। ਸ਼ਾਦੀਪੁਰ ਨੇ ਕਿਹਾ ਕਿ ਪੰਜਾਬ ਵਿੱਚ ਚੋਣਾਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਖੇਤੀ ਕਾਨੂੰਨ ਪੂਰੀ ਤਰ੍ਹਾਂ ਵਾਪਸ ਹੋ ਗਏ ਤਾਂ ਪੰਜਾਬ ਦੀਆਂ ਜਥੇਬੰਦੀਆਂ ਇਕੱਠੇ ਬੈਠ ਕੇ ਵਿਚਾਰ ਕਰਨਗੀਆਂ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ। ਜੇ ਪੰਜਾਬ ਦੀਆਂ ਜਥੇਬੰਦੀਆਂ ਵਿੱਚ ਫੈਸਲਾ ਹੋ ਜਾਂਦਾ ਹੈ ਕਿ ਸਾਨੂੰ ਚੋਣ ਲੜਨੀ ਚਾਹੀਦੀ ਹੈ ਤਾਂ ਫਿਰ ਲੜੀ ਜਾ ਸਕਦੀ ਹੈ ਅਤੇ ਜੇਕਰ ਪੰਜਾਬ ਦੀਆਂ ਜਥੇਬੰਦੀਆਂ ਚੋਣਾਂ ਨਾ ਲੜਨ ਲਈ ਕਹਿਣਗੀਆਂ ਤਾਂ ਅਸੀਂ ਅੱਗੇ ਰਹਿ ਕੇ ਹੀ ਆਪਣੇ ਮਸਲੇ ਹੱਲ ਕਰਵਾਉਂਦੇ ਰਹਿਣਾ ਹੈ। ਜੇਕਰ ਸਾਰੀਆਂ ਜਥੇਬੰਦੀਆਂ ਚੋਣਾਂ ਲੜਨ ਦਾ ਪ੍ਰੋਗਰਾਮ ਬਣਾ ਲੈਂਦੀਆਂ ਹਨ ਤਾਂ ਉਸਦੇ ਵਿੱਚ ਵੀ ਬਹੁਤ ਵੱਡੀ ਖੁਸ਼ੀ ਹੋਵੇਗੀ।
ਬੀਜੇਪੀ ਲੀਡਰ ਸੁਰਜੀਤ ਜਿਆਣੀ ਨੇ ਕਿਹਾ ਕਿ ਪ੍ਰਜਾਤੰਤਰ ਦੇਸ਼ ਹੈ, ਕੋਈ ਵੀ ਚੋਣ ਲੜ ਸਕਦਾ ਹੈ। ਵਿਧਾਇਕ, ਸਰਕਾਰਾਂ ਬਣਾਉਣਾ ਲੋਕਾਂ ਦੀ ਤਾਕਤ ਹੈ। ਜਿਆਣੀ ਨੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਅਤੇ ਰਾਕੇਸ਼ ਟਿਕੈਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਿਸਾਨ ਲੀਡਰਾਂ ਨੇ ਪਹਿਲਾਂ ਚੋਣਾਂ ਲੜ ਕੇ ਵੇਖ ਲਈਆਂ ਹਨ ਅਤੇ ਹੁਣ ਹੋਰ ਲੜ ਕੇ ਵੇਖ ਲੈਣ। ਪਰ ਵੋਟਰ ਆਪ ਵੇਖ ਕੇ ਵੋਟ ਪਾਉਂਦਾ ਹੈ ਕਿ ਕੌਣ ਕੀ ਕਰ ਸਕਦਾ ਹੈ। ਹਰੇਕ ਚੀਜ਼ ਨੂੰ ਚੋਣਾਂ ਨਾਲ ਜੋੜ ਕੇ ਵੇਖਿਆ ਜਾਂਦਾ ਹੈ। ਬੀਜੇਪੀ ਰਾਸ਼ਟਰ ਵਿੱਚ ਸਭ ਤੋਂ ਵੱਡੀ ਪਾਰਟੀ ਹੈ।
ਜਿਆਣੀ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਕਿਹਾ ਸੀ ਕਿ ਇਹ ਕਿਸਾਨੀ ਮੁੱਦਾ ਨਹੀਂ, ਰਾਜਨੀਤਿਕ ਮੁੱਦਾ ਹੈ। ਰਾਜਨੀਤਿਕ ਮੁੱਦਾ ਕਿਉਂ ਹੈ, ਇਸਦੇ ਸਬੂਤ ਹੁਣ ਬਾਹਰ ਆ ਰਹੇ ਹਨ। ਇਸ ਮੋਰਚੇ ਵਿੱਚ ਨਾ ਤਾਂ ਕਿਸਾਨਾਂ ਦੀ ਗੱਲ ਹੋਈ ਹੈ ਅਤੇ ਨਾ ਹੀ ਮਜ਼ਦੂਰਾਂ ਦੀ ਗੱਲ ਹੋਈ। ਅਸੀਂ ਹੁਣ ਬੁਝੀ ਹੋਈ ਅੱਗ ਵਿੱਚ ਪਾਣੀ ਪਾਈਏ, ਕਿਤੇ ਕੋਈ ਇੱਦਾਂ ਦੀ ਗੱਲ ਨਾ ਕਹਿ ਦਈਏ ਕਿ ਮਾਹੌਲ ਫਿਰ ਤੋਂ ਭਖ ਜਾਵੇ। ਸ਼ਾਦੀਪੁਰ ਨੇ ਜਿਆਣੀ ਨੂੰ ਜਵਾਬ ਦਿੰਦਿਆਂ ਕਿਹਾ ਕਿ ਅਸੀਂ ਚੋਣਾਂ ਨਹੀਂ ਲੜ ਰਹੇ। ਅਸੀਂ ਚੋਣਾਂ ਬਾਰੇ ਅਜੇ ਤੱਕ ਕੋਈ ਫੈਸਲਾ ਨਹੀਂ ਕੀਤਾ ਹੈ। ਕਿਸਾਨ ਅਤੇ ਮਜ਼ਦੂਰਾਂ ਦੇ ਮਸਲਿਆਂ ਨੂੰ ਆਪਣੇ ਹਿਸਾਬ ਨਾਲ ਹੱਲ਼ ਕਰਵਾਉਂਦੇ ਰਹੀਏ। ਸ਼ਾਦੀਪੁਰ ਨੇ ਜਿਆਣੀ ਨੂੰ ਕਿਹਾ ਕਿ ਦੇਸ਼ ਦੀ ਕ੍ਰਿਸ਼ੀ ਨੀਤੀ ਜ਼ਰੂਰ ਬਣਵਾ ਦਿਉ ਕਿਉਂਕਿ ਦੇਸ਼ ਵਿੱਚ ਤੁਹਾਡੀ ਸਰਕਾਰ ਹੈ।
ਜਿਆਣੀ ਨੇ ਕਿਹਾ ਕਿ 32 ਕਿਸਾਨ ਜਥੇਬੰਦੀਆਂ ਬੈਠ ਕੇ ਗੱਲ਼ ਕਰ ਲੈਣ ਕਿ ਦੇਸ਼ ਨੂੰ ਆਜ਼ਾਦ ਹੋਇਆਂ 75 ਸਾਲ ਹੋ ਗਏ ਹਨ। 75 ਸਾਲਾਂ ਵਿੱਚ ਕਿਸਨੇ ਕੰਮ ਕੀਤਾ, ਕਿਸਨੇ ਨਹੀਂ ਕੀਤਾ, ਪੰਜਾਬ ਨਾਲ ਸਭ ਤੋਂ ਜ਼ਿਆਦਾ ਪਿਆਰ ਕਿਸਨੇ ਕੀਤਾ, ਕਿਸਾਨੀ ਦਾ ਭਲਾ ਕਿਸਨੇ ਕੀਤਾ, ਬਾਰੇ ਜ਼ਰੂਰ ਵਿਚਾਰ ਕਰਨ। ਇਸ ਲਈ 32 ਜਥੇਬੰਦੀਆਂ ਬੀਜੇਪੀ ਨੂੰ ਵੋਟ ਦੇਣ ਅਤੇ ਭਾਜਪਾ ਦੀ ਸਰਕਾਰ ਬਣਾ ਕੇ ਸੂਬੇ ਨੂੰ ਅੱਗੇ ਲੈ ਕੇ ਜਾਣ।