‘ਦ ਖ਼ਾਲਸ ਟੀਵੀ ਬਿਊਰੋ:- ਬੀਕੇਯੂ (ਉਗਰਾਹਾਂ) ਦੀ ਮੰਗ ਪ੍ਰਵਾਨ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਨੁਕਸਾਨੀ ਗਈ ਨਰਮੇ ਦੀ ਫ਼ਸਲ ਲਈ ਮੁਆਵਜ਼ੇ ਦੀ ਪ੍ਰਤੀ ਏਕੜ ਰਾਸ਼ੀ 13 ਹਜ਼ਾਰ 200 ਤੋਂ ਵਧਾ ਕੇ 18 ਹਜ਼ਾਰ 700 ਰੁਪਏ ਕਰ ਦਿੱਤੀ ਹੈ, ਜਿਸ ‘ਚੋਂ ਮੁਆਵਜ਼ੇ ਦੀ ਰਾਸ਼ੀ ਦਾ 10 ਫ਼ੀਸਦੀ ਖੇਤ ਮਜ਼ਦੂਰਾਂ ਨੂੰ ਰਾਹਤ ਵਜੋਂ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਮਾਲਵਾ ਪੱਟੀ ਦੇ ਨਰਮਾ ਕਾਸ਼ਤਕਾਰਾਂ ਲਈ ਮੁਆਵਜ਼ੇ ਦੀ ਮੌਜੂਦਾ ਰਾਸ਼ੀ ਨੂੰ ਪ੍ਰਤੀ ਏਕੜ 12 000 ਰੁਪਏ ਤੋਂ ਵਧਾ ਕੇ 17 ਹਜ਼ਾਰ ਰੁਪਏ ਕਰਨ ਦਾ ਐਲਾਨ ਕੀਤਾ ਸੀ।
ਉਨ੍ਹਾਂ ਮੁਆਵਜ਼ੇ ਦੇ ਉਪਰੋਕਤ ਮਾਪਦੰਡਾਂ ਤੋਂ ਇਲਾਵਾ ਕਪਾਹ ਚੁਗਣ ਵਾਲੇ ਖੇਤ ਮਜ਼ਦੂਰਾਂ ਨੂੰ ਵੀ 10 ਫ਼ੀਸਦੀ ਰਾਹਤ ਦੇਣ ਦਾ ਐਲਾਨ ਕੀਤਾ। ਨਤੀਜੇ ਵਜੋਂ ਖੇਤ ਮਜ਼ਦੂਰਾਂ/ਕਪਾਹ ਚੁਗਣ ਵਾਲਿਆਂ ਨੂੰ ਵੀ ਹੁਣ ਪਹਿਲੇ ਦੇ 1200 ਰੁਪਏ ਪ੍ਰਤੀ ਏਕੜ ਦੀ ਥਾਂ ਹੁਣ 1700 ਰੁਪਏ ਪ੍ਰਤੀ ਏਕੜ ਮਿਲਣਗੇ। ਇਸ ਦੌਰਾਨ ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ 5000 ਰੁਪਏ ਪ੍ਰਤੀ ਏਕੜ ਦੀ ਵਧੀ ਹੋਈ ਰਾਹਤ ਰਾਸ਼ੀ ਸੂਬਾ ਸਰਕਾਰ ਵੱਲੋਂ ਕਿਸਾਨਾਂ ਨੂੰ ਜਲਦੀ ਹੀ ਅਦਾ ਕਰ ਦਿੱਤੀ ਜਾਵੇਗੀ ਅਤੇ ਇਸ ਰਾਸ਼ੀ ਦਾ 10 ਫ਼ੀਸਦੀ ਖੇਤ ਮਜ਼ਦੂਰਾਂ ਨੂੰ ਅਦਾ ਕੀਤਾ ਜਾਵੇਗਾ।