India Punjab

ਜਥੇਦਾਰ ਹਰਪ੍ਰੀਤ ਸਿੰਘ ਨੇ ਕਰਤਾਰਪੁਰ ਲਾਂਘਾ ਮੁੜ ਖੁੱਲਣ ਦਾ ਕੀਤਾ ਸਵਾਗਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਦੇ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਇਸਦੇ ਨਾਲ ਹੀ ਜਥੇਦਾਰ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਤੋਂ ਪਾਕਿਸਤਾਨ ਜਾਣ ਵਾਲੇ ਜਥੇ ਦੀ ਗਿਣਤੀ ਵਧਾਉਣ ਦੀ ਮੰਗ ਕੀਤੀ ਅਤੇ ਉੱਥੇ ਹੀ ਪਾਕਿਸਤਾਨ ਸਰਕਾਰ ਤੋਂ ਸ਼ਰਧਾਲੂਆਂ ਤੋਂ ਲਈ ਜਾਂਦੀ ਫੀਸ ਘਟਾਉਣ ਦੀ ਮੰਗ ਰੱਖੀ।

ਉਨ੍ਹਾਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਜਿੱਥੇ ਸਿੱਖ ਸੰਗਤਾਂ ਵੱਲੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲੇ ਜਾਣ ਦੀ ਮੰਗ ਕੀਤੀ ਜਾ ਰਹੀ ਸੀ, ਉੱਥੇ ਸਾਡੇ ਵੱਲੋਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਲਾਂਘੇ ਨੂੰ ਖੋਲੇ ਜਾਣ ਦੀ ਮੰਗ ਰੱਖੀ ਗਈ ਸੀ ਤਾਂ ਕਿ ਸਿੱਖ ਸ਼ਰਧਾਲੂ ਗੁਰਪੁਰਬ ਉੱਤੇ ਕਰਤਾਰਪੁਰ ਸਾਹਿਬ ਜਾ ਕੇ ਨਤਮਸਤਕ ਹੋ ਸਕਣ। ਉਨ੍ਹਾਂ ਕਿਹਾ ਕਿ ਚੰਗੀ ਗੱਲ ਹੈ ਕਿ ਕੇਂਦਰ ਨੇ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਸਮਝਿਆ ਅਤੇ ਹੁਣ ਕੇਂਦਰ ਨੂੰ ਚਾਹੀਦਾ ਹੈ ਕਿ ਉਹ ਸਿੱਖ ਜਥੇ ਦੀ ਗਿਣਤੀ ਵਧਾਵੇ ਅਤੇ ਹਰ ਰੋਜ਼ ਭਾਂਵੇ ਪੰਜ ਹਜ਼ਾਰ ਸੰਗਤਾਂ ਦਾ ਜਥਾ ਵੀ ਕਰਤਾਰਪੁਰ ਸਾਹਿਬ ਜਾਣਾ ਚਾਹੇ ਤਾਂ ਉਸ ਨੂੰ ਇਜ਼ਾਜਤ ਦਿੱਤੀ ਜਾਣੀ ਚਾਹਿਦੀ ਹੈ।

ਸਿੰਘ ਸਾਹਿਬ ਨੇ ਲਾਂਘੇ ਰਾਹੀਂ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਕਿਸਤਾਨ ਸਰਕਾਰ ਵੱਲੋਂ ਲਈ ਜਾਂਦੀ ਪ੍ਰਤੀ ਸ਼ਰਧਾਲੂ 20 ਡਾਲਰ ਫੀਸ ਨੂੰ ਘਟਾਉਣ ਦੀ ਵੀ ਮੰਗ ਕਰਦਿਆਂ ਕਿਹਾ ਕਿ ਜੇ ਇੱਕ ਪਰਿਵਾਰ ਦੇ ਪੰਜ ਜੀਅ ਜਾਂਦੇ ਹਨ ਤਾਂ ਫੀਸ 100 ਡਾਲਰ ਬਣ ਜਾਂਦੀ ਹੈ ਜੋ ਬਹੁਤ ਜਿਆਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਪਾਕਿਸਤਾਨ ਦੌਰੇ ਸਮੇਂ ਉੱਥੋਂ ਦੇ ਮੰਤਰੀਆਂ ਕੋਲ ਵੀ ਇਹ ਮਸਲਾ ਉਠਾਇਆ ਸੀ ਅਤੇ ਉਮੀਦ ਹੈ ਪਾਕਿਸਤਾਨ ਸਰਕਾਰ ਇਸ ਉੱਤੇ ਵਿਚਾਰ ਕਰੇਗੀ।