‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਵਾ ਪ੍ਰਦੂਸ਼ਣ ਕਾਰਨ ਬਣੀ ਗੰਭੀਰ ਸਥਿਤੀ ਕਾਰਨ ਦਿੱਲੀ ਦਿੱਲੀ ਅਤੇ ਆਸ-ਪਾਸ ਦੇ ਸ਼ਹਿਰਾਂ ਵਿੱਚ ਸਕੂਲ ਅਤੇ ਕਾਲਜਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਦਿੱਲੀ ਵਿੱਚ ਟਰੱਕਾਂ ਦੇ ਦਾਖਲ ਹੋਣ ਉੱਤੇ ਵੀ 21 ਨਵੰਬਰ ਤੱਕ ਰੋਕ ਲਗਾ ਦਿੱਤੀ ਗਈ ਹੈ। ਹਵਾ ਗੁਣਵਤਾ ਪ੍ਰਬੰਧਨ ਕਮਿਸ਼ਨ ਨੇ ਮੰਗਲਵਾਰ ਦੇਰ ਰਾਤ ਨੂੰ ਰਾਸ਼ਟਰੀ ਰਾਜਧਾਨੀ ਖੇਤਰ ਲਈ ਦਿਸ਼ਾ ਨਿਰਦੇਸ਼ ਜਾਰੀ ਕਰਦੇ ਹੋਏ ਇਹ ਹੁਕਮ ਜਾਰੀ ਕੀਤੇ ਹਨ।
ਸਾਰੇ ਸਰਕਾਰੀ ਦਫ਼ਤਰਾਂ ਨੂੰ 21 ਨਵੰਬਰ ਤੱਕ 50 ਫੀਸਦੀ ਸਮਰੱਥਾ ਦੇ ਨਾਲ ਕੰਮ ਕਰਨ ਨੂੰ ਕਿਹਾ ਗਿਆ ਹੈ। ਨਿੱਜੀ ਖੇਤਰ ਦੇ ਦਫ਼ਤਰ ਵੀ ਆਪਣੀ ਇੱਛਾ ਨਾਲ ਇਸਦੀ ਪਾਲਣਾ ਕਰ ਸਕਦੇ ਹਨ। ਇਸ ਦੇ ਨਾਲ ਹੀ 11 ਥਰਮਲ ਪਾਵਰ ਪਲਾਂਟ ਕੋਲੇ ਨਾਲ ਬਿਜਲੀ ਉਤਪਾਦਨ ਕਰਨ ਵਾਲੇ ਕਾਰਖਾਨਿਆਂ ਵਿੱਚੋਂ ਕੇਵਲ 5 ਨੂੰ ਚਲਾਉਣ ਦੀ ਇਜ਼ਾਜਤ ਦਿੱਤੀ ਗਈ ਹੈ।
ਭਾਰਤੀ ਮੌਸਮ ਵਿਭਾਗ ਦੇ ਵਿਗਿਆਨੀਆਂ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ‘ਚ ਐੱਨਸੀਆਰ ‘ਚ ਹਵਾ ਪ੍ਰਦੂਸ਼ਣ ਦਾ ਪੱਧਰ ਬਹੁਤ ਖਰਾਬ ਸਥਿਤੀ ‘ਚ ਰਹਿਣ ਦੀ ਉਮੀਦ ਹੈ। ਆਉਣ ਵਾਲੇ ਦਿਨਾਂ ਵਿੱਚ ਵੀ ਇਸ ਵਿੱਚ ਸੁਧਾਰ ਦੀ ਕੋਈ ਸੰਭਾਵਨਾ ਨਹੀਂ ਹੈ।