‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੇਂਦਰ ਸਰਕਾਰ ਦੇ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਵੱਖ-ਵੱਖ ਮਾਧਿਅਮਾਂ ਰਾਹੀਂ ਕੇਂਦਰ ਸਰਕਾਰ ਨੂੰ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਲਈ ਕਈ ਵਾਰ ਅਪੀਲ ਕੀਤੀ ਗਈ ਸੀ। ਲਾਂਘਾ ਖੋਲ੍ਹਣ ਲਈ ਅਸੀਂ ਬਹੁਤ ਅਰਦਾਸਾਂ ਕੀਤੀਆਂ ਸਨ। ਬੀਬੀ ਜਗੀਰ ਕੌਰ ਨੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਸਮੇਤ ਪੂਰੀ ਕੈਬਨਿਟ ਦਾ ਧੰਨਵਾਦ ਕੀਤਾ ਗਿਆ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਕੱਲ੍ਹ ਤਕਰੀਬਨ 855 ਸਿੱਖ ਸ਼ਰਧਾਲੂ ਗੁਰਦੁਆਰਾ ਨਨਕਾਣਾ ਸਾਹਿਬ ਨੂੰ ਰਵਾਨਾ ਹੋਵੇਗਾ ਜੋ 26 ਨਵੰਬਰ ਨੂੰ ਵਾਪਸ ਭਾਰਤ ਪਰਤੇਗਾ। ਬੀਬੀ ਜਗੀਰ ਕੌਰ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਰਤਾਰਪੁਰ ਲਾਂਘਾ ਖੋਲਣ ਵਾਲਾ ਟਵੀਟ ਪੜ੍ਹ ਕੇ ਅਸੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਮੈਨੇਜਰ ਨੂੰ ਫੋਨ ਕਰਕੇ ਕੱਲ੍ਹ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਆਰੰਭ ਕਰਨ ਲਈ ਕਹਿ ਦਿੱਤਾ ਹੈ। 19 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦਾ ਜਥਾ ਕਰਤਾਰਪੁਰ ਸਾਹਿਬ ਵਿਖੇ ਜਾਵੇਗਾ, ਜਿਸ ਵਿੱਚ ਕੀਰਤਨੀ ਜਥਾ ਵੀ ਸ਼ਾਮਿਲ ਹੋਵੇਗਾ। ਬੀਬੀ ਜਗੀਰ ਕੌਰ ਨੇ ਸਾਰਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੁਣ ਵੀ ਜਿਨ੍ਹਾਂ ਨੇ ਪਾਕਿਸਤਾਨ ਜਾਣਾ ਹੈ, ਉਹ ਹੁਣ 19 ਨਵੰਬਰ ਤੱਕ ਅਪਲਾਈ ਕਰ ਦਿਉ, ਉਸ ਦਿਨ ਅਸੀਂ ਸਾਰੇ ਇਕੱਠੇ ਜਾਵਾਂਗੇ, ਉਸ ਵਿੱਚ ਬੀਬੀ ਜਗੀਰ ਕੌਰ ਖੁਦ ਵੀ ਸ਼ਾਮਿਲ ਹੋਣਗੇ। ਅਸੀਂ ਕਰਤਾਰਪੁਰ ਲਾਂਘੇ ਰਾਹੀਂ 19 ਨਵੰਬਰ ਨੂੰ ਸਵੇਰੇ ਜਾਵਾਂਗੇ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸਰਕਾਰ ਨੇ ਸ਼ਾਇਦ 1500 ਦਾ ਜਥਾ ਜਾਣ ਦੀ ਆਗਿਆ ਦਿੱਤੀ ਹੈ। ਜੇ 1500 ਦਾ ਜਥਾ ਜਾਣ ਦੀ ਆਗਿਆ ਹੈ ਤਾਂ ਮੈਂ ਸੰਗਤ ਨੂੰ ਵੱਧ ਤੋਂ ਵੱਧ ਅਪਲਾਈ ਕਰਨ ਦੀ ਬੇਨਤੀ ਕਰਦੀ ਹਾਂ। ਸਾਰਾ ਜਥਾ ਸ਼੍ਰੋਮਣੀ ਕਮੇਟੀ ਵੱਲੋਂ ਲਿਜਾਇਆ ਜਾਵੇਗਾ, ਸ਼ਰਧਾਲੂਆਂ ਦੀ ਸਾਰੀ ਫੀਸ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੀ ਜਾਵੇਗੀ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ 177 ਜਾਂ 179 ਗੁਰਦੁਆਰੇ ਪਾਕਿਸਤਾਨ ਵਿੱਚ ਰਹਿ ਗਏ ਹਨ, ਜਿਨ੍ਹਾਂ ਦਾ ਬਹੁਤ ਮਹੱਤਵਪੂਰਨ ਇਤਿਹਾਸ ਹੈ। ਉਨ੍ਹਾਂ ਵਿੱਚੋਂ ਬੜੀ ਹੀ ਮੁਸ਼ਕਿਲ ਨਾਲ 10 ਜਾਂ 12 ਗੁਰਦੁਆਰਾ ਸਾਹਿਬਾਨ ਖੁੱਲ੍ਹੇ ਹੋਏ ਹਨ, ਬਾਕੀ ਸਭ ਬੰਦ ਹਨ। ਅਸੀਂ ਤਾਂ ਚਾਹੁੰਦੇ ਹਾਂ ਕਿ ਬਾਰਡਰ ਖੁੱਲ੍ਹ ਹੀ ਜਾਣ, ਸਿੱਖ ਸੰਗਤ ਨੂੰ ਖੁੱਲ੍ਹੀ ਸੇਵਾ ਦਿੱਤੀ ਜਾਵੇ ਕਿ ਉਹ ਉੱਥੇ ਜਾ ਕੇ ਸੇਵਾ ਕਰੇ ਬੇਸ਼ੱਕ ਪ੍ਰਬੰਧ ਉੱਥੋਂ ਦੀ ਮੈਨੇਜਮੈਂਟ ਕਮੇਟੀ ਹੀ ਕਰੇ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਪਾਕਿਸਤਾਨ ਵਿੱਚ ਬਾਕੀ ਗੁਰਦੁਆਰਾ ਸਾਹਿਬਾਨ ਇਸੇ ਲਈ ਬੰਦ ਹਨ ਕਿਉਂਕਿ ਉੱਥੇ ਸੰਗਤ ਨਹੀਂ ਹੈ। ਗੁਰਦੁਆਰੇ ਚਲਾਉਣ ਲ਼ਈ ਸੰਗਤ ਦੀ ਲੋੜ ਹੈ। ਬੀਬੀ ਜਗੀਰ ਕੌਰ ਨੇ ਸਿਸਟਮ ਸੌਖਾ ਕਰਨ ਬਾਰੇ ਕਿਹਾ ਹੈ ਜਿਵੇਂ ਵੀਜ਼ਾ ਫੀਸ ਘਟਾਉਣ ਜਾਂ ਫਿਰ ਮੁਆਫ ਹੀ ਕਰ ਦੇਣ ਬਾਰੇ ਕਿਹਾ ਹੈ। ਵੀਜ਼ਾ ਸਿਸਟਮ ਤਾਂ ਹੈ ਹੀ ਨਹੀਂ, ਉਹ ਤਾਂ ਬਸ ਫਾਰਮੈਲਿਟੀ ਹੀ ਕਰਦੇ ਹਨ।