India International Khalas Tv Special

NATIONAL PRESS DAY : ਅਜਿਹੀ ਆਜ਼ਾਦੀ, ਜਿੱਥੇ ਡੰਕੇ ਦੀ ਚੋਟ ‘ਤੇ ਬੋਲਣ ਸ਼ਬਦ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਅੱਜ ਦਾ ਦਿਨ ਕੌਮੀ ਪ੍ਰੈੱਸ-ਡੇ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਟੀਚਾ ਇਹ ਮਿੱਥਿਆ ਜਾਂਦਾ ਹੈ ਕਿ ਪ੍ਰੈੱਸ ਦੀ ਆਜ਼ਾਦੀ ਪ੍ਰਤੀ ਜਾਗਰੂਕਤਾ ਫੈਲਾਈ ਜਾ ਸਕੇ। ਇਸਦੇ ਨਾਲ ਹੀ ਇਹ ਵਿਚਾਰ ਪ੍ਰਗਟਾਉਣ ਤੇ ਉਸਦੇ ਸਨਮਾਨ ਨਾਲ ਜੁੜੀ ਵਚਨਬੱਧਤਾ ਦੀ ਗੱਲ ਵੀ ਕਰਦਾ ਹੈ। ਭਾਰਤ ਵਿੱਚ ਪ੍ਰੈੱਸ ਦੀ ਸੁਤੰਤਰਤਾ ਭਾਰਤੀ ਸੰਵਿਧਾਨ ਦੇ ਆਰਟੀਕਲ-19 ਵਿੱਚ ਭਾਰਤੀਆਂ ਨੂੰ ਦਿੱਤੇ ਗਏ ਵਿਚਾਰ ਪ੍ਰਗਟਾਵੇ ਦੀ ਆਜਾਦੀ ਦੇ ਮੂਲ ਅਧਿਕਾਰ ਤੋਂ ਯਕੀਨੀ ਬਣਦੀ ਹੈ। ਪਰ ਮੌਜੂਦਾ ਦੌਰ ਵਿੱਚ ਸੋਸ਼ਲ ਮੀਡੀਆ ਨੇ ਹੀ ਵਿਚਾਰ ਪ੍ਰਗਟਾਵੇ ਦਾ ਰੂਪ ਧਾਰਣ ਕਰ ਲਿਆ ਹੈ, ਅਜਿਹੇ ਸਮੇਂ ਵਿੱਚ ਪੱਤਰਕਾਰੀ ਦੇ ਮਿਆਰ, ਇਸਦੇ ਮਾਪਦੰਡ, ਸੂਚਨਾਵਾਂ ਦੀ ਬਣਤਰ ਤੇ ਇਸਦੀ ਲੋਕਾਂ ਤੱਕ ਪਹੁੰਚ ਦੀ ਪ੍ਰਮਾਣਿਕਤਾ ਨੂੰ ਬਰਕਰਾਰ ਰੱਖਣਾ ਸਭ ਤੋਂ ਵੱਡੀ ਚੁਣੌਤੀ ਹੈ। ਇਸ ਦਿਨ ਦੀ ਅਹਮਿਅਤ ਨੂੰ ਸਮਝਦੇ ਹੋਏ, ਅਸੀਂ ਖਾਸਕਰ ਆਪਣੇ ਪੱਤਰਕਾਰ ਭਾਈਚਾਰੇ ਨੂੰ ਉਨ੍ਹਾਂ ਦੀ ਜਿੰਮੇਦਾਰੀ ਦਾ ਅਹਿਸਾਸ ਕਰਨ ਦੀ ਇਹ ਕੋਸ਼ਿਸ਼ ਕਰ ਰਹੇ ਹਾਂ….

ਮੁੱਦਿਆਂ ਦੀ ਪੱਤਰਕਾਰੀ

ਇਕ ਪੱਤਰਕਾਰ ਲਈ ਹਰ ਘੜ੍ਹੀ ਪ੍ਰੈੱਸ ਡੇ ਹੈ। ਉਸਦੇ ਲਈ ਚੌਵੀ ਘੰਟੇ ਸੱਤੇ ਦਿਨ ਪ੍ਰੈਸ ਡੇ ਤੇ ਉਹ ਇਸ ਤੋਂ ਵੱਖਰਾ ਨਹੀਂ ਹੋ ਸਕਦਾ ਹੈ। ਸਮੇਂ-ਸਮੇਂ ਉੱਤੇ ਸੂਚਨਾਵਾਂ ਦੇ ਪ੍ਰਵਾਹ ਚੋਂ ਲੰਘਦਾ ਪੱਤਰਕਾਰ ਆਪਣੇ ਕਿਤੇ ਪ੍ਰਤੀ ਇਮਾਨਦਾਰ ਰਹਿਣ ਦੀ ਪੁਰਜੋਰ ਕੋਸ਼ਿਸ਼ ਕਰਦਾ ਹੈ। ਪਰ ਮੌਜੂਦਾ ਦੌਰ ਵਿਚ ਇਹ ਗੱਲ ਸਮਝਣ ਦੀ ਲੋੜ ਹੈ ਕਿ ਖਬਰ ਦਾ ਮੂਲ ਰੂਪ ਕੀ ਹੈ। ਖਬਰ ਕਿਸ ਵਰਗ ਨੂੰ ਕਿਵੇਂ ਪ੍ਰਭਾਵਿਤ ਕਰੇਗੀ। ਜਿਨ੍ਹਾਂ ਨੂੰ ਪ੍ਰਭਾਵਿਤ ਕਰੇਗੀ, ਉਹ ਕੌਣ ਲੋਕ ਹਨ, ਉਨ੍ਹਾਂ ਦੀਆਂ ਪੱਤਰਕਾਰੀ ਤੋਂ ਕੀ ਉਮੀਦਾਂ ਹਨ। ਉਨ੍ਹਾਂ ਦੀਆਂ ਉਮੀਦਾਂ ਵਿਚ ਕਿਹੜੇ ਮੁੱਦੇ ਹਨ ਤੇ ਇਹ ਸਾਰੇ ਮੁੱਦੇ ਸਿਆਸੀ ਗਲੀਚਿਆਂ ਤੋਂ ਲੈਂ ਕੇ ਆਮ ਇਕ ਰਿਕਸ਼ਾ ਚਲਾਉਣ ਵਾਲੇ ਨਾਲ ਕਿੰਨਾ ਤੇ ਕਿਵੇਂ ਸੰਬਧ ਰੱਖਦੇ ਹਨ।

ਇਹ ਮੁੱਦੇ ਸਮਾਜ ਦੀ ਉਸਾਰੀ ਲਈ ਕਿਸੇ ਪੱਤਰਕਾਰ ਲਈ ਓਨੇ ਹੀ ਜਰੂਰੀ ਹਨ, ਜਿੰਨਾ ਭੁੱਖੇ ਪੇਟ ਲਈ ਜਿਊਂਦਾ ਰੱਖਣ ਲਈ ਦੋ ਵੇਲੇ ਦੀ ਰੋਟੀ। ਪਰ ਇਹ ਬੜੀ ਚਿੰਤਾ ਵਾਲੀ ਗੱਲ ਹੈ ਕਿ ਪੱਤਰਕਾਰੀ ਮੁੱਦਿਆਂ ਨੂੰ ਦੁੱਧ ਉਪਰੋਂ ਮਲਾਈ ਵਾਂਗ ਹੱਥ ਲਗਾਉਂਦੀ ਹੈ ਤੇ ਬਾਕੀ ਦਾ ਸਾਰਾ ਕੁੱਝ ਭੁੱਲਦੀ ਜਾ ਰਹੀ ਹੈ। ਮੁੱਦਾ ਇਸੇ ਲਈ ਬਰਕਰਾਰ ਰਹਿੰਦਾ ਹੈ, ਕਿਉਂ ਕਿ ਅਸੀਂ ਉਸਦੀਆਂ ਜੜ੍ਹਾਂ ਤੱਕ ਨਹੀਂ ਪਹੁੰਚਦੇ, ਉਸਦੇ ਹੱਲ ਲਈ ਲੰਬੀ ਪਹਿਲਕਦਮੀ ਨਹੀਂ ਕਰਦੇ ਤੇ ਸਿਆਸੀ ਦਾਅ ਪੇਂਚ ਨਹੀਂ ਸਮਝੇ। ਪੰਜਾਬ ਦੇ ਮੁੱਦਿਆਂ ਦੀ ਗੱਲ ਕਰੀਏ ਤਾਂ ਉਹ ਸਿਆਸੀ ਪ੍ਰੈਸ ਕਾਨਫਰੰਸਾਂ ਵਿਚ ਜਿਆਦਾ ਵਿਚਾਰੇ ਜਾਂਦੇ ਹਨ। ਧਰਾਤਲ ਉੱਤੇ ਉਹ ਫਾਇਲਾਂ ਵਿਚ ਬੰਦ ਹਨ। ਪੱਤਰਕਾਰ ਕਿਸੇ ਅਹਿਮ ਮੁੱਦੇ ਦੇ ਪਿੱਛੇ ਪੈਣ ਦੀ ਕਲਾ ਭੁੱਲਦਾ ਜਾ ਰਿਹਾ ਹੈ ਤੇ ਉਹ ਕਿਸੇ ਸਿਆਸੀ ਦਬਾਅ ਜਾਂ ਸਿਆਸੀ ਸਬੰਧਾਂ ਨਾਲ ਰਲਗੱਡ ਹੋ ਰਿਹਾ ਹੈ।

ਪੱਤਰਕਾਰੀ ‘ਚ ਆਪਣੀ WHY ਕ੍ਰੀਏਟ ਕਰੋ
ਨਿਊਜ਼ ਰੂਮ ਵਿਚ ਇਕ ਆਮ ਸਵਾਲ ਕੀਤਾ ਜਾਂਦਾ ਹੈ ਕਿ ਤੁਸੀਂ ਇਸ ਪੇਸ਼ੇ ਵਿੱਚ ਕਿਵੇਂ ਆਏ। 80 ਫੀਸਦ ਜਵਾਬ ਹੁੰਦੇ ਹਨ ਕਿ ਇਸ ਪਾਸੇ ਐਕਸੀਡੈਂਟਲ ਐਂਟਰੀ ਹੈ। ਵਿਚ ਵਿਚਾਲੇ ਕਈ ਇਸ ਪੇਸ਼ੇ ਦੇ ਨਾਲ ਨਾਲ ਪੱਤਰਕਾਰੀ ਦੀ ਪੜ੍ਹਾਈ ਪੂਰੀ ਕਰਦੇ ਹਨ ਤੇ ਕਈ ਆਪਣੇ ਰਸੂਖ ਨਾਲ ਇਸ ਕਿੱਤੇ ਵਿਚ ਵਧਦੇ ਫੁਲਦੇ ਹਨ। ਕੋਈ ਕਿਵੇਂ ਵੀ ਇਸ ਪੇਸ਼ੇ ਵਿਚ ਆਇਆ ਹੋਵੇ, ਜਦੋਂ ਤੱਕ ਉਸਨੂੰ ਆਪਣੀ WHY ਨਹੀਂ ਪਤਾ, ਉਦੋਂ ਤੱਕ ਉਹ ਇਸ ਕਿਤੇ ਵਿੱਚ ਕੋਈ ਮਾਰਕਾ ਨਹੀਂ ਮਾਰ ਸਕਦਾ। ਵਾਰ ਵਾਰ ਅਸੀਂ ਕਿੱਤਾ ਸ਼ਬਦ ਵਰਤ ਰਹੇ ਹਾਂ। ਹਾਲਾਂਕਿ ਸੱਚਾਈ ਇਹ ਹੈ ਕਿ ਨਾ ਇਹ ਪੇਸ਼ਾ ਹੋ ਸਕਦਾ ਹੈ ਤੇ ਨਾ ਕੋਈ ਕਿੱਤਾ, ਇਹ ਨਿਰਪੱਖ ਜਿੰਮੇਦਾਰੀ ਤੇ ਸਭ ਤੋਂ ਜ਼ਰੂਰੀ ਫਰਜ ਹੈ ਜੋ ਪੂਰਾ ਹੋਣ ਦੀ ਸਮਾਜ ਸਾਡੇ ਤੋਂ ਉਮੀਦ ਰੱਖਦਾ ਹੈ।

ਪੱਤਰਕਾਰੀ ਸਿਆਸੀ ਗੱਲ ਜਰੂਰ ਕਰਦੀ ਹੈ, ਪਰ ਕਿਸੇ ਸਿਆਸੀ ਲੀਡਰ ਦੀ ਹੀ ਗੱਲ ਨਹੀਂ ਕਰਦੀ ਹੈ। ਇਹ ਕੋਈ ਨਿੱਜੀ ਹਿੱਤਾਂ ਦੀ ਪੂਰਤੀ ਕਰਨ ਦਾ ਸਾਧਨ ਨਹੀਂ ਹੈ, ਜਿਸਨੂੰ ਆਪਣੇ ਤਰੀਕੇ ਨਾਲ ਜਦੋਂ ਜੀ ਚਾਹਵੇ, ਜਿਵੇਂ ਠੀਕ ਲੱਗੇ ਵਰਤਿਆ ਜਾਵੇ। ਇਹ ਕੋਈ ਗਲੈਮਰ ਨਹੀਂ ਹੈ, ਜਿਹੜਾ ਤੁਹਾਡਾ ਚਿਹਰਾ ਮੁਹਰਾ ਦਿਖਾਉਣ ਤੱਕ ਸੀਮਤ ਹੈ।

ਪੱਤਰਕਾਰੀ ਦੀ ਆਪਣੀ ਮੌਲਿਕ ਜ਼ਬਾਨ ਹੈ, ਮੌਲਿਕ ਰਸੂਖ ਹੈ, ਮੌਲਿਕ ਵਿਚਾਰਧਾਰਾ ਤੇ ਪ੍ਰਗਟਾਵੇ ਦਾ ਮੌਲਿਕ ਰੂਪ ਹੈ। ਇਸ ਲਈ ਪੱਤਰਕਾਰ ਪਹਿਲਾਂ ਆਪਣਾ ਇਹ ਸਵਾਲ ਹੱਲ ਕਰੇ ਕਿ ਉਸਨੇ ਇਸ ਜਿੰਮੇਦਾਰੀ ਨੂੰ ਕਿਉਂ ਹੱਥ ਪਾਇਆ ਹੈ ਤੇ ਉਸਨੇ ਇਹ ਪੇਸ਼ਾ ਕਿਉਂ ਚੁਣਨਾ ਸੀ। ਪੱਤਰਕਾਰੀ ਨੂੰ ਕਿੱਤਾ ਬਣਾਉਣ ਤੋਂ ਬਿਹਤਰ ਹੈ ਕਿ ਫਲ ਫਰੂਟ ਵੇਚ ਲਏ ਜਾਣ, ਕਿਉਂ ਕਿ ਪੱਤਰਕਾਰੀ ਦਾ ਵੇਚਣ ਖਰੀਦਣ ਨਾਲ ਕੋਈ ਲੈਣ ਦੇਣ ਨਹੀਂ ਹੈ।

ਬਾਜ਼ਾਰ ਤੋਂ ਦੂਰ ਰਹੇ ਪ੍ਰੈੱਸ
ਇਹ ਇਲਜ਼ਾਮ ਅਕਸਰ ਲੱਗਦੇ ਰਹੇ ਹਨ ਕਿ ਪੱਤਰਕਾਰੀ ਵਿਕ ਗਈ ਹੈ ਜਾਂ ਕਿਤੇ ਵਿਕੀ ਹੈ। ਇਸ ਵਿਚ ਦੋ ਰਾਇ ਹੈ ਵੀ ਨਹੀਂ ਕਿ ਪੱਤਰਕਾਰੀ ਵਿਚ ਕੁੱਝ ਕਾਰੋਬਾਰੀ ਦਿਮਾਗ ਦਾਖਿਲ ਹੋ ਚੁੱਕੇ ਹਨ ਜਾਂ ਕੁੱਝ ਲੋਕਾਂ ਨੂੰ ਲੱਗਦਾ ਹੈ ਕਿ ਲੋਕਾਂ ਦੇ ਵਿਸ਼ਵਾਸ ਉੱਤੇ ਤੁਰਦਾ ਇਹ ਪੇਸ਼ਾ ਖਰੀਦਿਆ ਵੇਚਿਆ ਜਾ ਸਕਦਾ ਹੈ। ਪਰ ਸਵਾਲ ਉਨ੍ਹਾਂ ਲਈ ਹੀ ਹੈ, ਜਿਹੜੇ ਇਸ ਪੇਸ਼ੇ ਪ੍ਰਤੀ ਇਮਾਨਦਾਰ ਸੋਚ ਲੈ ਕੇ ਤੁਰੇ ਹਨ ਜਾਂ ਜਿਹੜੇ ਤੁਰਨ ਲਈ ਤਿਆਰ ਹਨ। ਦੂਜੇ ਬੰਨੇ ਸਵਾਲ ਇਹ ਵੀ ਹੈ ਕਿ ਪ੍ਰੈਸ ਨੂੰ ਬਾਜਾਰ ਤੋਂ ਦੂਰ ਰੱਖਣ ਲਈ ਅਜਿਹੇ ਮੌਕੇ ਨਾ ਆਉਣ ਦਿਤੇ ਜਾਣ ਕਿ ਪ੍ਰੈਸ ਆਪਣੇ ਆਖਰੀ ਦਿਨ ਗਿਣਨ ਲਈ ਮਜਬੂਰ ਹੋ ਜਾਵੇ। ਪ੍ਰੈਸ ਸਿੱਧੇ ਰੂਪ ਵਿਚ ਲੋਕਾਂ ਦੇ ਸਾਥ ਨਾਲ ਚੱਲਦੀ ਹੈ। ਮੀਡੀਆ ਦੇ ਖਰਚਿਆਂ ਦੀ ਲੰਬੀ ਫੇਹਰਿਸਤ ਹੈ।

ਮੀਡੀਆ ਦੇ ਮੁਲਾਜ਼ਮਾਂ ਦੇ ਦਿਮਾਗ ਦਾ ਇਕ ਵੱਡਾ ਖਰਚ ਹੈ, ਜਿਹੜਾ ਸਮਾਜ ਦੇ ਸਾਥ ਨਾਲ ਪੂਰਾ ਹੋ ਸਕਦਾ ਹੈ। ਇਸ ਲਈ ਇਹ ਸਾਡਾ ਫਰਜ ਹੈ ਕਿ ਘੱਟੋ ਘੱਟ ਮੀਡੀਆ ਨੂੰ ਕਿਸੇ ਬਾਜਾਰ ਵਿਚ ਵਿਕਣ ਦੇ ਮੌਕਿਆ ਤੋਂ ਦੂਰ ਰੱਖਿਆ ਜਾਵੇ ਤੇ ਨਿਰਪੱਖ ਮੀਡੀਆ ਦੀ ਪਛਾਣ ਕਰਕੇ ਅਸੀਂ ਲੋਕ ਵੀ ਉਨ੍ਹਾਂ ਦੇ ਨਾਲ ਰਹੀਏ ਤਾਂ ਜੋ ਉਹ ਵਿਚਾਰਾਂ ਦਾ ਪ੍ਰਗਟਾਵਾ ਨਿਡਰ ਹੋ ਕੇ ਕਰ ਸਕਣ। ਸਟੀਕ ਤੇ ਸਹੀ ਜਾਣਕਾਰੀ ਮੀਡੀਆ ਉੱਦੋਂ ਹੀ ਦਿੰਦਾ ਹੈ, ਜਦੋਂ ਤੱਕ ਉਹ ਕਿਸੇ ਸਿਆਸੀ ਜਾਂ ਰਾਜਸੀ ਦਬਾਅ ਤੋਂ ਨਿਰਲੇਪ ਹੋਵੇ, ਤੇ ਇਨ੍ਹਾਂ ਤੋਂ ਨਿਰਲੇਪ ਰਹਿਣਾ ਇਕ ਪੱਤਰਕਾਰ ਦੀ ਆਤਮਿਕ ਚੁਣੌਤੀ ਵੀ ਹੈ।

ਸਿਆਸੀ ਰਸਾਲਿਆਂ ਦੀਆਂ ਸੂਚਨਾਵਾਂ ਤੇ ਸਮਾਜ
ਬਹੁਤ ਸਾਰੇ ਸਿਆਸੀ ਰਸਾਲੇ., ਚੈਨਲ, ਅਖਬਾਰਾਂ ਵੀ ਨਿਕਲਦੀਆਂ ਹਨ, ਜਿਨ੍ਹਾਂ ਦਾ ਸਿੱਧੇ ਰੂਪ ਵਿਚ ਲੋਕਾਂ ਨੂੰ ਪਤਾ ਨਹੀਂ ਚੱਲਦਾ। ਸਿਆਸੀ ਹਿਤ ਪੂਰਦੇ ਇਹ ਸਾਧਨ ਸਮਾਜ ਦਾ ਕੋਈ ਭਲਾ ਨਹੀਂ ਕਰਦੇ ਸਗੋਂ ਸਿਆਸੀ ਗਲੀਆਂ ਦਾ ਹੀ ਹਾਲ ਚਾਲ ਦੱਸਦੇ ਹਨ। ਇਨ੍ਹਾਂ ਦਾ ਲੋਕਾਂ ਨੂੰ ਕਿਵੇਂ ਪਤਾ ਚੱਲੇ, ਜੇ ਇਨ੍ਹਾਂ ਦਾ ਲੋਕਾਂ ਨੂੰ ਪਤਾ ਵੀ ਹੈ ਤਾਂ ਇਨ੍ਹਾਂ ਦੇ ਅਸਲ ਮੰਤਵ ਤੋਂ ਲੋਕ ਕਿਵੇਂ ਜਾਣੂੰ ਹੋਣ, ਇਸ ਸਾਰੇ ਨੂੰ ਦੱਸਣ ਲਈ ਅਸਲ ਪੱਤਰਕਾਰੀ ਅਹਿਮ ਰੋਲ ਅਦਾ ਕਰ ਸਕਦੀ ਹੈ। ਦੂਜੇ ਪਾਸੇ ਲੁਕੀ ਹੋਈ ਇਹ ਗੱਲ ਵੀ ਹੈ ਕਿ ਕੁਝ ਸਥਾਪਿਤ ਅਦਾਰੇ ਵੀ ਸਿਆਸੀ ਤੂਤੀਆਂ ਵਜਾਉਂਦੇ ਹਨ, ਉਨ੍ਹਾਂ ਦੇ ਆਪਣੇ ਕਾਰੋਬਾਰੀ ਹਿੱਤ ਹਨ, ਜਾਂ ਉਨ੍ਹਾਂ ਦੀਆਂ ਸਿਖਰਲੀਆਂ ਸੀਟਾਂ ਉੱਤੇ ਬੈਠੇ ਲੋਕ ਸਿਆਸੀ ਹਨ ਜਾਂ ਸਿਆਸੀ ਲੋਕਾਂ ਦੇ ਨੇੜਲੇ ਹਨ। ਇਥੇ ਸਾਡਾ ਵਿਵੇਕ ਕੰਮ ਆਉਂਦਾ ਹੈ ਕਿ ਅਸੀਂ ਇਸ ਤੋਂ ਕੰਮ ਲਈਏ, ਇਸ ਸਾਰੀ ਖੇਡ ਨੂੰ ਸਮਝੀਏ, ਪੀਲੀ ਪੱਤਰਕਾਰੀ ਦਾ ਰੰਗ ਪਛਾਣੀਏ ਤੇ ਤੈਅ ਕਰੀਏ ਕਿ ਅਸੀਂ ਲੋਕਾਂ ਨੂੰ ਕੋਈ ਜਾਣਕਾਰੀ ਦੇਣ ਲਈ ਕਿੰਨੇ ਸੱਚੇ ਤੇ ਪੱਕੇ ਹਾਂ।

ਰੈਂਕਿੰਗ ਵਿਚ ਕਿੱਥੇ ਖੜ੍ਹੀ ਹੈ ਭਾਰਤੀ ਮੀਡੀਆ
ਪ੍ਰਥਮ ਪ੍ਰੈੱਸ ਕਮਿਸ਼ਨ ਨੇ ਭਾਰਤ ਵਿਚ ਪ੍ਰੈਸ ਦੀ ਰੱਖਿਆ ਕਰਨ ਕੇ ਪੱਤਰਕਾਰੀ ਵਿਚ ਉੱਚ ਅਦਰਸ਼ ਸਥਾਪਿਤ ਕਰਨ ਲਈ ਪ੍ਰੈੱਸ ਪਰਿਸ਼ਦ ਦੀ ਕਲਪਨਾ ਕੀਤੀ ਸੀ। ਇਸਦੇ ਨਤੀਜੇ ਵਜੋਂ ਭਾਰਤ ਵਿਚ 4 ਜੁਲਾਈ 1966 ਨੂੰ ਪ੍ਰੈੱਸ ਪਰਿਸ਼ਦ ਹੋਂਦ ਵਿਚ ਆਈ, ਜਿਸਨੇ 16 ਨਵੰਬਰ 1966 ਤੋਂ ਆਪਣਾ ਕੰਮਕਾਜ ਸ਼ੁਰੂ ਕੀਤਾ। ਰੈਕਿੰਗ ਦੀ ਗੱਲ ਕਰੀਏ ਤਾਂ ਫਰਾਂਸੀਸੀ ਐਨਜੀਓ ਰਿਪੋਰਟਰਜ਼ ਵਿਦਾਊਟ ਬਾਰਡਰਜ਼ (ਆਰਐਸਐਫ) ਨੇ ਸਾਲ 2021 ਵਿੱਚ ਰਿਪੋਰਟ ਦਿਤੀ ਹੈ, ਜਿਸ ਵਿਚ ਪ੍ਰੈੱਸ ਦੀ ਆਜ਼ਾਦੀ ਦੇ ਲਿਹਾਜ ਨਾਲ ਭਾਰਤ ਨੂੰ 180 ਦੇਸ਼ਾਂ ਵਿੱਚੋਂ 142ਵੇਂ ਸਥਾਨ ‘ਤੇ ਰੱਖਿਆ ਗਿਆ ਹੈ।

2016 ਵਿੱਚ, ਭਾਰਤ ਦਾ ਰੈਂਕ 133ਵਾਂ ਸੀ ਜੋ 2020 ਵਿੱਚ ਲਗਾਤਾਰ ਹੇਠਾਂ ਹੁੰਦਾ ਗਿਆ ਤੇ 142ਵੇਂ ਸਥਾਨ ਤੱਕ ਅੱਪੜ ਗਿਆ। ਆਰਐਸਐਫ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਆਪਣਾ ਕੰਮ ਸਹੀ ਢੰਗ ਨਾਲ ਕਰਨ ਦੀ ਕੋਸ਼ਿਸ਼ ਕਰ ਰਹੇ ਪੱਤਰਕਾਰਾਂ ਲਈ ਦੁਨੀਆ ਦੇ ਸਭ ਤੋਂ ਖਤਰਨਾਕ ਦੇਸ਼ਾਂ ਵਿੱਚੋਂ ਇੱਕ ਹੈ। ਉਹਨਾਂ ਨੂੰ ਹਰ ਕਿਸਮ ਦੇ ਹਮਲੇ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਵਿੱਚ ਪੱਤਰਕਾਰਾਂ ਵਿਰੁੱਧ ਪੁਲਿਸ ਹਿੰਸਾ, ਰਾਜਨੀਤਿਕ ਕਾਰਕੁਨਾਂ ਦੁਆਰਾ ਹਮਲੇ ਅਤੇ ਅਪਰਾਧਿਕ ਸਮੂਹਾਂ ਜਾਂ ਭ੍ਰਿਸ਼ਟ ਸਥਾਨਕ ਅਧਿਕਾਰੀਆਂ ਦੁਆਰਾ ਉਕਸਾਏ ਗਏ ਬਦਲੇ ਵੀ ਸ਼ਾਮਲ ਹਨ।

ਅਜਿਹੇ ਪ੍ਰਤੀਕੂਲ ਮੁਲਾਂਕਣ ਦੇ ਡਰ ਤੋਂ ਪਿਛਲੇ ਸਾਲ ਫਰਵਰੀ ‘ਚ, ਕੈਬਨਿਟ ਸਕੱਤਰ ਰਾਜੀਵ ਗਾਬਾ ਦੇ ਨਿਰਦੇਸ਼ਾਂ ‘ਤੇ, 32 ਅੰਤਰਰਾਸ਼ਟਰੀ ਸੂਚਕਾਂਕਾਂ ‘ਤੇ ਸਥਿਤੀ ਨੂੰ ਸੁਧਾਰਨ ਦੇ ਤਰੀਕੇ ਲੱਭਣ ਲਈ 18 ਮੰਤਰਾਲਿਆਂ ਵਿੱਚ ਸੂਚਕਾਂਕ ਨਿਗਰਾਨੀ ਸੈੱਲ ਬਣਾਇਆ ਗਿਆ। ਇਕੱਲੇ ਭਾਰਤ ਦੇ ਇਹ ਮਾੜੇ ਹਾਲਾਤ ਨਹੀਂ ਹਨ, ਇਸੇ ਸੂਚੀ ਵਿਚ ਇਰਾਕ 163ਵੇਂ, ਸਾਊਦੀ ਅਰਬ 170ਵੇਂ, ਸੀਰੀਆ 173ਵੇਂ, ਚੀਨ 177ਵੇਂ, ਨਾਰਥ ਕੋਰੀਆ ਸਭ ਤੋਂ ਹੇਠਲੇ ਦੇਸ਼ ਤੋਂ ਸਿਰਫ ਇਕ ਅੰਕ ਉੱਪਰ 179ਵੇਂ ਸਥਾਨ ਉੱਤੇ ਹੈ।

ਵੈੱਬ ਮੀਡੀਆ, ਚੈਨਲਾਂ ਤੇ ਅਖਬਾਰੀ ਪੱਤਰਕਾਰੀ ਦਾ ਭਵਿੱਖ


ਸੂਚਨਾਵਾਂ ਦਾ ਪੱਤਰਕਾਰੀ ਨਾਲ ਸਿੱਧਾ ਸਬੰਧ ਹੈ। ਫਿਰ ਪੱਤਰਕਾਰ ਚਾਹੇ ਕਿਸੇ ਚੈਨਲ ਦਾ ਹੋਵੇ ਜਾਂ ਅਖਬਾਰ ਦਾ। ਸੂਚਨਾ ਦੀ ਪੁਣਛਾਣ, ਪ੍ਰਮਾਣਕਤਾ ਤੇ ਉਸਦੀ ਸਟੀਕਤਾ ਨੂੰ ਜਾਂਚਣਾ ਉਸਦਾ ਪਹਿਲਾ ਧਰਮ ਹੈ। ਸੋਸ਼ਲ ਮੀਡੀਆ ਨੇ ਪੱਤਰਕਾਰੀ ਦਾ ਰੂਪ ਧਾਰਣ ਕਰਨ ਦੀ ਪੂਰੀ ਵਾਹਪੇਸ਼ ਲਾਈ ਹੋਈ ਹੈ। ਪਰ ਸਾਨੂੰ ਇਹ ਸਮਝਣਾ ਪਵੇਗਾ ਕਿ ਪੱਤਰਾਕਰੀ ਤੋਂ ਸੋਸ਼ਲ ਮੀਡੀਆ ਦੀ ਜਾਣਕਾਰੀ ਵਿਚ ਵੱਡਾ ਫਰਕ ਹੈ।

ਪ੍ਰੈੱਸ ਤੋਂ ਮਿਲੀ ਸਹੀ ਜਾਣਕਾਰੀ ਸਾਡਾ ਭਲਾ ਕਰ ਸਕਦੀ ਹੈ ਤੇ ਸੋਸ਼ਲ ਮੀਡੀਆ ਉੱਤੇ ਖਬਰਾਂ ਦੇ ਰੂਪ ਵਿਚ ਉਡਦੀ ਕੱਚੀ ਪੱਕੀ, ਅੱਧ ਅਧੂਰੀ ਤੇ ਬੇਸਿਰ ਪੈਰ ਦੀ ਜਾਣਕਾਰੀ ਸਾਨੂੰ ਉਲਝਾ ਕੇ ਵੀ ਰੱਖ ਸਕਦੀ ਹੈ ਤੇ ਸਾਡਾ ਮਾਨਸਿਕ ਪੱਧਰ ਦਾ ਨੁਕਸਾਨ ਵੀ ਕਰ ਸਕਦੀ ਹੈ। ਮੁਬਾਇਲ ਹੁਣ ਸਿਰਫ ਫੋਨ ਕਰਨ ਸੁਣਨ ਲਈ ਹੀ ਨਹੀਂ ਵਰਤੇ ਜਾਂਦੇ, ਇਸ ਨਾਲ ਫੋਟੋਆਂ ਖਿੱਚ ਹੁੰਦੀਆਂ ਹਨ, ਇੰਟਰਨੈਟ ਵਰਤ ਹੁੰਦਾ ਹੈ, ਸੋਸ਼ਲ ਸਾਇਟਾਂ ਚੱਲਦੀਆਂ ਹਨ ਤੇ ਠੀਕ ਇਸੇ ਤਰ੍ਹਾਂ ਪੱਤਰਕਾਰੀ ਹੁਣ ਸਿਰਫ ਜਾਣਕਾਰੀ ਦਾ ਸਾਧਨ ਹੀ ਨਹੀਂ ਹੈ।

ਜਾਣਕਾਰੀ ਨੂੰ ਹੋਰ ਰੂਪਾਂ ਵਿਚ ਘੜਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕੋਸ਼ਿਸ਼ਾਂ ਸਫਲ ਵੀ ਹੋ ਰਹੀਆਂ ਹਨ। ਇਸ ਸਾਰੇ ਕੁੱਝ ਨੂੰ ਆਪਣੀ ਸਾਣ ਉੱਤੇ, ਜਾਣਕਾਰੀਆਂ ਦੀ ਅਸਲ ਜੜ੍ਹ ਨੂੰ ਫੜ ਕੇ ਸੋਸ਼ਲ ਮੀਡੀਆ ਉੱਤੇ ਮਿਲੀ ਜਾਣਕਾਰੀ ਨੂੰ ਨਕਾਰਨ ਜਾਂ ਸਾਂਭਣ ਦਾ ਮਾਦਾ ਪੈਦਾ ਕਰਨ ਦੀ ਲੋੜ ਹੈ। ਉਦਾਹਰਣ ਵਜੋਂ ਅਸੀਂ ਕਿਸੇ ਵੀ ਨਵੇਂ ਸਿੰਗਰ, ਗੀਤਕਾਰ ਨੂੰ ਲੀਜੈਂਡ ਇਸੇ ਲਈ ਥਾਪ ਦਿੰਦੇ ਹਾਂ, ਕਿਉਂ ਕਿ ਸਾਨੂੰ ਗੀਤਕਾਰੀ, ਗਾਇਕੀ, ਸੁਰਾਂ ਦੀ ਕੋਰੀ ਜਾਣਕਾਰੀ ਹੈ। ਅਸੀਂ ਉਹ ਲੀਜੈਂਡ ਸੁਣੇ, ਪੜ੍ਹੇ ਹੀ ਨਹੀਂ ਹੁੰਦੇ ਜਿਹੜੇ ਸਾਡੇ ਲਈ ਲੀਜੈਂਡ ਹਨ। ਜਾਣਕਾਰੀ ਦੀ ਘਾਟ ਕਾਰਨ ਹੀ ਗਲਤ ਜਾਣਕਾਰੀ ਫੈਲਦੀ ਹੈ, ਇਹ ਬਹੁਤ ਬਰੀਕੀ ਨਾਲ ਸਮਝਣ ਦੀ ਲੋੜ ਹੈ। ਕਿਹੜਾ ਚੈਨਲ, ਅਖਬਾਰ ਸਹੀ ਜਾਣਕਾਰੀ ਫੈਲਾਉਂਦਾ ਜਾਂ ਫੈਲਾਉਂਦੀ ਹੈ, ਇਸਨੂੰ ਨਿਰੰਤਰ ਦੇਖਣ ਦੀ ਲੋੜ ਹੈ ਤਾਂ ਹੀ ਪੱਤਰਕਾਰ ਤੇ ਪੱਤਰਕਾਰੀ ਬਚੀ ਰਹਿ ਸਕਦੀ ਹੈ। ਤੇ ਵੇਲਾ ਇਹ ਵੀ ਆ ਗਿਆ ਹੈ ਕਿ ਲੋਕਤੰਤਰ ਦੇ ਇਸ ਚੌਥੇ ਪਾਵੇ ਨੂੰ ਕੋਈ ਸਿਆਸੀ, ਸਮਾਜਿਕ, ਆਰਥਿਕ ਤੇ ਮਨੋਵਿਗਿਆਨਕ ਘੁਣ ਤਾਂ ਨਹੀਂ ਲੱਗ ਰਿਹਾ….

ਖੈਰ…
ਪ੍ਰੈੱਸ ਡੇ ਦੀਆਂ ਅਸੀਂ ਵੀ ਆਪਣੇ ਕੁਣਬੇ ਦੇ ਸਾਰੇ ਕਿਰਤੀਆਂ, ਚਿੰਤਕਾਂ, ਬੁੱਧੀਜੀਵੀ ਪੱਤਰਕਾਰਾਂ ਤੇ ਇਸ ਕਿੱਤੇ ਨਾਲ ਆਪਣਾ-ਬਾਰ ਘਰ ਚਲਾ ਰਹੇ ਸਾਰਾ ਦਿਨ ਧੂੜ ਫੱਕਦੇ ਪੱਤਰਕਾਰ ਦੋਸਤਾਂ ਨੂੰ ਵਧਾਈ ਦਿੰਦੇ ਹਾਂ ਤੇ ਉਮੀਦ ਰੱਖਦੇ ਹਾਂ ਕਿ ਉਹ ਹਰ ਘੜੀ ਇਸ ਜਿੰਮੇਦਾਰੀ ਪ੍ਰਤੀ ਖਰਾ ਉਤਰਨ ਦੀ ਕੋਸ਼ਿਸ਼ ਕਰਦੇ ਰਹਿਣਗੇ। ਦੂਜੇ ਬੰਨੇ ਕੁੱਝ ਸਿਆਸੀ ਚਿਹਰਿਆਂ ਦੀਆਂ ਵੀ ਤੁਹਾਡੇ ਲਈ ਵਧਾਈਆਂ ਆਈਆਂ ਹਨ, ਉਹ ਵੀ ਸੁਣ ਲਵੋ…

1
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਕੂ ਐਪ ਉੱਤੇ ਟਵੀਟ ਕਰਕੇ ਲਿਖਿਆ ਹੈ ਕਿ ਲੋਕਤੰਤਰ ਦੇ ਚੌਥੇ ਸਤੰਭ ਦੀ ਨਿਰਪੱਖਤਾ, ਸੁਤੰਤਰਤਾ ਤੇ ਉੱਚ ਨੈਤਿਕ ਮਾਪਦੰਡਾਂ ਨੂੰ ਮੁੱਖ ਰੱਖਦਿਆਂ ਪੱਤਰਕਾਰ ਭਰਾਵਾਂ ਨੂੰ ਸ਼ੁੱਭਕਾਮਨਾਵਾਂ ਭੇਂਟ ਕਰਦਾ ਹਾਂ। ਕੌਮ ਦੇ ਵਿਕਾਸ ਲਈ ਤੁਹਾਡੇ ਸਾਰਿਆਂ ਦੀਆਂ ਕੋਸ਼ਿਸ਼ਾਂ ਨੂੰ ਕੋਟਨ ਕੋਟ ਨਮਨ।

https://www.kooapp.com/profile/myogiadityanath

2
ਇਸੇ ਸੋਸ਼ਲ ਮੀਡੀਆ ਐਪ ਉੱਤੇ ਆਪਣੀ ਵਧਾਈ ਦਿੰਦਿਆਂ ਲੋਕਸਭਾ ਦੇ ਪ੍ਰਧਾਨ ਓਮ ਬਿਰਲਾ ਨੇ ਕਿਹਾ ਹੈ ਕਿ ਦੇਸ਼ ਵਿਚ ਹਾਂਪੱਖੀ ਲੋਕਵਿਚਾਰ ਦੇ ਨਿਰਮਾਣ ਵਿਚ ਆਪਣੀ ਆਹਿਮ ਭੂਮਿਕਾ ਨਿਭਾ ਰਹੇ ਪੱਤਰਕਾਰਾਂ ਦਾ ਸਵਾਗਤ। ਪ੍ਰੈੱਸ ਨੇ ਲੋਕਤੰਤਰ ਦੇ ਮੁੱਲਾਂ ਨੂੰ ਮਜਬੂਤ ਕਰਨ ਦੇ ਨਾਲ ਸਰਕਾਰ ਤੇ ਆਮ ਲੋਕਾਂ ਵਿਚਾਵੇ ਵਿਸ਼ਵਾਸ ਦਾ ਪੁਲ ਬਣਾਉਣ ਦੀ ਭੂਮਿਕਾ ਨਿਭਾਈ ਹੈ। ਸਮੱਸਿਆਂਵਾਂ ਉਜਾਗਰ ਕਰਕੇ ਹੱਲ ਦਾ ਰਾਹ ਦੱਸਣ ਲਈ ਪ੍ਰੈੱਸ ਦਾ ਅਹਿਮ ਯੋਗਦਾਨ ਹੈ।

https://www.kooapp.com/profile/ombirlakota

3

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਟਵੀਟ ਕਰਕੇ ਮੀਡੀਆ ਦੇ ਸਾਰੇ ਪ੍ਰਤੀਨਿਧੀਆਂ ਨੂੰ ਸ਼ੁੱਭਕਾਮਨਾਵਾਂ ਭੇਂਟ ਕੀਤੀਆਂ ਹਨ। ਲੋਕਤੰਤਰ ਦੇ ਚੌਥੇ ਸਤੰਭ ਦੇ ਰੂਪ ਵਿੱਚ ਮੀਡੀਆ ਸਲਾਹੁਣਯੋਗ ਕੰਮ ਕਰ ਰਿਹਾ ਹੈ। ਸਾਨੂੰ ਵਿਸ਼ਵਾਸ ਹੈ ਕਿ ਮੀਡੀਆ ਇਸੇ ਤਰ੍ਹਾਂ ਸਮਾਜ ਦੇ ਹਿੱਤਾਂ ਦੀਆਂ ਖਬਰਾਂ ਪ੍ਰਕਾਸ਼ਿਤ ਕਰਨ ਸਣੇ ਸਰਕਾਰ ਤੇ ਜਨਤਾ ਦੇ ਵਿਚਾਲੇ ਪੁਲ ਦੇ ਰੂਪ ਵਿਚ ਕੰਮ ਕਰੇਗਾ।

https://www.kooapp.com/profile/jairamthakurbjp