India International Punjab

ਕਰਤਾਰਪੁਰ ਲਾਂਘੇ ਨੂੰ ਲੈ ਕੇ ਹਰਜੀਤ ਗਰੇਵਾਲ ਦਾ ਵੱਡਾ ਦਾਅਵਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਜੇਪੀ ਲੀਡਰ ਹਰਜੀਤ ਸਿੰਘ ਗਰੇਵਾਲ ਨੇ 18 ਨਵੰਬਰ ਨੂੰ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਦਾ ਦਾਅਵਾ ਕੀਤਾ ਹੈ। ਗਰੇਵਾਲ ਨੇ ਕਿਹਾ ਕਿ 18 ਨਵੰਬਰ ਨੂੰ ਢਾਈ ਸੌ ਲੋਕਾਂ ਦਾ ਪਹਿਲਾ ਜਥਾ ਜਾਵੇਗਾ। ਉਸ ਤੋਂ ਬਾਅਦ ਲਗਾਤਾਰ ਸ਼ਰਧਾਲੂ ਦਰਸ਼ਨਾਂ ਲਈ ਜਾਣਗੇ। ਬਾਅਦ ਵਿੱਚ ਸਰਕਾਰ ਵੱਲੋਂ ਸ਼ਰਧਾਲੂਆਂ ਦੀ ਗਿਣਤੀ ਵਧਾਈ ਜਾਂ ਘਟਾਈ ਜਾ ਸਕਦੀ ਹੈ। ਪਾਕਿਸਤਾਨ ਜਾਣ ਵਾਲੇ ਪਹਿਲੇ ਜਥੇ ਨਾਲ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਮੌਜੂਦ ਰਹਿਣਗੇ। ਉਹ ਹੀ ਸਾਰਾ ਪ੍ਰਬੰਧ ਵੇਖ ਰਹੇ ਹਨ। ਸਰਕਾਰ ਵੱਲੋਂ ਕੱਲ਼੍ਹ 11 ਵਜੇ ਲਿਖਤੀ ਤੌਰ ‘ਤੇ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਜਾਵੇਗਾ।

ਗਰੇਵਾਲ ਨੇ ਕਿਹਾ ਕਿ ਕੱਲ੍ਹ ਗ੍ਰਹਿ ਮੰਤਰੀ ਨੇ ਸਾਡੇ ਵਫ਼ਦ ਨੂੰ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਭਰੋਸਾ ਦਿੱਤਾ ਹੈ ਅਤੇ ਉਸ ਤੋਂ ਬਾਅਦ ਸਰਕਾਰ ਨੇ ਫੈਸਲਾ ਵੀ ਲੈ ਲਿਆ। ਸਰਕਾਰ ਫੈਸਲਾ ਲੈਣ ਵਿੱਚ ਬਹੁਤ ਸੁਹਿਰਦ ਸੀ। ਹੁਣ ਜਦੋਂ ਮਹਾਂਮਾਰੀ ਤੋਂ ਸੁਰੱਖਿਅਤ ਹੋ ਗਏ ਹਾਂ ਤਾਂ ਫਿਰ ਲਾਂਘਾ ਤਾਂ ਖੁੱਲ੍ਹਣਾ ਹੀ ਸੀ। ਇਹ ਤਾਂ ਸਰਕਾਰ ਦਾ ਪਹਿਲਾ ਫਰਜ਼ ਸੀ। ਰਾਜਨੀਤਿਕ ਲੋਕ ਤਾਂ ਐਂਵੇ ਹੀ ਇਸ ਮੁੱਦੇ ‘ਤੇ ਸਿਆਸਤ ਕਰਦੇ ਰਹੇ ਹਨ।

ਤੁਹਾਨੂੰ ਦੱਸ ਦਈਏ ਕਿ ਕੱਲ੍ਹ ਪੰਜਾਬ ਬੀਜੇਪੀ ਲੀਡਰਾਂ ਦੇ ਵਫ਼ਦ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਨਾਲ ਮੁਲਾਕਾਤ ਕੀਤੀ ਸੀ ਅਤੇ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੀਟਿੰਗ ਕੀਤੀ ਸੀ। ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਬੀਜੇਪੀ ਵਫ਼ਦ ਨੂੰ ਕਰਤਾਰਪੁਰ ਲਾਂਘਾ ਜਲਦ ਖੋਲ੍ਹਣ ਦਾ ਭੋਰਸਾ ਦਿੱਤਾ ਸੀ। ਦਰਅਸਲ, ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਨੂੰ ਲੈ ਕੇ ਪੰਜਾਬ ਦੇ ਸਿਆਸੀ ਲੀਡਰਾਂ ਵੱਲੋਂ ਆਪਣੀਆਂ ਸਿਆਸੀ ਰੋਟੀਆਂ ਸੇਕੀਆਂ ਗਈਆਂ। ਅਤੇ ਹੁਣ ਪੰਜਾਬ ਬੀਜੇਪੀ ਵੱਲ਼ੋਂ ਸੂਬੇ ਵਿੱਚ ਕਿਸਾਨੀ ਅੰਦੋਲਨ ਕਾਰਨ ਕਮਜ਼ੋਰ ਹੋਈ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਕਰਤਾਕਪੁਰ ਲਾਂਘਾ ਮੁੜ ਖੋਲ੍ਹਣ ਦੇ ਮੁੱਦੇ ਨੂੰ ਆਧਾਰ ਬਣਾਇਆ ਜਾ ਰਿਹਾ ਹੈ।

ਦਰਅਸਲ, 19 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ। ਇਸ ਮੌਕੇ ਪਾਕਿਸਤਾਨ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਬਹੁਤ ਹੀ ਸ਼ਰਧਾ ਅਤੇ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾਲੂਆਂ ਦਾ ਇੱਕ ਜਥਾ 17 ਨਵੰਬਰ ਨੂੰ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨਾਂ ਲਈ ਭੇਜਿਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੇ ਲਈ 14 ਅਤੇ 15 ਨਵੰਬਰ ਨੂੰ ਦੋ ਦਿਨਾ ਕੋਰੋਨਾ ਕੈਂਪ ਵੀ ਲਗਾਇਆ ਗਿਆ ਸੀ ਕਿਉਂਕਿ ਪਾਕਿਸਤਾਨ ਜਾਣ ਲਈ ਕੋਰੋਨਾ ਨੈਗੇਟਿਵ ਰਿਪੋਰਟ ਲਾਜ਼ਮੀ ਕੀਤੀ ਗਈ ਹੈ।