Punjab

ਸ੍ਰੀ ਗੁਰੂ ਨਾਨਕ ਸਾਹਿਬ ਜੀ ਗੁਰਪੁਰਬ : ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਇਆ ਸੁਨੇਹਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਸਾਰ ਅੰਦਰ ਵੱਸਦੀ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 19 ਨਵੰਬਰ ਨੂੰ ‘ਸਰਬ ਸਾਂਝੀਵਾਲਤਾ ਦਿਵਸ’ ਦੇ ਰੂਪ ਵਿੱਚ ਮਨਾਉਣ ਦੀ ਅਪੀਲ ਕੀਤੀ ਹੈ। ਜਥੇਦਾਰ ਨੇ ਕਿਹਾ ਕਿ ਪ੍ਰਕਾਸ਼ ਪੁਰਬ ਵਾਲੇ ਦਿਨ ਹਰ ਸਿੱਖ ਆਪਣੇ ਘਰਾਂ ਅਤੇ ਕਾਰੋਬਾਰੀ ਸਥਾਨਾਂ ‘ਤੇ ਦੀਵਿਆਂ, ਮੋਮਬੱਤੀਆਂ ਅਤੇ ਬਿਜਲੀ ਬਲਬਾਂ ਨਾਲ ਰੌਸ਼ਨੀ ਕਰੇ ਅਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਮਹਾਨ ਉਪਦੇਸ਼ਾਂ ਅਤੇ ਵਡਿਆਈਆਂ ਦਾ ਕੀਰਤੀਮਾਨ ਕੀਤਾ ਜਾਵੇ।

ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਨਾਮ ਦੀ ਬਰਕਤ ਨਾਲ ਸਾਰੇ ਜਗਤ ਨੂੰ ਅਗਿਆਨ ਦੇ ਹਨੇਰੇ ਵਿੱਚੋਂ ਕੱਢ ਕੇ ਰੱਬੀ ਗਿਆਨ ਨਾਲ ਰੁਸ਼ਨਾਇਆ ਅਤੇ ਵੱਖ-ਵੱਖ ਜਾਤਾਂ, ਫਿਰਕਿਆਂ, ਕਬੀਲਿਆਂ, ਨਸਲਾਂ ਆਦਿ ਦੇ ਰੂਪ ਵਿੱਚ ਬਿਖਰੇ ਸਮਾਜ ਨੂੰ ਨਫ਼ਰਤ ਤੋਂ ਰਹਿਤ, ਸਰਬ ਸਾਂਝੇ ਭਾਈਚਾਰੇ ਦੇ ਰੂਪ ਵਿੱਚ ਇਕੱਠੇ ਹੋਣ ਦਾ ਮਹਾਨ ਸੰਦੇਸ਼ ਦਿੱਤਾ।