India Punjab

ਕਰਤਾਰਪੁਰ ਲਾਂਘੇ ਸਹਾਰੇ ਬੀਜੇਪੀ ਪੰਜਾਬ ਦੀ ਸਿਆਸਤ ‘ਚ ਕਰ ਰਹੀ ਆਪਣਾ ਰਾਹ ਸੌਖਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨੀ ਅੰਦੋਲਨ ਕਰਕੇ ਬੀਜੇਪੀ ਦਾ ਅਕਸ ਕਾਫੀ ਖਰਾਬ ਹੋ ਗਿਆ ਹੈ, ਖ਼ਾਸ ਤੌਰ ‘ਤੇ ਪੰਜਾਬ ਵਿੱਚ ਲੋਕ ਬੀਜੇਪੀ ਨੂੰ ਪਸੰਦ ਨਹੀਂ ਕਰ ਰਹੇ। ਪਰ ਹੁਣ ਬੀਜੇਪੀ ਵੱਲੋਂ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਇੱਕ ਹੋਰ ਹੱਥਕੰਡਾ ਅਪਣਾਇਆ ਜਾ ਰਿਹਾ ਹੈ। ਬੀਜੇਪੀ ਵੱਲੋਂ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਦੀ ਮੰਗ ਨੂੰ ਉਠਾ ਕੇ ਪੰਜਾਬ ਦੀ ਸਿਆਸਤ ਵਿੱਚ ਆਪਣਾ ਰਾਹ ਸੁਖਾਲਾ ਬਣਾਇਆ ਜਾ ਰਿਹਾ ਹੈ।

ਪੰਜਾਬ ਭਾਜਪਾ ਦੇ ਲੀਡਰਾਂ ਦੇ ਇੱਕ ਵਫ਼ਦ ਨੇ ਕਰਤਾਰਪੁਰ ਲਾਂਘੇ ਨੂੰ ਮੁੜ ਖੋਲ੍ਹਮ ਦੀ ਮੰਗ ਨੂੰ ਲੈ ਕੇ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕੀਤੀ ਹੈ। ਵਫ਼ਦ ਵੱਲੋਂ ਰਾਸ਼ਟਰਪਤੀ ਨੂੰ ਕਰਤਾਰਪੁਰ ਲਾਂਘਾ ਜਲਦ ਖੋਲ੍ਹਣ ਲਈ ਮੰਗ ਪੱਤਰ ਸੌਂਪਿਆ ਗਿਆ। ਵਫ਼ਦ ਵਿੱਚ ਅਸ਼ਵਨੀ ਸ਼ਰਮਾ, ਹਰਜੀਤ ਗਰੇਵਾਲ ਅਤੇ ਦੁਸ਼ਿਯੰਤ ਗੌਤਮ ਸ਼ਾਮਿਲ ਸਨ। ਵਫ਼ਦ ਨੇ ਮੁਲਾਕਾਤ ਤੋਂ ਬਾਅਦ ਕਿਹਾ ਕਿ ਅਸੀਂ ਅਪੀਲ ਕੀਤੀ ਹੈ ਕਿ ਸੰਗਤ ਦੀਆਂ ਭਾਵਨਾਵਾਂ ਦਾ ਖਿਆਲ ਰੱਖਦਿਆਂ ਗੁਰਪੁਰਬ ਤੋਂ ਪਹਿਲਾਂ ਕਰਤਾਰਪੁਰ ਲਾਂਘਾ ਖੋਲ੍ਹਿਆ ਜਾਵੇ।

ਬੀਜੇਪੀ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਲਈ, ਪੰਜਾਬੀਆਂ ਲਈ ਬਹੁਤ ਕੰਮ ਕੀਤਾ ਹੈ। ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਸਾਰੇ ਦੇਸ਼ ਦਾ ਟੀਕਾਕਰਣ ਕੀਤਾ ਹੈ। ਅੱਜ ਅਸੀਂ ਮੁੜ ਲਾਂਘਾ ਖੋਲ੍ਹਣ ਦੀ ਅਪੀਲ ਕੀਤੀ ਹੈ। ਮੈਨੂੰ ਲੱਗਦਾ ਹੈ ਕਿ ਜਲਦੀ ਹੀ ਸਰਕਾਰ ਲਾਂਘਾ ਖੋਲ੍ਹ ਸਕਦੀ ਹੈ।