India

ਮਹਾਂਰਾਸ਼ਟਰ ਹਿੰ ਸਾ ਮਾਮਲੇ ‘ਚ 35 ਲੋਕ ਗ੍ਰਿਫਤਾਰ

‘ਦ ਖ਼ਾਲਸ ਟੀਵੀ ਬਿਊਰੋ:-ਤ੍ਰਿਪੁਰਾ ਵਿੱਚ ਹੋਈ ਸੰਪ੍ਰਦਾਇਕ ਹਿੰ ਸਾ ਦੇ ਖਿਲਾਫ ਦੋ ਦਿਨ ਪਹਿਲਾਂ ਮਹਾਂਰਾਸ਼ਟਰ ਦੇ ਨਾਦੇੜ ਜਿਲ੍ਹੇ ਵਿੱਚ ਭੜਕੀ ਹਿੰ ਸਾ ਦੇ ਸਿਲਸਿਲੇ ਵਿਚ ਪੁਲਿਸ ਨੇ ਹੁਣ ਤੱਕ 35 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਫਿਲਹਾਲ ਨਾਦੇੜ ਵਿੱਚ ਸਾਂਤੀ ਹੈ। ਲੰਘੇ ਸ਼ੁੱਕਰਵਾਰ ਨੂੰ ਪੁਲਿਸ ਵੈਨ ਉੱਤੇ ਪੱਥਰਬਾਜ਼ੀ ਹੋਈ ਸੀ। ਇਸ ਵਿੱਚ ਦੋ ਪੁਲਿਸ ਵਾਲੇ ਵੀ ਜ਼ਖਮੀ ਹੋਏ ਸਨ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਇਹ ਹਿੰਸਾ ਸ਼ਹਿਰ ਦੇ ਵਜੀਰਾਬਾਦ ਇਲਾਕੇ ਤੇ ਦੇਗਲੁਰ ਨਾਕਾ ਵਿੱਚ ਹੋਈ ਸੀ। ਇਸ ਹਿੰਸਾ ‘ਚ ਕਰੀਬ ਇਕ ਲੱਖ ਰੁਪਏ ਦੇ ਨੁਕਸਾਨ ਦਾ ਅੰਦਾਜ਼ਾ ਹੈ।

ਦੱਸ ਦਈਏ ਕਿ ਸ਼ੁੱਕਰਵਾਰ ਨੂੰ ਮਹਾਂਰਾਸ਼ਟਰ ਦੇ ਕਈ ਸ਼ਹਿਰਾਂ ਵਿੱਚ ਤ੍ਰਿਪੁਰਾ ਵਿੱਚ ਹੋਈ ਕਥਿਤ ਸੰਪ੍ਰਦਾਇਕ ਹਿੰਸਾ ਦੇ ਵਿਰੋਧ ਵਿੱਚ ਕੁੱਝ ਮੁਸਲਿਮ ਸੰਗਠਨਾਂ ਨੇ ਰੈਲੀਆਂ ਕੱਢੀਆਂ ਸਨ ਅਤੇ ਅਮਰਾਵਤੀ, ਨਾਦੇੜ, ਮਾਲੇਗਾਂਵ (ਨਾਸਿਕ), ਵਾਸ਼ਿਮ, ਯਵਤਮਾਲ ਵਿੱਚ ਕਈ ਥਾਵਾਂ ਉੱਤੇ ਇਨ੍ਹਾਂ ਰੈਲੀਆਂ ਉੱਤੇ ਪੱਥਰਬਾਜ਼ੀ ਦੀਆਂ ਘਟਨਾਵਾਂ ਹੋਈਆਂ ਸਨ।

ਉੱਧਰ, ਅਮਰਾਵਤੀ ਦੀ ਹਿੰਸਾ ਨੂੰ ਲੈ ਕੇ ਚਾਰ ਦਿਨ ਦਾ ਕਰਫਿਊ ਤੇ ਇੰਟਰਨੈੱਟ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਸੂਬੇ ਦੇ ਗ੍ਰਹਿ ਮੰਤਰੀ ਦਿਲੀਪ ਵਾਲਸੇ ਪਾਟਿਲ ਨੇ ਇਸ ਮਾਮਲੇ ਉੱਤੇ ਪ੍ਰੈੱਸ ਕਾਨਫਰੰਸ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸਦੀ ਪੂਰੀ ਜਾਂਚ ਕੀਤੀ ਜਾਵੇਗੀ ਤੇ ਦੇਖਿਆ ਜਾਵੇਗਾ ਕਿ ਕਿੰਨਾ ਨੁਕਸਾਨ ਹੋਇਆ ਹੈ।