India International Punjab

ਕਰਤਾਰਪੁਰ ਲਾਂਘੇ ਬਾਰੇ PM ਮੋਦੀ ਨਾਲ ਹੋਈ ਬੈਠਕ ‘ਚ ਕੀ ਹੋਇਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤ ਅਤੇ ਪਾਕਿਸਤਾਨ ਨੇ ਅੱਜ ਤੋਂ ਪੂਰੇ ਦੋ ਸਾਲ ਪਹਿਲਾਂ 9 ਨਵੰਬਰ 2019 ਨੂੰ ਸਾਂਝੇ ਤੌਰ ‘ਤੇ ਇਤਿਹਾਸਕ ਕਦਮ ਚੁੱਕਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਈ ਲਾਂਘਾ ਖੋਲ੍ਹਿਆ ਸੀ। ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਆਪੋ-ਆਪਣੇ ਧਰਤੀ ‘ਤੇ ਖੜ ਕੇ ਲਾਂਘੇ ਦਾ ਉਦਘਾਟਨ ਕੀਤਾ ਸੀ ਜਿਹੜਾ ਕਿ ਕੌਮਾਂਤਰੀ ਪੱਧਰ ‘ਤੇ ਚਰਚਾ ਬਣਿਆ। 70 ਸਾਲਾਂ ਬਾਅਦ ਸ਼ਰਧਾਲੂਆਂ ਦੀ ਆਸ ਨੂੰ ਬੂਰ ਪਿਆ ਪਰ ਕੋਰੋਨਾ ਕਰਕੇ ਡੇਢ ਸਾਲ ਪਹਿਲਾਂ ਬੰਦ ਹੋਇਆ ਲਾਂਘਾ ਮੁੜ ਖੁੱਲ੍ਹਣ ਵਿੱਚ ਆ ਹੀ ਨਹੀਂ ਰਿਹਾ ਸਗੋਂ ਇਸ ‘ਤੇ ਮੁੜ ਤੋਂ ਸਿਆਸਤ ਹੋਣ ਲੱਗੀ ਹੈ। ਲਾਂਘਾ ਖੋਲ੍ਹਣ ਤੋਂ ਪਹਿਲਾਂ ਸ਼ਰਧਾਲੂ ਜਾਂ ਤਾਂ ਡੇਰਾ ਬਾਬਾ ਨਾਨਕ ਤੋਂ ਦੂਰਬੀਨ ਰਾਹੀਂ ਦਰਸ਼ਨ ਕਰਦੇ ਸਨ ਜਾਂ ਫਿਰ ਭਾਰਤ ਤੋਂ ਵਿਰਸਾਤ-ਏ-ਲਾਹੌਰ ਦਰਸ਼ਨਾਂ ਲਈ ਆਉਣਾ ਪੈਂਦਾ ਰਿਹਾ ਹੈ। ਪਰ ਅੱਜ ਫਿਰ ਸ਼ਰਧਾਲੂਆਂ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਦੀ ਉਮੀਦ ਜਾਗ ਪਈ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਤਾਰਪੁਰ ਲਾਂਘਾ ਜਲਦ ਖੋਲ੍ਹਣ ਦਾ ਭਰੋਸਾ ਦਿੱਤਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਅੱਜ ਪੰਜਾਬ ਦੇ ਭਾਜਪਾ ਆਗੂਆਂ ਦੇ ਇੱਕ ਵਫ਼ਦ ਨੇ ਮੁਲਾਕਾਤ ਕੀਤੀ ਹੈ। ਭਾਜਪਾ ਦੇ ਪੰਜਾਬ ਇੰਚਾਰਜ ਦੁਸ਼ਯੰਤ ਕੁਮਾਰ ਗੌਤਮ, ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ, ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ, ਹਰਜੀਤ ਸਿੰਘ ਗਰੇਵਾਲ, ਆਰ ਪੀ ਸਿੰਘ ਅਤੇ ਪਾਰਟੀ ਦੇ ਹੋਰ ਆਗੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ‘ਤੇ ਉਹਨਾਂ ਨੂੰ ਮਿਲਣ ਪਹੁੰਚੇ। ਪੀਐੱਮ ਮੋਦੀ ਨਾਲ ਮੀਟਿੰਗ ਤੋਂ ਬਾਅਦ ਭਾਜਪਾ ਆਗੂਆਂ ਨੇ ਦੱਸਿਆ ਕਿ ਕਰਤਾਰਪੁਰ ਲਾਂਘਾ 19 ਨਵੰਬਰ ਨੂੰ ਖੋਲ੍ਹਿਆ ਜਾ ਸਕਦਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਇਸ ‘ਤੇ ਜਲਦੀ ਹੀ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜੇ ਕਰੋਨਾ ਮਹਾਂਮਾਰੀ ਕਾਰਨ ਕਰਤਾਰਪੁਰ ਲਾਂਘਾ ਰੁਕਿਆ ਹੋਇਆ ਹੈ ਅਤੇ ਅਸੀਂ ਪ੍ਰਧਾਨ ਮੰਤਰੀ ਮੋਦੀ ਨੂੰ ਬੇਨਤੀ ਕੀਤੀ ਹੈ ਕਿ ਇਸ ਨੂੰ ਮੁੜ ਖੋਲ੍ਹਿਆ ਜਾਵੇ।

ਬੀਜੇਪੀ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਹਮੇਸ਼ਾ ਹੀ ਸਿੱਖ ਅਤੇ ਪੰਜਾਬੀ ਸਮਾਜ ਲਈ ਚੰਗੀਆਂ ਭਾਵਨਾਵਾਂ ਰੱਖੀਆਂ ਹਨ। ਜਦੋਂ ਤੋਂ ਸਰਕਾਰ ਬਣੀ ਹੈ, ਸਿੱਖ ਸਮਾਜ ਅਤੇ ਪੰਜਾਬੀ ਸਮਾਜ ਲਈ ਬਹੁਤ ਕੰਮ ਕੀਤਾ ਹੈ। ਜਿਵੇਂ ਕਿ ਦਰਬਾਰ ਸਾਹਿਬ ਦੇ ਆਲੇ ਦੁਆਲੇ ਸੁੰਦਰੀਕਰਨ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ਦੇ ਯਤਨਾਂ ਸਦਕਾ ਕਰਤਾਰਪੁਰ ਸਾਹਿਬ ਦਾ ਲੰਬਾ ਲਾਂਘਾ ਖੁੱਲ੍ਹਿਆ।