‘ਦ ਖ਼ਾਲਸ ਟੀਵੀ ਬਿਊਰੋ:- ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਦੀਆਂ ਪ੍ਰੀਖਿਆਵਾਂ 16 ਨਵੰਬਰ ਤੋਂ ਨਵੇਂ ਪੈਟਰਨ ਵਿੱਚ ਕਰਵਾਈਆਂ ਜਾਣਗੀਆਂ। ਇਸ ਵਿੱਚ 20 ਲੱਖ ਤੋਂ ਵੱਧ ਪ੍ਰੀਖਿਆਰਥੀ ਹਿੱਸਾ ਲੈਣਗੇ। ਜਾਣਕਾਰੀ ਮੁਤਾਬਿਕ 12ਵੀਂ ਜਮਾਤ ਦੀ ਪਹਿਲੀ ਟਰਮ ਦੀ ਪ੍ਰੀਖਿਆ 16 ਨਵੰਬਰ ਤੋਂ ਸ਼ੁਰੂ ਹੋਵੇਗੀ, ਜਦੋਂ ਕਿ 10ਵੀਂ ਜਮਾਤ ਦੀ ਪ੍ਰੀਖਿਆ 17 ਨਵੰਬਰ ਤੋਂ ਸ਼ੁਰੂ ਹੋਵੇਗੀ। ਦੇਸ਼ ਭਰ ਦੇ ਵਿਦਿਆਰਥੀਆਂ ਦਾ ਮੁਲਾਂਕਣ ਕਰਨ ਲਈ ਪ੍ਰੀਖਿਆ ਦੋ ਟਰਮਾਂ ਵਿੱਚ ਹੋਵੇਗੀ। ਪ੍ਰੀਖਿਆ ਦੀ ਦੂਜੀ ਟਰਮ ਅਗਲੇ ਸਾਲ ਮਾਰਚ-ਅਪਰੈਲ ਵਿੱਚ ਹੋਣ ਦੀ ਸੰਭਾਵਨਾ ਹੈ।
ਸੀਬੀਐੱਸਈ ਅਨੁਸਾਰ ਇਸ ਵਾਰ ਵਿਦਿਆਰਥੀਆਂ ਨੂੰ 15 ਮਿੰਟ ਦੀ ਬਜਾਏ 20 ਮਿੰਟ ਪੜ੍ਹਨ ਦਾ ਸਮਾਂ ਦਿੱਤਾ ਜਾਵੇਗਾ। ਪਹਿਲੀ ਟਰਮ ਵਿੱਚ ਬਹੁ-ਚੋਣ ਵਾਲੇ ਪ੍ਰਸ਼ਨ(ਮਲਟੀਪਲ ਚੁਆਇਸ) ਹੋਣਗੇ ਅਤੇ ਇਨ੍ਹਾਂ ਨੂੰ ਹੱਲ ਕਰਨ ਲਈ 90 ਮਿੰਟ ਦਾ ਸਮਾਂ ਹੈ। ਹਰੇਕ ਪ੍ਰਸ਼ਨ ਦੇ ਚਾਰ ਜੁਆਬ ਹੋਣਗੇ, ਜਿਨ੍ਹਾਂ ਵਿੱਚੋਂ ਵਿਦਿਆਰਥੀ ਨੂੰ ਇੱਕ ਚੁਣਨਾ ਹੈ। ਉੱਤਰ ਪੱਤਰੀ ਨੂੰ ਸਕੈਨ ਕੀਤਾ ਜਾਵੇਗਾ ਤੇ ਇਸ ਲਈ ਕੋਈ ਵੀ ਸਵਾਲ ਜਵਾਬ ਤੋਂ ਬਿਨਾਂ ਨਹੀਂ ਛੱਡਿਆ ਜਾ ਸਕਦਾ ਹੈ। ਜੇਕਰ ਵਿਦਿਆਰਥੀ ਜਵਾਬ ਨਹੀਂ ਦੇਣਾ ਚਾਹੁੰਦੇ ਤਾਂ ਵੀ ਉਨ੍ਹਾਂ ਨੂੰ ਇਸ ਲਈ ਦਿੱਤੇ ਗਏ ਵਿਕਲਪ ਰੱਖਿਆ ਗਿਆ ਹੈ।