Punjab

ਬਿਜਲੀ ਖਰੀਦ ਸਮਝੌਤਿਆਂ ਦੀ ਕਰਵਾਈ ਜਾਵੇਗੀ ਵਿਜੀਲੈਂਸ ਜਾਂਚ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੱਲ੍ਹ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿੱਚ ਅਕਾਲੀ-ਭਾਜਪਾ ਸਰਕਾਰ ਦੌਰਾਨ ਕੀਤੇ ਗਏ ਵਿਵਾਦਪੂਰਨ ਬਿਜਲੀ ਖਰੀਦ ਇਕਰਾਰਨਾਮਿਆਂ ਸਮੇਤ ਭ੍ਰਿਸ਼ਟਾਚਾਰ ਅਤੇ ਬੇਨਿਯਾਮੀਆਂ ਦੇ ਸਾਰੇ ਮਾਮਲਿਆਂ ਦੀ ਛੇਤੀ ਹੀ ਵਿਜੀਲੈਂਸ ਜਾਂਚ ਕਰਵਾਏ ਜਾਣ ਦਾ ਐਲਾਨ ਕੀਤਾ ਹੈ, ਤਾਂ ਜੋ ਉਨ੍ਹਾਂ ਸਾਰਿਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾ ਸਕੇ, ਜਿਨ੍ਹਾਂ ਨੇ ਆਪਣੇ ਸੌੜੇ ਨਿੱਜੀ ਹਿੱਤਾਂ ਲਈ ਲੋਕਾਂ ਦੇ ਖੂਨ-ਪਸੀਨੇ ਦੀ ਕਮਾਈ ਦੀ ਲੁੱਟ ਕਰਕੇ ਸੂਬੇ ਦੇ ਅਰਥਚਾਰੇ ਨੂੰ ਢਾਹ ਲਾਈ ਹੈ।

ਚਰਨਜੀਤ ਸਿੰਘ ਚੰਨੀ ਨੇ ਵਿਧਾਨ ਸਭਾ ਵਿੱਚ ਬਿਜਲੀ ਖੇਤਰ (2006-07 ਤੋਂ ਲੈਕੇ 2020-21) ਸਬੰਧੀ ਵਾਈਟ ਪੇਪਰ ਰੱਖੇ ਜਾਣ ਮੌਕੇ ਆਪਣੇ ਸੰਬੋਧਨ ਵਿੱਚ ਆਪਣੀ ਸਰਕਾਰ ਦੀ ਵਚਨਬੱਧਤਾ ਜ਼ਾਹਿਰ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਉਨ੍ਹਾਂ ਸਾਰੇ ਬੇਈਮਾਨ ਆਗੂਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ, ਜਿਨ੍ਹਾਂ ਨੇ ਰੇਤ, ਟਰਾਂਸਪੋਰਟ ਅਤੇ ਨਸ਼ਿਆਂ ਦੇ ਵੱਖੋ-ਵੱਖ ਮਾਫੀਆ ਰਾਹੀਂ ਨਾਜਾਇਜ਼ ਤਰੀਕੇ ਨਾਲ ਆਪਣੀਆਂ ਜੇਬਾਂ ਭਰੀਆਂ ਹਨ।

ਚੰਨੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿੱਚ ਸ਼ਾਮਲ ਸਮੂਹ ਲੋਕਾਂ ਨੂੰ ਸਜ਼ਾ ਦਿਵਾਉਣ ਦਾ ਆਪਣੀ ਸਰਕਾਰ ਵੱਲੋਂ ਅਹਿਦ ਕਰਦਿਆਂ ਕਿਹਾ ਕਿ ਇਸ ਸਬੰਧੀ ਚੱਲ ਰਹੀ ਜਾਂਚ-ਪੜਤਾਲ ਦਾ ਢੁੱਕਵਾਂ ਸਿੱਟਾ ਨਿਕਲੇਗਾ ਤਾਂ ਜੋ ਇਸ ਘਿਨੌਣੇ ਜੁਰਮ ਦੇ ਜ਼ਿੰਮੇਵਾਰ ਵਿਅਕਤੀਆਂ ਨੂੰ ਸਜ਼ਾ ਮਿਲ ਸਕੇ, ਜਿਸ ਨਾਲ ਦੂਸਰਿਆਂ ਨੂੰ ਵੀ ਕੰਨ ਹੋ ਜਾਣ। ਚੰਨੀ ਨੇ ਕਿਹਾ ਕਿ ਇਸੇ ਤਰ੍ਹਾਂ ਹੀ ਡਰੱਗ ਮਾਫੀਆ ਦੀਆਂ ਵੱਡੀਆਂ ਮੱਛੀਆਂ ਭਾਵੇਂ ਉਹ ਕਿੰਨੇ ਵੀ ਰਸੂਖਦਾਰ ਕਿਉਂ ਨਾ ਹੋਣ, ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ, ”ਕੋਈ ਵੀ ਮੈਨੂੰ ਕਮਜ਼ੋਰ ਨਾ ਸਮਝੇ। ਹਾਲਾਂਕਿ ਜ਼ਮੀਨ ਨਾਲ ਜੁੜਿਆਂ ਹੋਇਆ ਹਾਂ ਪਰ ਆਪਣੇ ਰਸਤੇ ਤੋਂ ਭਟਕਾਉਣ ਲਈ ਕਿਸੇ ਵੱਲੋਂ ਵੀ ਪਾਏ ਗਏ ਦਬਾਅ ਵਿੱਚ ਮੈਂ ਨਹੀਂ ਆਵਾਂਗਾ। ਸੂਬੇ ਅਤੇ ਇੱਥੋਂ ਦੇ ਲੋਕਾਂ ਦੀ ਭਲਾਈ ਹਿੱਤ ਜ਼ਰੂਰੀ ਤੌਰ ‘ਤੇ ਚੁੱਕੇ ਜਾਣ ਵਾਲੇ ਕਿਸੇ ਵੀ ਕਦਮ ਸਬੰਧੀ ਉਹ ਕੋਈ ਵੀ ਕੋਤਾਹੀ ਬਰਦਾਸ਼ਤ ਨਹੀਂ ਕਰਨਗੇ।