‘ਦ ਖ਼ਾਲਸ ਟੀਵੀ ਬਿਊਰੋ:-ਟੈਕਸ ਚੋਰੀ ਕਰਕੇ ਸਰਕਾਰੀ ਬੱਸਾਂ ਨੂੰ ਚੂਨਾ ਲਗਾਉਣ ਵਾਲੇ ਟ੍ਰਾਂਸਪੋਰਟ ਮਾਫੀਏ ਦੇ ਚੱਕੇ ਜਾਮ ਕਰਨ ਲਈ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੱਸਾਂ ਚੈੱਕ ਕਰਨ ਦੇ ਆਪਣੇ ਮਿਸ਼ਨ ਤਹਿਤ ਜ਼ੀਰਕਪੁਰ ਲਾਗੇ ਅਚਾਨਕ ਬੱਸਾਂ ਦੀ ਚੈਕਿੰਗ ਕੀਤੀ ਤੇ ਕਾਗਜ ਪੂਰੇ ਨਾ ਹੋਣ ਕਰਕੇ ਦੋ ਇੰਡੋ ਕੈਨੇਡੀਅਨ ਤੇ ਔਰਬਿਟ ਕੰਪਨੀ ਦੀ ਬੱਸ ਨੂੰ ਇੰਪਾਉਂਡ ਕਰ ਦਿੱਤਾ। ਰਾਜਾ ਵੜਿੰਗ ਨੇ ਜੋ ਸਖ਼ਤੀ ਦਿਖਾਈ ਉਸਦਾ ਖੌਫ ਸਵਾਰੀਆਂ ਦੇ ਵੀ ਚਿਹਰੇ ਉੱਤੇ ਦਿਸ ਰਿਹਾ ਸੀ ਤੇ ਬੱਸ ਮਾਲਕ ਵੀ ਸਫਾਈ ਦੇਣ ਦੀਆਂ ਕੋਸ਼ਿਸ਼ਾਂ ਕਰ ਰਹੇ ਸਨ।
ਰਾਜਾ ਵੜਿੰਗ ਨੇ ਕਿਹਾ ਕਿ ਕੰਟਰੈਕਟ ਕੈਰਜ, ਸਟੇਟ ਕੈਰਜ ਤੇ ਟੂਰਿਸਟ ਪਰਮਿਟ ਨੂੰ ਬੱਸਾਂ ਵਾਲੇ ਰਲਗੱਡ ਕਰਕੇ ਸਰਕਾਰ ਨੂੰ ਤਕੜਾ ਚੂਨਾ ਲਾ ਰਹੇ ਹਨ। ਇੰਡੋ ਕਨੈਡੀਅਨ ਬੱਸਾਂ ਕੰਟਰੈਕਟ ਕੈਰੀਅਰ ਯਾਨੀ ਕਿ ਟੂਰਿਸਟ ਪਰਮਿਟ ਉੱਤੇ ਚੱਲ ਰਹੀਆਂ ਹਨ। ਟੂਰਿਸਟ ਪਰਮਿਟ ਉੱਤੇ ਸਿਰਫ ਟੂਰਿਸਟ ਸਰਕਿਟ ਦੇ ਯਾਤਰੀਆਂ ਨੂੰ ਹੀ ਬਿਠਾਇਆ ਜਾ ਸਕਦਾ ਹੈ। ਪਰ ਇੰਡੋ ਕਨੈਡੀਅਨ ਬੱਸਾਂ ਇਸ ਪਰਮਿਟ ਨੂੰ ਸਟੇਜ ਕੈਰੇਜ ਪਰਮਿਟ ਦੇ ਰੂਪ ਵਿਚ ਵਰਤ ਕੇ ਥਾਂ-ਥਾਂ ਤੋਂ ਸਵਾਰੀਆਂ ਚੁੱਕ ਕੇ ਸਿੱਧੀਆਂ ਏਅਰਪੋਰਟ ਜਾ ਰਹੀਆਂ ਹਨ। ਵੜਿੰਗ ਨੇ ਕਿਹਾ ਕਿ ਟੂਰਿਸਟ ਪਰਮਿਟ ਦਾ ਟੈਕਸ 5500 ਰੁਪਏ ਬੱਸ ਮਾਲਿਕਾਂ ਵੱਲੋਂ ਦਿੱਤਾ ਜਾਂਦਾ ਹੈ ਪਰ, ਸਟੇਟ ਕੈਰਜ ਵਿਚ ਹਰੇਕ ਸਵਾਰੀ ਦੇ ਸਿਰ ਉਤੇ ਟੈਕਸ ਆਉਂਦਾ ਹੈ।
ਵੜਿੰਗ ਦੀ ਇਸ ਚੈਕਿੰਗ ਤੇ ਇੰਪਾਉਂਡ ਵਾਲੀ ਛਾਪੇਮਾਰੀ ਦੀ ਖਾਸ ਗੱਲ ਇਹ ਸੀ ਕਿ ਉਨ੍ਹਾਂ ਸਵਾਰੀਆਂ ਨੂੰ ਵੀ ਕਿਹਾ ਕਿ ਇਹੋ ਜਿਹੀਆਂ ਮਹਿੰਗੀਆਂ ਗੱਡੀਆਂ ਵਿਚ ਬੈਠ ਕੇ ਇਕ ਵਾਰ ਜਰੂਰ ਪੁੱਛੋ ਕਿ ਕੀ ਟੈਕਸ ਦਿੱਤਾ ਹੈ ਕਿ ਨਹੀਂ। ਨਹੀਂ ਤਾਂ ਇਨ੍ਹਾਂ ਦੇ ਨਾਲ ਨਾਲ ਤੁਹਾਨੂੰ ਵੀ ਪਰੇਸ਼ਾਨੀ ਹੋਵੇਗੀ। ਲੇਟ ਹੋਣ ਵਾਲੀਆਂ ਸਵਾਰੀਆਂ ਤੋਂ ਵੜਿੰਗ ਨੇ ਮਾਫੀ ਵੀ ਮੰਗੀ।