‘ਦ ਖ਼ਾਲਸ ਬਿਊਰੋ ( ਬਨਵੈਤ / ਪੁਨੀਤ ਕੌਰ) :- ਚੋਣਾਂ ਦਾ ਹਾਲੇ ਬਿਗਲ ਤਾਂ ਨਹੀਂ ਬਚਿਆ ਪਰ ਦੋ ਮਹੀਨੇ ਰਹਿੰਦਿਆਂ ਹੀ ਪਾਰਟੀਆਂ ਬਦਲਣੀਆਂ ਸ਼ੁਰੂ ਹੋ ਗਈਆਂ ਹਨ। ਸਿਆਸੀ ਨੇਤਾ ਇੱਕ ਬੇੜੀ ਵਿੱਚੋਂ ਦੂਜੀ ਬੇੜੀ ਵਿੱਚ ਛਾਲ ਮਾਰ ਕੇ ਸਿਆਸੀ ਹਿੱਤਾਂ ਲਈ ਸਵਾਰ ਹੋਣ ਲੱਗੇ ਹਨ। ਰਾਜਨੀਤਿਕ ਪਾਰਟੀਆਂ ਵਿੱਚ ਆਪਣੀ ਤਾਕਤ ਵਧਾਉਣ ਲਈ ਦੂਜੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਆਪਣੇ ਵੱਲ ਖਿੱਚਣ ਦੀ ਦੌੜ ਸ਼ੁਰੂ ਹੋ ਗਈ ਹੈ। ਕੈਪਟਨ ਅਮਰਿੰਦਰ ਸਿੰਘ ਇੱਕੋ-ਇੱਕ ਅਜਿਹੇ ਨੇਤਾ ਹਨ, ਜਿਹੜੇ ਹਾਲੇ ਤੱਕ ਇਸ ਦੌੜ ਵਿੱਚੋਂ ਬਾਹਰ ਹਨ। ਹਾਲਾਂਕਿ, ਉਨ੍ਹਾਂ ਦੇ ਬੋਝਿਆਂ ਵਿੱਚ ਨਾ ਕੋਈ ਵੋਟ ਹੈ, ਨਾ ਪਾਰਟੀ ਕੇਡਰ ਪਰ ਫਿਰ ਵੀ ਸ਼ਾਂਤ ਦਰਿਆ ਦੀ ਤਰ੍ਹਾਂ ਆਪਣੀ ਚਾਲੇ ਤੁਰੀ ਜਾ ਰਹੇ ਹਨ। ਹਾਂ, ਕਿਸੇ ਹੋਰ ਪਾਰਟੀ ਨੇ ਉਨ੍ਹਾਂ ਨੂੰ ਘਾਹ ਨਹੀਂ ਪਾਇਆ। ਭਾਰਤੀ ਜਨਤਾ ਪਾਰਟੀ ਉਨ੍ਹਾਂ ਨੂੰ ਜ਼ਰੂਰ ਵਰਤਣ ਲਈ ਕਾਹਲੀ ਸੀ ਪਰ ਕੈਪਟਨ ਦੇ ਖੜਕੇ ਭਾਂਡੇ ਵੇਖ ਕੇ ਭਾਜਪਾ ਵੀ ਅੱਖਾਂ ਫੇਰਨ ਲੱਗੀ ਹੈ। ਪੱਛੜ ਕੇ ਮਿਲੀ ਜਾਣਕਾਰੀ ਮੁਤਾਬਕ ਕੈਪਟਨ ਸਮਰਥਕ ਅਤੇ ਕਾਂਗਰਸੀ ਨੇਤਾ ਐੱਸ ਐੱਸ ਸੰਧੂ ਦੇ ਪਾਰਟੀ ਛੱਡਣ ਨਾਲ ਲੋਕ ਕਾਂਗਰਸ ਪਾਰਟੀ ਦੀ ਬੌਣੀ ਹੁੰਦੀ ਲੱਗਦੀ ਹੈ। ਸੰਧੂ ਨੇ ਕੈਪਟਨ ਦੇ ਹੱਕ ਵਿੱਚ ਬਾਂਹ ਖੜੀ ਕਰਕੇ ਤਾਰੀਫ ਕਰ ਦਿੱਤੀ ਹੈ।
ਕਾਂਗਰਸ ਅਤੇ ਅਕਾਲੀ ਦਲ ਦੋ ਅਜਿਹੀਆਂ ਰਵਾਇਤੀ ਪਾਰਟੀਆਂ ਹਨ ਜਿਨ੍ਹਾਂ ਦੇ ਨੇਤਾ ਜਾਂ ਵਰਕਰ ਇੱਕ-ਦੂਜੇ ਦੀ ਗੱਡੀ ਵਿੱਚ ਸਵਾਰ ਹੁੰਦੇ ਆ ਰਹੇ ਹਨ। ਆਮ ਆਦਮੀ ਪਾਰਟੀ ਨੂੰ ਦੂਜੀਆਂ ਦੋ ਪਾਰਟੀਆਂ ਦੀ ਇਸ ਵਕਤ ਘੱਟ ਖੋਰਾ ਲੱਗਾ ਹੈ। ਹਾਂ, ਪਾਰਟੀ ਦੇ ਚਾਰ ਵਿਧਾਇਕ ਅੱਧ ਵਿਚਾਲੇ ਛਾਲ ਮਾਰ ਕੇ ਹਾਕਮਾਂ ਦੀ ਬੇੜੀ ਵਿੱਚ ਜ਼ਰੂਰ ਸਵਾਰ ਹੋ ਗਏ ਹਨ ਜਾਂ ਫਿਰ ਡਾਕਟਰ ਧਰਮਵੀਰ ਗਾਂਧੀ, ਪ੍ਰੋ.ਮਨਜੀਤ ਸਿੰਘ ਅਤੇ ਗੁਰਪ੍ਰੀਤ ਘੁੱਗੀ ਸਮੇਤ ਹੋਰ ਕਈਆਂ ਨੇ ਆਪ ਹੀ ਅਲਵਿਦਾ ਕਹਿ ਦਿੱਤਾ ਸੀ। ਹੁਣ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਬਗਾਵਤ ਦਾ ਝੰਡਾ ਚੁੱਕਿਆ ਹੈ। ਇੱਕ ਦਿਨ ਪਹਿਲਾਂ ਹੀ ਪੰਜਾਬ ਅਧੀਨ ਸੇਵਾਵਾਂ ਬੋਰਡ ਦੇ ਚੇਅਰਮੈਨ ਰਮਨ ਬਹਿਲ ਦਾ ਕਾਂਗਰਸ ਪਾਰਟੀ ਛੱਡ ਕੇ ‘ਆਪ’ ਵਿੱਚ ਜਾ ਰਲਣਾ ਹਾਕਮ ਪਾਰਟੀ ਲਈ ਵੱਡੀ ਸੱਟ ਹੈ। ਆਪ ਦੇ ਪੰਜਾਬ ਇਕਾਈ ਦੇ ਬਾਨੀ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਦੇ ਵੀ ਮੁੜ ਆਪ ਵਿੱਚ ਸ਼ਾਮਿਲ ਹੋਣ ਦੀ ਚਰਚਾ ਚੱਲ ਰਹੀ ਹੈ।
ਅਗਲੇ ਦਿਨੀਂ ਸਿਆਸਤ ਵਿੱਚ ਇੱਕ ਹੋਰ ਵੱਡੀ ਘਟਨਾ ਵਾਪਰਨ ਦੇ ਜਿਹੜੇ ਸੰਕੇਤ ਮਿਲ ਰਹੇ ਹਨ, ਉਹ ਇਹ ਹਨ ਕਿ ਜੇ ਗੱਡੀ ਲੀਹ ਤੋਂ ਨਾ ਉਤਰੀ ਤਾਂ ਗਾਇਕਾ ਸੋਨੀਆ ਮਾਨ ਆਪ ਛੱਡ ਕੇ ਟਿਕਟ ਦੀ ਗਾਰੰਟੀ ਮਿਲਣ ਦੀ ਸ਼ਰਤ ‘ਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਸਕਦੇ ਹਨ। ਭਾਰਤੀ ਜਨਤਾ ਪਾਰਟੀ ਨੂੰ ਜਿਹੜਾ ਖੋਰਾ ਲਗਾਤਾਰ ਲੱਘਣਾ ਸ਼ੁਰੂ ਹੋਇਆ ਸੀ, ਹਾਲ ਦੀ ਘੜੀ ਰੁਕ ਗਿਆ ਹੈ। ਕਿਹਾ ਜਾ ਸਕਦਾ ਹੈ ਕਿ ਪੰਜਾਬ ਵਿੱਚ ਕਿਸੇ ਵੀ ਸਿਆਸੀ ਪਾਰਟੀ ਦੇ ਹੱਕ ਵਿੱਚ ਹਾਲੇ ਹਵਾ ਨਹੀਂ ਚੱਲ ਰਹੀ ਹੈ। ਕਾਂਗਰਸ ਅਤੇ ਅਕਾਲੀ ਦਮਲ 19-20 ਦੇ ਫਰਕ ਨਾਲ ਲੁਕਣ ਮੀਚੀ ਖੇਡ ਰਹੇ ਹਨ। ਇਸ ਕਰਕੇ ਪਾਰਟੀਆਂ ਬਦਲਣ ਦੀ ਰੁੱਤ ਪੂਰੀ ਤਰ੍ਹਾਂ ਖਿੜਨ ਨਹੀਂ ਲੱਗੀ। ਪਾਰਟੀਆਂ ਬਦਲਣ ਦਾ ਮੌਸਮ ਉਦੋਂ ਪੂਰੇ ਜੋਬਨ ‘ਤੇ ਆਵੇਗਾ ਜਦੋਂ ਚੋਣਾਂ ਦੇ ਐਲਾਨ ਤੋਂ ਬਾਅਦ ਟਿਕਟਾਂ ਵੰਡੀਆਂ ਜਾਂ ਕੱਟੀਆਂ ਜਾਣ ਲੱਗੀਆਂ। ਟਿਕਟਾਂ ਨਾ ਮਿਲਣ ਤੋਂ ਦੁਖੀ ਉਮੀਦਵਾਰ ਇੱਕ ਪਾਰਟੀ ਛੱਡ ਕੇ ਦੂਜੇ ਦਾ ਪੱਲਾ ਜਾ ਫੜਨਗੇ। ਸਿਤਮ ਦੀ ਗੱਲ ਇਹ ਹੈ ਕਿ ਪਾਰਟੀ ਬਦਲਣ ਤੋਂ ਬਾਅਦ ਸਿਆਸੀ ਨੇਤਾ ਆਪਣੀ ਜ਼ੁਬਾਨ ‘ਤੇ ਲਗਾਮ ਨਹੀਂ ਰੱਖਦੇ, ਜਿਸ ਨਾਲ ਆਮ ਲੋਕਾਂ ‘ਤੇ ਬੁਰਾ ਅਸਰ ਪੈਂਦਾ ਹੈ। ਦੂਰ ਨਾ ਜਾਈਏ ਤਾਂ ਆਮ ਆਦਮੀ ਪਾਰਟੀ ਛੱਡ ਕੇ ਜਾ ਰਹੀ ਰੁਪਿੰਦਪ ਰੂਬੀ ਨੇ ਆਪਣੀ ਹੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੂੰ ਆਪਣੇ ਖਿਲਾਫ ਚੋਣ ਲੜਣ ਦਾ ਨਿਉਂਦਾ ਪਾ ਦਿੱਤਾ ਹੈ।
ਦੇਸ਼ ਦੀ ਸਿਆਸਤ ਦਾ ਦੁਖਾਂਤ ਇਹ ਹੈ ਕਿ ਪਾਰਟੀ ਬਦਲਣ ਵੇਲੇ ਨਾ ਕੋਈ ਭੈਣ-ਭਰਾ ਦਾ ਲਿਹਾਜ਼ ਕਰਦਾ ਹੈ, ਨਾ ਚਾਚੇ ਜਾਂ ਤਾਏ ਦਾ ਭੈਅ। ਸਿਆਸਤ ਵਿੱਚ ਤਾਂ ਮਾਂਵਾਂ ਪੁੱਤ ਨਹੀਂ ਸੰਭਾਲਦੀਆਂ। ਇੱਕ ਸਮਾਂ ਸੀ ਜਦੋਂ ਪੁੱਤ ਪਰਮਿੰਦਰ ਸਿੰਘ ਢੀਂਡਸਾ ਅਕਾਲੀ ਦਲ ਅਤੇ ਪਿਤਾ ਸੁਖਦੇਵ ਸਿੰਘ ਢੀਂਡਸਾ ਆਪਣੀ ਵੱਖਰੀ ਪਾਰਟੀ ਬਣਾ ਕੇ ਡਫਲੀ ਵਜਾਉਂਦੇ ਰਹੇ ਸਨ। ਕੈਪਟਨ ਅਮਰਿੰਦਰ ਸਿੰਘ ਦੇ ਭਰਾ ਮਲਵਿੰਦਰ ਸਿੰਘ ਨੇ ਵੀ ਟਿਕਟ ਦੀ ਖਾਤਿਰ ਕਾਂਗਰਸ ਛੱਡ ਦਿੱਤੀ ਸੀ। ਹੁਣ ਮਹਾਰਾਣੀ ਪ੍ਰਨੀਤ ਕੌਰ ਕਾਂਗਰਸ ਦੇ ਗੁਣ-ਗਾਣ ਕਰ ਰਹੀ ਹੈ ਜਦਕਿ ਉਨ੍ਹਾਂ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਆਪਣੀ ਨਵੀਂ ਪਾਰਟੀ ਬਣਾ ਚੁੱਕੇ ਹਨ।
ਹਾਂ, ਜਿਹੜੀ ਇੱਕ ਗੱਲ ਕਰਨੀ ਬਣਦੀ ਹੈ, ਇਹ ਇਹ ਹੈ ਕਿ ਪਾਰਟੀਆਂ ਬਦਲਣ ਵੇਲੇ ਸਿਆਸੀ ਆਗੂ ਕੋਈ ਨੈਤਿਕਤਾ ਨਹੀਂ ਦੇਖਦੇ, ਨਾ ਪਾਰਟੀਆਂ ਬੰਦੇ ਦਾ ਕਿਰਦਾਰ ਜੋਖਦੀਆਂ ਹਨ। ਕੁਰਸੀ ਨੂੰ ਜੱਫਾ ਪਾਉਣ ਦੀ ਮਨਸ਼ਾ ਨਾਲ ਪਾਰਟੀਆਂ ਬਦਲੀਆਂ ਜਾਂਦੀਆਂ ਹਨ। ਪੰਜਾਬ ਸਿਹੁੰ ਪਵੇ ਢੱਠੇ ਖੂਹ ‘ਚ।