‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਰੋਹਤਕ ਦੇ ਮਕਰੌਲੀ ਟੋਲ ਪਲਾਜ਼ਾ ‘ਤੇ ਕੱਲ੍ਹ ਹੋਈ ਕਿਸਾਨ ਜਥੇਬੰਦੀਆਂ ਦੀ ਮੀਟਿੰਗ ‘ਚ ਹਰਿਆਣਾ ਦੇ ਕਿਸਾਨ ਲੀਡਰਾਂ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਹੈ ਕਿ 26 ਨਵੰਬਰ ਨੂੰ ਸਾਰੇ ਕਿਸਾਨ ਦਿੱਲੀ ‘ਚ ਦਾਖਲ ਹੋਣਗੇ। ਇਸ ਦੌਰਾਨ ਪ੍ਰਧਾਨ ਮੰਤਰੀ ਨਿਵਾਸ ਜਾਂ ਸੰਸਦ ਦਾ ਘਿਰਾਓ ਕੀਤਾ ਜਾਵੇਗਾ। ਇਸ ਸਬੰਧੀ ਅੰਤਿਮ ਫੈਸਲਾ 9 ਨਵੰਬਰ ਨੂੰ ਹੋਣ ਵਾਲੀ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਵਿੱਚ ਲਿਆ ਜਾਵੇਗਾ। ਟੋਲ ਹਟਾਓ ਸੰਘਰਸ਼ ਸਮਿਤੀ ਦੇ ਸਰਪ੍ਰਸਤ ਵਰਿੰਦਰ ਹੁੱਡਾ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਬੀਕੇਯੂ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਸਮੇਤ ਕਈ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਖਾਪਾਂ ਨੇ ਸ਼ਮੂਲੀਅਤ ਕੀਤੀ। ਚੜੂਨੀ ਨੇ ਕਿਹਾ ਕਿ 26 ਨਵੰਬਰ ਨੂੰ ਸੰਵਿਧਾਨ ਦਿਵਸ ਹੈ, ਇਸ ਲਈ ਉਸ ਦਿਨ ਸੰਸਦ ਕੂਚ ਕੀਤਾ ਜਾਵੇ ਅਤੇ ਇਹ ਪ੍ਰਸਤਾਵ ਹਰਿਆਣਾ ਦੀ ਤਰਫ ਤੋਂ 9 ਨਵੰਬਰ ਯਾਨਿ ਕੱਲ੍ਹ ਸੰਯੁਕਤ ਕਿਸਾਨ ਮੋਰਚਾ ਦੇ ਅੱਗੇ ਰੱਖਿਆ ਜਾਵੇਗਾ। ਜੇਕਰ ਇਹ ਪ੍ਰਸਤਾਵ ਪਾਸ ਹੋ ਗਿਆ ਤਾਂ ਅਸੀਂ ਜਾਵਾਂਗੇ ਅਤੇ ਜੇ ਨਹੀਂ ਪਾਸ ਹੋਇਆ ਤਾਂ ਬਾਅਦ ਵਿੱਚ ਫਿਰ ਵਿਚਾਰ ਕਰਾਂਗੇ।
ਚੜੂਨੀ ਨੇ ਕਿਹਾ ਕਿ ਜਿਸ ਬੀਜੇਪੀ ਨੇਤਾ ਨੇ ਕਿਸਾਨਾਂ ਦੀ ਅੱਖ ਕੱਢਣ ਦੀ ਗੱਲ ਕੀਤੀ ਹੈ, ਉਸਦੇ ਖਿਲਾਫ ਮੁਕੱਦਮਾ ਹੋਵੇ ਅਤੇ ਉਸਦੇ ਖਿਲਾਫ ਨਿੰਦਾ ਪ੍ਰਸਤਾਵ ਪਾਸ ਕੀਤਾ ਗਿਆ ਹੈ। ਚੜੂਨੀ ਨੇ ਕਿਹਾ ਕਿ ਤੀਜਾ ਪ੍ਰਸਤਾਵ ਇਹ ਪਾਸ ਕੀਤਾ ਹੈ ਕਿ ਹਰਿਆਣਾ ਦੇ ਕਿਸਾਨਾਂ ਨੂੰ ਬਹੁਤ ਸਾਰੇ ਸੰਮਨ ਆ ਰਹੇ ਹਨ ਅਤੇ ਅਸੀਂ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਕਿਸਾਨ ਸੰਮਨ ‘ਤੇ ਨਾ ਜਾਵੇ। ਮੀਟਿੰਗ ਵਿੱਚ ਚੜੂਨੀ ਨੇ ਖਾਪ ਅਤੇ ਟੋਲ ਦੇ ਨੁਮਾਇੰਦਿਆਂ, ਕਿਸਾਨਾਂ ਅਤੇ ਮਹਿਲਾ ਆਗੂਆਂ ਦੀ ਸ਼ਮੂਲੀਅਤ ਨੂੰ ਵਧਾਉਣ ਲਈ ਇੱਕ ਰਣਨੀਤਕ ਪ੍ਰੋਗਰਾਮ ਸਾਂਝਾ ਕੀਤਾ। ਮੀਟਿੰਗ ਵਿੱਚ ਮਤਾ ਪਾਸ ਕੀਤਾ ਗਿਆ ਕਿ ਮੀਂਹ ਨਾਲ ਫ਼ਸਲਾਂ ਦੇ ਹੋਏ ਨੁਕਸਾਨ ਦਾ ਯੋਗ ਮੁਆਵਜ਼ਾ ਜਾਰੀ ਕੀਤਾ ਜਾਵੇ। ਬਿਜਲੀ ਟਾਵਰਾਂ ਲਈ ਜ਼ਮੀਨ ਐਕਵਾਇਰ ਕਰਨ ਤੋਂ ਪਹਿਲਾਂ ਕਿਸਾਨਾਂ ਦਾ ਪੱਖ ਸੁਣਿਆ ਜਾਵੇ ਅਤੇ ਨਵੇਂ ਭੂਮੀ ਗ੍ਰਹਿਣ ਕਾਨੂੰਨ ਤਹਿਤ ਮਾਰਕੀਟ ਰੇਟ ’ਤੇ ਮੁਆਵਜ਼ਾ ਦਿੱਤਾ ਜਾਵੇ।