India

ਉਪਹਾਰ ਸਿਨੇਮਾ ਮਾਮਲੇ ਦੇ ਸਬੂਤਾਂ ਨਾਲ ਛੇੜਖਾਨੀ, ਅੰਸਲ ਭਰਾਵਾਂ ਨੂੰ 7 ਸਾਲ ਕੈਦ, ਕਰੋੜਾਂ ਦਾ ਜੁਰਮਾਨਾ

‘ਦ ਖ਼ਾਲਸ ਟੀਵੀ ਬਿਊਰੋ:-ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਅੱਜ ਉਪਹਾਰ ਸਿਨੇਮਾ ਅਗਨੀਕਾਂਡ ਮਾਮਲੇ ਨਾਲ ਜੁੜੇ ਖਾਸ ਸਬੂਤਾਂ ਨਾਲ ਛੇੜਖਾਨੀ ਕਰਨ ਦੇ ਮਾਮਲੇ ਵਿੱਚ ਅੰਸਲ ਭਰਾਵਾਂ ਨੂੰ ਸੱਤ ਸਾਲ ਦੀ ਕੈਦ ਦੀ ਸਜਾ ਸੁਣਾਈ ਗਈ ਹੈ। ਕੋਰਟ ਨੇ ਹੁਕਮ ਦਿੱਤਾ ਹੈ ਕਿ ਅੰਸਲ ਭਰਾਵਾਂ ਸਣੇ ਹੋਰ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਜਾਵੇ। ਸੁਨੀਲ ਅੰਸਲ ਤੇ ਗੋਪਾਲ ਅੰਸਲ ਉੱਤੇ ਪ੍ਰਤੀ ਵਿਅਕਤੀ ਦੇ ਲਿਹਾਜ਼ ਨਾਲ ਢਾਈ ਕਰੋੜ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।

ਦੱਸ ਦਈਏ ਕਿ 1997 ਵਿੱਚ 13 ਜੂਨ ਨੂੰ ਉਪਹਾਰ ਸਿਨੇਮਾ ਵਿੱਚ ਅੱਗ ਲੱਗਣ ਨਾਲ 59 ਲੋਕ ਮਾਰੇ ਗਏ ਸਨ, ਜਦੋਂਕਿ 100 ਤੋਂ ਵੱਧ ਜ਼ਖਮੀ ਹੋਏ ਸਨ। ਮ੍ਰਿਤਕਾਂ ਵਿੱਚ ਕਈ ਬੱਚੇ ਵੀ ਸ਼ਾਮਿਲ ਸਨ। ਇਸ ਮਾਮਲੇ ਵਿਚ 16 ਲੋਕ ਨਾਮਜ਼ਦ ਕੀਤੇ ਗਏ ਸਨ। ਇਨ੍ਹਾਂ ਵਿੱਚ ਸਿਨੇਮਾ ਹਾਲ ਵਿੱਚ ਕੰਮ ਕਰਨ ਵਾਲੇ ਸਟਾਫ ਤੇ ਸੇਫਟੀ ਇੰਸਪੈਕਟਰ ਨੂੰ ਵੀ ਸ਼ਾਮਿਲ ਕੀਤਾ ਗਿਆ ਸੀ, ਜਿਨ੍ਹਾਂ ਨੇ ਇਮਾਰਤ ਨਿਯਮਾਂ ਦਾ ਉਲੰਘਣ ਤੇ ਅਣਦੇਖੀ ਕੀਤੀ ਸੀ। 16 ਨਾਮਜਦ ਲੋਕਾਂ ਵਿੱਚ ਸਭ ਤੋਂ ਹਾਈਪ੍ਰੋਫਾਇਲ ਨਾਂ ਸੁਸ਼ੀਲ ਤੇ ਗੋਪਾਲ ਅੰਸਦ ਦਾ ਸੀ, ਇਹ ਦੋਵੇਂ ਭਰਾ ਸਿਨੇਮਾ ਹਾਲ ਦੇ ਮਾਲਿਕ ਸਨ।