‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਿਵਾਦਾਂ ਵਿੱਚ ਘਿਰ ਗਏ ਹਨ। ਦਰਅਸਲ, ਰੰਧਾਵਾ ਦੇ ਜਵਾਈ ਤਰੁਣਵੀਰ ਸਿੰਘ ਲਹਿਲ ਨੂੰ ਪੰਜਾਬ ਦਾ ਐਡੀਸ਼ਨਲ ਐਡਵੋਕੇਟ ਜਨਰਲ ਵਜੋਂ ਨਿਯੁਕਤ ਕੀਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੂੰ ਵੀ ਇਹ ਅਹੁਦਾ ਦਿੱਤਾ ਗਿਆ ਸੀ ਪਰ ਉਨ੍ਹਾਂ ਨੇ ਤੁਰੰਤ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਇਸ ਨਿਯੁਕਤੀ ਤੋਂ ਬਾਅਦ ਵਿਰੋਧੀਆਂ ਵੱਲੋਂ ਸਵਾਲ ਚੁੱਕੇ ਜਾ ਰਹੇ ਹਨ। ਇਸ ਨਿਯੁਕਤੀ ਦੇ ਪਿੱਛੋਂ ਆਮ ਆਦਮੀ ਪਾਰਟੀ ਨੇ ਸਵਾਲ ਚੁੱਕੇ ਹਨ। ਆਮ ਆਦਮੀ ਪਾਰਟੀ (ਆਪ) ਦੇ ਬੁਲਾਰੇ ਐਡਵੋਕੇਟ ਦਿਨੇਸ਼ ਚੱਢਾ ਨੇ ਫੇਸਬੁਕ ਉੱਤੇ ਕਿਹਾ ਕਿ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਜਵਾਈ ਸਾਹਿਬ ਨੂੰ ਪੰਜਾਬ ਦੇ ਐਡੀਸ਼ਨਲ ਐਡਵੋਕੇਟ ਜਨਰਲ ਲੱਗਣ ਉੱਤੇ ਬਹੁਤ ਬਹੁਤ ਮੁਬਾਰਕਬਾਦ। ਘਰ ਘਰ ਰੁਜਗਾਰ!!!!!!”
ਪੰਜਾਬ ‘ਆਪ’ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਵੀ ਇਸ ਨਿਯੁਕਤੀ ‘ਤੇ ਟਵੀਟ ਕਰਦਿਆਂ ਲਿਖਿਆ ਕਿ “ਕਾਂਗਰਸ ਸਰਕਾਰ ਆਪਣੇ ਪ੍ਰਮੁੱਖ ਚੋਣ ਵਾਅਦੇ ਹਰ ਘਰ ਨੌਕਰੀ ਨੂੰ ਪੂਰਾ ਕਰ ਰਹੀ ਹੈ ਪਰ ਕੁੱਝ ਬਦਲਾਅ ਨਾਲ। ਇਹ ਨੌਕਰੀ ਹਾਸਲ ਕਰਨ ਵਾਲੇ ਕਾਂਗਰਸ ਦੇ ਮੰਤਰੀ ਅਤੇ ਵਿਧਾਇਕਾਂ ਦੇ ਪਰਿਵਾਰ ਵਾਲੇ ਹਨ। ਸਭ ਤੋਂ ਨਵੇਂ ਲਾਭਪਾਤਰੀ ਹਨ ਡਿਪਟੀ ਸੀਐੱਮ ਰੰਧਾਵਾ ਦੇ ਜਵਾਈ। ਚੰਨੀ ਕੈਪਟਨ ਦੇ ਹੀ ਨਕਸ਼-ਏ-ਕਦਮ ‘ਤੇ ਚੱਲ ਰਹੇ ਹਨ।”
ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵਿਰਸਾ ਸਿੰਘ ਵਲਟੋਹਾ ਨੇ ਵੀ ਨਿਯੁਕਤੀ ‘ਤੇ ਸਵਾਲ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਬੈਗਾਂ ਦੇ ਬੈਗ ਪੈਸਿਆਂ ਦੇ ਭਰੇ ਚੰਡੀਗੜ੍ਹ ਜਾ ਰਹੇ ਹਨ। ਪੰਜਾਬ ਵਿੱਚ ਜਿੰਨੀਆਂ ਵੀ ਪੀਸੀਐੱਸ, ਪੀਪੀਐੱਸ, ਸੀਨੀਅਰ ਅਫ਼ਸਰਾਂ ਦੀਆਂ ਬਦਲੀਆਂ ਹੋ ਰਹੀਆਂ ਹਨ, ਉਸਦੇ ਵਿੱਚ ਕਿਸੇ ਦੀ ਵੀ ਨਿਯੁਕਤੀ ਬਿਨਾਂ ਪੈਸਿਆਂ ਤੋਂ ਨਹੀਂ ਹੋ ਰਹੀ। ਵਧੀਆ ਅਤੇ ਕਾਬਲ ਅਫ਼ਸਰਾਂ ਨੂੰ ਅੱਗੇ ਆਉਣ ਦਾ ਮੌਕਾ ਨਹੀਂ ਮਿਲ ਰਿਹਾ।