‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਉਹ ਕੰਪਰੋਮਾਈਜ਼ਡ ਅਫ਼ਸਰ ਜਾਂ ਉਨ੍ਹਾਂ ਵਿੱਚੋਂ ਕਿਸੇ ਇੱਕ ਨੂੰ ਚੁਣਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦਾ ਪਹਿਰੇਦਾਰ ਬਦਲਣ ਦੇ ਬਾਵਜੂਦ ਨਸ਼ਿਆਂ ਅਤੇ ਬੇਅਦਬੀ ਦੇ ਮਾਮਲਿਆਂ ਵਿੱਚ ਕੋਈ ਬਦਲਾਅ ਨਹੀਂ ਆਇਆ। ਸਰਕਾਰ ਦੇ ਨਿਕੰਮੇਪਣ ‘ਤੇ ਤੰਜ ਕੱਸਦਿਆਂ ਕਿਹਾ ਕਿ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਦੀ ਬਲੈਂਕੇਟ ਬੇਲ ਰੱਦ ਕਰਵਾਉਣ ਲਈ SLP ਤੱਕ ਨਹੀਂ ਪਾਈ ਗਈ। ਉਨ੍ਹਾਂ ਨੇ ਹੈਰਾਨੀ ਪ੍ਰਗਟ ਕੀਤੀ ਕਿ ਅਦਾਲਤ ਵੱਲੋਂ ਦੂਜੀ ਸਿੱਟ ਨੂੰ ਛੇ ਮਹੀਨੇ ਵਿੱਚ ਰਿਪੋਰਟ ਜਾਂਚ ਪੂਰੀ ਕਰਨ ਦੀ ਮੋਹਲਤ ਪੁੱਗ ਗਈ ਹੈ ਪਰ ਹਾਲੇ ਤੱਕ ਰਿਪੋਰਟ ਨਹੀਂ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਜਦੋਂ ਇੱਕ ਬਲੈਂਕੇਟ ਬੇਲ ‘ਤੇ ਹੋਵੇ ਤੇ ਦੂਜੇ ਮੁਲਜ਼ਮ ਨੂੰ ਕਲੀਨ ਚਿੱਟ ਦਿੱਤੀ ਜਾਵੇ ਤਾਂ ਇਨਸਾਫ਼ ਦੀ ਉਮੀਦ ਨਹੀਂ ਰਹਿ ਜਾਂਦੀ। ਉਨ੍ਹਾਂ ਨੇ ਭੇਦ ਦੀ ਇੱਕ ਹੋਰ ਗੱਲ ਸਾਂਝੀ ਕਰਦਿਆਂ ਕਿਹਾ ਕਿ ਨਸ਼ਿਆਂ ਦੀ ਰਿਪੋਰਟ ਵਾਲਾ ਬੰਦ ਲਿਫਾਫਾ ਸਰਕਾਰ ਕੋਲ ਪਿਆ ਹੈ ਅਤੇ ਹਾਈਕੋਰਟ ਨੇ ਜਨਤਕ ਕਰਨ ‘ਤੇ ਕੋਈ ਰੋਕ ਨਹੀਂ ਲਾਈ, ਬਾਵਜੂਦ ਇਸਦੇ ਰਿਪੋਰਟ ਖੋਲ੍ਹੀ ਨਹੀਂ ਜਾ ਰਹੀ। ਪੰਜਾਬ ਚੌਰਾਹੇ ‘ਤੇ ਖੜਾ ਹੈ ਅਤੇ ਜੇ ਤਾਂ ਇਸਨੂੰ ਸੰਭਾਲ ਲਿਆ ਗਿਆ ਤਾਂ ਪੰਜਾਬ ਡੂੰਘੀ ਖੱਡ ਵਿੱਚ ਡਿੱਗ ਜਾਵੇਗਾ ਅਤੇ ਜੇ ਬਚਾ ਲਿਆ ਗਿਆ ਤਾਂ ਵਿਕਾਸ ਕਰੇਗਾ।
ਹੁਣ ਤੱਕ ਬਣੀਆਂ ਤਿੰਨ ਸਿੱਟ
ਸਿੱਧੂ ਨੇ ਕਿਹਾ ਕਿ 9 ਅਪ੍ਰੈਲ 2021 ਨੂੰ ਹਾਈਕੋਰਟ ਨੇ ਦੂਸਰੀ ਸਿੱਟ ਦੀ ਜਾਂਚ ਵੇਖੀ ਜੋ ਕਿ ਕੋਟਕਪੂਰਾ ਗੋ ਲੀ ਕਾਂਡ ਨਾਲ ਸਬੰਧਿਤ ਸਨ। ਕੋਰਟ ਨੇ ਦਿਸ਼ਾ-ਨਿਰਦੇਸ਼ਾਂ ਦੇ ਨਾਲ ਨਵੀਂ ਜਾਂਚ ਕਰਨ ਲਈ ਕਿਹਾ। ਕੋਰਟ ਨੇ ਛੇ ਮਹੀਨਿਆਂ ਵਿੱਚ ਰਿਪੋਰਟ ਮੰਗੀ ਸੀ ਪਰ ਨਤੀਜਾ ਕੀ ਨਿਕਲਿਆ, ਸਭ ਨੂੰ ਪਤਾ ਹੈ। 7 ਮਈ 2021 ਨੂੰ ਤੀਜੀ ਸਿੱਟ ਬਣੀ। ਅੱਜ ਛੇ ਮਹੀਨੇ ਇੱਕ ਦਿਨ ਹੋ ਗਿਆ ਹੈ। ਹੁਣ ਤੱਕ ਤਿੰਨ ਐੱਸਆਈਟੀ ਬਣ ਗਈਆਂ ਹਨ ਪਰ ਚਾਰਜਸ਼ੀਟ ਕਿੱਥੇ ਹੈ। ਮਈ ਵਿੱਚ ਨਵੀਂ ਸਿੱਟ ਬਣਦੀ ਹੈ ਪਰ ਹਾਲੇ ਤੱਕ ਚਾਰਜਸ਼ੀਟ ਪੇਸ਼ ਨਹੀਂ ਕੀਤੀ ਗਈ ਹੈ।
SLP ਨਾ ਪਾਉਣ ‘ਤੇ ਚੁੱਕੇ ਸਵਾਲ
ਨਵਜੋਤ ਸਿੱਧੂ ਨੇ ਕਿਹਾ ਕਿ ਬੇਅਦਬੀ ਮਾਮਲੇ ਵਿੱਚ ਮੁੱਖ ਦੋਸ਼ੀ ਸੁਮੇਧ ਸਿੰਘ ਸੈਣੀ ਹੈ। ਜੇ ਇਸ ਦੋਸ਼ੀ ਨੂੰ ਬਲੈਂਕੇਟ ਜ਼ਮਾਨਤ ਮਿਲੀ ਹੈ ਤਾਂ ਜਾਂਚ ਕਿਵੇਂ ਮੁਕੰਮਲ ਹੋਵੇਗੀ। ਇੱਕ ਮਹੀਨਾ ਹੋਰ ਟੱਪਿਆ ਤੇ ਨਵੀਂ ਸਰਕਾਰ ਵੱਲ ਮੂੰਹ ਆਇਆ। ਕੀ ਨਵੀਂ ਸਰਕਾਰ ਨੇ ਸੈਣੀ ਦੀ ਬਲੈਂਕੇਟ ਜ਼ਮਾਨਤ ਰੱਦ ਕਰਨ ਲਈ SLP ਪਾਈ ਹੈ ? ਇਨ੍ਹਾਂ ਨੇ ਕਿਹੜੀ SLP ਪਾਈ ਹੈ ? ਸਿੱਧੂ ਨੇ ਏਜੀ ਅਤੇ ਡੀਜੀਪੀ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਇੱਕ ਨੇ ਕਲੀਨ ਚਿੱਟ ਦਿੱਤੀ ਹੈ ਅਤੇ ਦੂਜੇ ਨੇ ਬਲੈਂਕੇਟ ਜ਼ਮਾਨਤ ਦਿਵਾਈ ਹੈ। ਦੋ-ਤਿੰਨ ਮਹੀਨੇ ਪਹਿਲਾਂ ਇਨ੍ਹਾਂ ਦੋਵਾਂ ਮੁੱਦਿਆਂ ‘ਤੇ ਹੀ ਸਾਰੇ ਪਾਸਿਆਂ ਤੋਂ ਵਿਰੋਧ ਹੋਇਆ ਸੀ। ਜੇ ਲੋਕਾਂ ਨੂੰ ਅੱਜ ਪਿੱਠ ਵਿਖਾਈ ਤਾਂ ਰਾਤ ਨੂੰ ਇਹ ਸੌਂ ਨਹੀਂ ਸਕਣਗੇ। ਨਾ ਤਾਂ ਇਨ੍ਹਾਂ ਨੇ SLP ਲਾਉਣੀ ਅਤੇ ਨਾ ਹੀ ਕੋਰਟ ਵਿੱਚ ਜਾਣਾ ਹੈ ਅਤੇ ਇਸ ਤਰ੍ਹਾਂ ਇਨ੍ਹਾਂ ਨੇ ਸਮਾਂ ਟਪਾ ਦੇਣਾ ਹੈ। ਛੇ ਮਹੀਨਿਆਂ ਬਾਅਦ ਮੈਂ ਮੁੜ ਇਹ ਮੁੱਦੇ ਚੁੱਕੇ ਹਨ। ਤੁਸੀਂ ਇਨਸਾਫ ਦੇਣਾ ਸੀ ਕਿ ਜਾਂ ਫਿਰ ਢਾਲ ਬਣ ਕੇ ਦੋਸ਼ੀਆਂ ਨਾਲ ਖੜਨਾ ਸੀ। ਕੋਈ ਵੀ ਗੱਲ ਲੁਕੀ ਹੋਈ ਨਹੀਂ ਹੈ।
ਡਰੱਗ ਰਿਪੋਰਟ ਬਾਰੇ ਦੱਸੀ ਭੇਦ ਭਰੀ ਗੱਲ
ਸਿੱਧੂ ਨੇ ਦਾਅਵਾ ਕੀਤਾ ਹੈ ਕਿ ਅਸੀਂ ਡਰੱਗ ਵਾਲੀ ਰਿਪੋਰਟ ਨੂੰ ਖੋਲ੍ਹਣਾ ਹੈ। ਐੱਸਟੀਐੱਫ ਦੀ ਰਿਪੋਰਟ ਖੋਲ੍ਹਣ ਤੋਂ ਕੌਣ ਰੋਕ ਰਿਹਾ ਹੈ। ਸਰਕਾਰ ਨੂੰ ਕਿਸਦਾ ਡਰ ਹੈ, ਸਰਕਾਰ ਕਿਉਂ ਨਹੀਂ ਰਿਪੋਰਟ ਜਨਤਕ ਕਰ ਰਹੀ ਹੈ। ਹਾਲਾਂਕਿ, ਹਾਈਕੋਰਟ ਨੇ ਰਿਪੋਰਟ ਸਰਕਾਰ ਨੂੰ ਦਿੱਤੀ ਹੋਈ ਹੈ। ਸਿੱਧੂ ਨੇ ਕਿਹਾ ਕਿ ਮੈਂ ਸਟੇਜ ‘ਤੇ ਕਦੇ ਬਿਨਾਂ ਨੈਤਿਕਤਾ ਦੇ ਨਹੀਂ ਚੜਿਆ। ਸਿੱਧੂ ਪੌਣੇ ਪੰਜ ਸਾਲ ਜਿੱਥੇ ਖੜਾ ਸੀ, ਅੱਜ ਵੀ ਉੱਥੇ ਹੀ ਖੜਾ ਹੈ ਪਰ ਜਿਹੜੇ ਬਦਲੇ ਹਨ, ਉਹ ਆਪਣਾ ਸਟੈਂਡ ਕਲੀਅਰ ਕਰਨ।
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਹੋਈ ਕਟੌਤੀ ਦਾ ਵੀ ਕੀਤਾ ਜ਼ਿਕਰ
ਸਿੱਧੂ ਨੇ ਪੈਟਰੋਲ-ਡੀਜ਼ਲ ਸਸਤਾ ਕਰਨ ‘ਤੇ ਵੀ ਪੰਜਾਬ ਸਰਕਾਰ ‘ਤੇ ਨਿਸ਼ਾਨਾ ਕੱਸਿਆ ਹੈ। ਸਿੱਧੂ ਨੇ ਕਿਹਾ ਕਿ ਕੀ ਪੰਜ ਸਾਲਾਂ ਤੱਕ ਤੇਲ ਸਸਤਾ ਰਹੇਗਾ। ਬੇਸ਼ੱਕ ਤੇਲ ਦੀਆਂ ਕੀਮਤਾਂ ਥੋੜ੍ਹੀਆਂ ਘਟੀਆਂ ਹਨ ਪਰ ਕੀ ਅਗਲੇ ਪੰਜ ਸਾਲਾਂ ਤੱਕ ਇਹ ਫੈਸਲਾ ਲਾਗੂ ਰਹੇਗਾ ? ਸਿੱਧੂ ਨੇ ਕਿਹਾ ਕਿ ਜਦੋਂ ਵਧੀਆ ਕੰਮ ਹੁੰਦਾ ਹੈ, ਮੈਂ ਠੋਕ ਕੇ ਤਾਰੀਫ ਕਰਦਾ ਹਾਂ ਜਿਵੇਂ ਕਿ ਬਿਜਲੀ ਸਮਝੌਤੇ ਰੱਦ ਹੋਣ ‘ਤੇ ਅਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਕਟੌਤੀ ਹੋਣ ‘ਤੇ ਮੈਂ ਇਸਦੀ ਸ਼ਲਾਘਾ ਕੀਤੀ ਸੀ।