‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਪੰਜਾਬ ਸਰਕਾਰ ਵੱਲੋਂ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਨਾਮਜ਼ਦ ਹੋਏ ਐਸਪੀ ਬਿਕਰਮਜੀਤ ਸਿੰਘ ਨੂੰ ਬਹਾਲ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਉਨ੍ਹਾਂ ਵੱਲੋਂ ਆਪਣੀ ਬਹਾਲੀ ਲਈ ਹਾਈ ਕੋਰਟ ਤੱਕ ਪਹੁੰਚ ਕੀਤੀ ਗਈ ਸੀ, ਹਾਲਾਂਕਿ ਇਹ ਮਾਮਲਾ ਅਜੇ ਹਾਈ ਕੋਰਟ ਵਿੱਚ ਵਿਚਾਰਿਆ ਜਾ ਰਿਹਾ ਹੈ। ਅਕਾਲੀ ਦਲ ਨੇ ਇਸ ਬਹਾਲੀ ਉਤੇ ਚੰਨੀ ਸਰਕਾਰ ਉੱਤੇ ਸਵਾਲ ਖੜ੍ਹੇ ਕੀਤੇ ਹਨ। ਦੱਸ ਦਈਏ ਕਿ ਪਿਛਲੀ ਕੈਪਟਨ ਸਰਕਾਰ ਨੇ ਬਹਿਬਲ ਕਲਾਂ ਗੋਲੀ ਕਾਂਡ ਵਿਚ ਨਾਮ ਸਾਹਮਣੇ ਆਉਣ ਪਿੱਛੋਂ ਬਿਕਰਮਜੀਤ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।
ਬਰਗਾੜੀ ਬੇਅਦਬੀ ਕਾਂਡ ਦੇ ਵਿਰੋਧ ਵਿੱਚ ਬਹਿਬਲ ਕਲਾਂ ਵਿਖੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੀਆਂ ਸੰਗਤਾਂ ’ਤੇ 14 ਅਕਤੂਬਰ 2015 ਨੂੰ ਗੋਲੀਆਂ ਚਲਾ ਕੇ 2 ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਹੀ ਫ਼ਰੀਦਕੋਟ ਦੇ ਐਸ.ਪੀ.-ਡੀ. ਬਿਕਰਮਜੀਤ ਸਿੰਘ ਨੂੰ ਪੰਜਾਬ ਸਰਕਾਰ ਨੇ ਨਾਮਜਦ ਕੀਤਾ ਸੀ।
ਬਿਕਰਮਜੀਤ ਸਿੰਘ ਦੀ ਨਵੀਂ ਪੋਸਟਿੰਗ ਦੇ ਹੁਕਮ ਸਨਿਚਰਵਾਰ 6 ਨਵੰਬਰ ਨੂੰ ਸਰਕਾਰ ਵੱਲੋਂ ਜਾਰੀ ਕੀਤੇ 2 ਆਈ.ਪੀ.ਐਸ. ਅਤੇ 35 ਪੀ.ਪੀ.ਐਸ.ਅਧਿਕਾਰੀਆਂ ਦੀ ਸੂਚੀ ਵਿੱਚ ਸ਼ਾਮਲ ਹਨ। ਇਸ ਸੂਚੀ ਵਿੱਚ 31 ਨੰਬਰ ’ਤੇ ਬਿਕਰਮਜੀਤ ਸਿੰਘ ਦਾ ਨਾਂਅ ਸ਼ਾਮਲ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਮੁਅੱਤਲੀ ਤੋਂ ਬਹਾਲੀ ਉਪਰੰਤ ਪੋਸਟਿੰਗ ਲਈ ਉਪਲਬਧ ਇਸ ਅਧਿਕਾਰੀ ਨੂੰ ਇਕ ਖਾਲੀ ਅਸਾਮੀ ’ਤੇ ਐਸ.ਪੀ.ਟੈਕਨੀਕਲ ਸੱਪੋਰਟ ਸਰਵਿਸਿਜ਼, ਪੰਜਾਬ, ਚੰਡੀਗੜ੍ਹ ਤਾਇਨਾਤ ਕੀਤਾ ਗਿਆ ਹੈ।
ਅਕਾਲੀ ਦਲ ਨੇ ਇਸ ਮਾਮਲੇ ’ਤੇ ਵਿਅੰਗ ਕੱਸਿਆ ਹੈ। ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ: ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ‘ਇਸ ਲਈ ਅਰਦਾਸ ਕਿਸਨੇ ਕੀਤੀ ਸੀ?’
ਇਕ ਅੰਗਰੇਜ਼ੀ ਅਖ਼ਬਾਰ ਨੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਬਹਾਲੀ ਜੁਲਾਈ, 2021 ਵਿੱਚ ਹੀ ਉਸ ਵੇਲੇ ਦੇ ਵਧੀਕ ਮੁੱਖ ਸਕੱਤਰ ਗ੍ਰਹਿ ਅਤੇ ਡੀ.ਜੀ.ਪੀ. ਦੀ ਸਿਫਾਰਿਸ਼ ’ਤੇ ਹੋ ਗਈ ਸੀ ਜਦਕਿ ਅਖ਼ਬਾਰ ਨੇ ਖ਼ੁਦ ਬਿਕਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾਅਵਾ ਕੀਤਾ ਕਿ ਉਹਨਾਂ ਦੀ ਬਹਾਲੀ 15 ਦਿਨ ਪਹਿਲਾਂ ਹੀ ਹੋਈ ਹੈ। ਐਸ.ਪੀ. ਬਿਕਰਮਜੀਤ ਸਿੰਘ ਨੂੰ ਐਸ.ਆਈ.ਟੀ. ਦੇ ਸਾਹਮਣੇ ਪੇਸ਼ ਨਾ ਹੋਣ ਅਤੇ ਡਿਊਟੀ ਤੋਂ ਗੈਰ ਹਾਜ਼ਰ ਰਹਿਣ ਦੇ ਦੋਸ਼ਾਂ ਹੇਠ 2019 ਵਿੱਚ ਮੁਅੱਤਲ ਕੀਤਾ ਗਿਆ ਸੀ।