India Punjab

ਚੰਨੀ ਸਾਹਬ! ਪੰਜਾਬ ਵਾਲੇ ਵੀ ਲੈ ਰਹੇ ਨੇ ਮਹਿੰਗਾ ਪੈਟਰੋਲ-ਡੀਜ਼ਲ, ਮਾਰੋ ਹੰਭਲਾ, ਕਰੋ ਸੌਖੇ

‘ਦ ਖ਼ਾਲਸ ਟੀਵੀ ਬਿਊਰੋ:- ਹਰਿਆਣਾ, ਹਿਮਾਚਲ ਤੇ ਚੰਡੀਗੜ ਨੇ ਪੈਟਰੋਲ ਡੀਜ਼ਲ ਸਸਤਾ ਕਰ ਦਿੱਤਾ ਹੈ ਪਰ ਸਾਡੇ ਪੰਜਾਬ ਦੇ ਲੀਡਰਾਂ ਦਾ ਹਾਲੇ ਤੱਕ ਇੱਧਰ ਧਿਆਨ ਨਹੀਂ ਗਿਆ ਹੈ। ਹਾਲਾਂਕਿ ਜ਼ਿਮਨੀ ਚੋਣਾਂ ਵਿੱਚ ਹਾਰ ਮਗਰੋਂ ਕੇਂਦਰ ਦੀ ਭਾਜਪਾ ਸਰਕਾਰ ਨੇ ਡੀਜ਼ਲ ਤੇ ਪੈਟਰੋਲ ਵਿੱਚ ਪ੍ਰਤੀ ਲਿਟਰ 10 ਰੁਪਏ ਦੀ ਕਟੌਤੀ ਕੀਤੀ ਹੈ ਜ਼ਿਆਦਾਤਰ ਲੋਕ ਭਾਵੇਂ ਖੁਸ਼ ਨੇ ਪਰ ਕਈ ਲੋਕ ਸਮਝਦੇ ਨੇ ਕਿ 40 ਵਧਾਉਣ ਤੋਂ 5 ਰੁਪਏ ਘਟਾ ਦੇਣਾ ਅੱਖਾਂ ਚ ਘੱਟਾ ਪਾਉਣ ਦੇ ਬਰਾਬਰ ਹੀ ਹੈ।

ਸੈਂਟਰ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਹੁਣ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਆਪਣੇ ਟੈਕਸਾਂ ਵਿੱਚ ਕਟੌਤੀ ਕਰ ਦਿੱਤੀ ਹੈ ਜਿਸ ਤੋਂ ਬਾਅਦ ਪੰਜਾਬ ਨਾਲੋਂ ਤੇਲ ਗੁਆਂਢੀ ਸੂਬਿਆਂ ਵਿੱਚ ਸਸਤਾ ਹੋ ਗਿਆ ਹੈ। ਪੰਜਾਬ ਦੇ ਪੈਟਰੋਲ ਪੰਪ ਡੀਲਰਜ਼ ਲਈ ਇਹ ਵੱਡਾ ਘਾਟੇ ਦਾ ਸੌਦਾ ਵੀ ਬਣ ਗਿਆ ਹੈ ਕਿਉਂਕਿ ਜ਼ਾਹਰ ਤੌਰ ਤੇ ਪੰਜਾਬ ਵਿੱਚ ਤੇਲ ਦੀ ਵਿਕਰੀ ਘਟੇਗੀ।

ਕਿੱਥੇ ਕਿੰਨਾ ਸਸਤਾ ਹੋਇਆ ਤੇਲ
ਹਰਿਆਣਾ ਸਰਕਾਰ ਨੇ ਡੀਜ਼ਲ ਦੋ ਰੁਪਏ ਅਤੇ ਪੈਟਰੋਲ 7 ਰੁਪਏ ਪ੍ਰਤੀ ਲਿਟਰ ਟੈਕਸ ਘਟਾ ਦਿੱਤੇ ਹਨ।
ਚੰਡੀਗੜ੍ਹ ਪ੍ਰਸ਼ਾਸਨ ਨੇ ਵੀ 7 ਰੁਪਏ ਪ੍ਰਤੀ ਲਿਟਰ ਕੀਮਤ ਵਿੱਚ ਕਟੌਤੀ ਕਰ ਦਿੱਤੀ ਹੈ।
ਹਿਮਾਚਲ ਪ੍ਰਦੇਸ਼ ਸਰਕਾਰ ਨੇ ਪੈਟਰੋਲ ਦੀ ਕੀਮਤ 7.5 ਫੀਸਦੀ ਅਤੇ ਡੀਜ਼ਲ 8 ਫੀਸਦੀ ਘਟਾ ਦਿੱਤਾ ਹੈ।
ਉੱਤਰ ਪ੍ਰਦੇਸ਼ ਵਿੱਚ 12 ਰੁਪਏ ਦੀ ਛੋਟ ਹੈ।
ਆਸਾਮ-7 ਰੁਪਏ ਦੀ ਛੋਟ ਦਿੱਤੀ ਗਈ ਹੈ।

ਜੇਕਰ ਤੁਲਨਾ ਕਰੀਏ ਤਾਂ ਪੰਜਾਬ ਵਿਚ ਹੁਣ ਪੈਟਰੋਲ 106.20 ਰੁਪਏ ਪ੍ਰਤੀ ਲਿਟਰ ਹੈ ਜਦੋਂ ਕਿ ਹਰਿਆਣਾ ਵਿੱਚ 94.93 ਰੁਪਏ, ਚੰਡੀਗੜ੍ਹ ਵਿੱਚ 94.23 ਰੁਪਏ, ਹਿਮਾਚਲ ਪ੍ਰਦੇਸ਼ ਵਿੱਚ 95.97 ਰੁਪਏ ਪ੍ਰਤੀ ਲਿਟਰ ਹੈ। ਇਸੇ ਤਰ੍ਹਾਂ ਪੰਜਾਬ ਵਿੱਚ ਡੀਜ਼ਲ ਹੁਣ 89.83 ਰੁਪਏ ਪ੍ਰਤੀ ਲਿਟਰ, ਹਰਿਆਣਾ ਵਿੱਚ 86.57 ਰੁਪਏ, ਚੰਡੀਗੜ੍ਹ ਵਿੱਚ 80.90 ਰੁਪਏ ਅਤੇ ਹਿਮਾਚਲ ਵਿੱਚ 80.54 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ।

ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਤੇ ਕੈਬਨਿਟ ਮੰਤਰੀ ਰਾਜਕੁਮਾਰ ਵੇਰਕਾ ਨੇ ਆਸ ਜਤਾਈ ਹੈ ਕਿ ਕੱਲ੍ਹ ਦੀ ਬੈਠਕ ‘ਚ ਇਹ ਐਲਾਨ ਹੋ ਹੀ ਜਾਣਾ ਹੈ। ਤੇ ਸਰਕਾਰ ਦਾ ਦਿਲ ਸ਼ਾਇਦ ਇਸ ਕਰਕੇ ਵੀ ਨਹੀਂ ਪੈ ਰਿਹਾ ਕਿਉਂਕਿ ਪੰਜਾਬ ਸਰਕਾਰ ਨੂੰ ਤੇਲ ਕੀਮਤਾਂ ਵਿੱਚ ਹੋਏ ਵਾਧੇ ਨਾਲ ਚੋਖੀ ਕਮਾਈ ਹੋਈ ਹੈ।

ਚਾਲੂ ਮਾਲੀ ਵਰ੍ਹੇ 2021 ਦੇ ਪਹਿਲੇ ਛੇ ਮਹੀਨਿਆਂ ਦੌਰਾਨ ਪੰਜਾਬ ਸਰਕਾਰ ਨੂੰ 1439 ਕਰੋੜ ਰੁਪਏ ਦੀ ਪਿਛਲੇ ਵਰ੍ਹੇ ਨਾਲੋਂ ਵੱਧ ਕਮਾਈ ਹੋਈ ਹੈ। ਅਪਰੈਲ 2020 ਤੋਂ ਸਤੰਬਰ 2020 ਤੱਕ ਸਰਕਾਰ ਨੂੰ ਤੇਲ ਤੇ ਟੈਕਸਾਂ ਤੋਂ 2237 ਕਰੋੜ ਦੀ ਆਮਦਨ ਹੋਈ ਸੀ ਜਦੋਂ ਕਿ ਐਤਕੀਂ ਇਨ੍ਹਾਂ ਛੇ ਮਹੀਨਿਆਂ ਵਿੱਚ 3776 ਕਰੋੜ ਕਮਾਏ ਹਨ ਜੋ ਪਿਛਲੇ ਵਰ੍ਹੇ ਦੇ ਮੁਕਾਬਲੇ ਕਰੀਬ 61 ਫੀਸਦੀ ਵਾਧਾ ਬਣਦਾ ਹੈ।