Punjab

ਨਵਜੋਤ ਸਿੱਧੂ ਆਪਣੇ ਸਿਆਸੀ ਲਾਹੇ ਲਈ ਫੈਲਾ ਰਹੇ ਨੇ ਗਲਤ ਜਾਣਕਾਰੀ – ਦਿਓਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ ਅਮਰਪ੍ਰੀਤ ਸਿੰਘ ਦਿਓਲ (APS Deol) ਨੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਉਹਨਾਂ ਦੀ ਹੀ ਭਾਸ਼ਾ ਵਿੱਚ ਜਵਾਬ ਦਿੱਤਾ ਹੈ। ਦਿਓਲ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਆਪਣੇ ਸਿਆਸੀ ਫਾਇਦੇ ਲਈ ਆਪਣੀ ਹੀ ਸਰਕਾਰ ਦਾ ਨੁਕਸਾਨ ਕਰ ਰਹੇ ਹਨ।

ਨਵਜੋਤ ਸਿੰਘ ਸਿੱਧੂ ਸਰਕਾਰ ਅਤੇ ਐਡਵੋਕੇਟ ਜਨਰਲ ਦੇ ਦਫ਼ਤਰ ਦੇ ਕੰਮਕਾਜ ਵਿੱਚ ਰੁਕਾਵਟਾਂ ਪਾ ਰਹੇ ਹਨ। ਉਸ ਦੇ ਬਿਆਨ “ਡਰੱਗ ਰੈਕੇਟ ਨਾਲ ਜੁੜੇ ਮਾਮਲੇ” ਅਤੇ “ਬੇਅਦਬੀ ਦੇ ਕੇਸਾਂ” ਵਿੱਚ ਨਿਆਂ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਦੇ ਯਤਨਾਂ ਨੂੰ ਪਟੜੀ ਤੋਂ ਉਤਾਰਨ ਦਾ ਕੰਮ ਕਰ ਰਹੇ ਹਨ। ਸਿੱਧੂ ਆਪਣੇ ਸਿਆਸੀ ਸਾਥੀਆਂ ‘ਤੇ ਸਿਆਸੀ ਲਾਹਾ ਲੈਣ ਲਈ ਗਲਤ ਜਾਣਕਾਰੀ ਫੈਲਾ ਰਹੇ ਹਨ।

ਉਹਨਾਂ ਵੱਲੋਂ ਪੰਜਾਬ ਦੇ ਐਡਵੋਕੇਟ ਜਨਰਲ ਦੇ ਸੰਵਿਧਾਨਕ ਦਫ਼ਤਰ ਦਾ ਸਿਆਸੀਕਰਨ ਕਰਕੇ ਆਪਣੇ ਸੁਆਰਥੀ ਸਿਆਸੀ ਲਾਹੇ ਲਈ ਪੰਜਾਬ ਵਿੱਚ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਦੀ ਕਾਰਜਪ੍ਰਣਾਲੀ ਨੂੰ ਖ਼ਰਾਬ ਕਰਨ ਦੀ ਕੋਝੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਤੁਹਾਨੂੰ ਦੱਸ ਦਈਏ ਕਿ ਏਪੀਐਸ ਦਿਓਲ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ, ਪਰ ਉਹਨਾਂ ਨੂੰ ਅਗਲੇ ਐਡਵੋਕੇਟ ਜਨਰਲ ਦੀ ਨਿਯੁਕਤੀ ਤੱਕ ਏਜੀ ਵਜੋਂ ਕੰਮ ਕਰਨ ਦੇ ਨਿਰਦੇਸ਼ ਮਿਲੇ ਹਨ।