India Punjab

ਪੰਜਾਬ ਸਰਕਾਰ ਦੀਆਂ ਅੱਖਾਂ ‘ਚ ਰੜਕਿਆ ਇੰਡੋ ਕਨੈਡੀਅਨ ਬੱਸਾਂ ਦਾ ਲਾਇਆ ‘ਚੂਨਾ’

‘ਦ ਖ਼ਾਲਸ ਟੀਵੀ ਬਿਊਰੋ:- ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਪੰਜਾਬ ਤੋਂ ਦਿੱਲੀ ਏਅਰਪੋਰਟ ਤੱਕ ਜਾ ਰਹੀਆਂ ਸਿਰਫ ਤੇ ਸਿਰਫ ਬਾਦਲ ਪਰਿਵਾਰ ਦੀਆਂ ਇੰਡੋ ਕਨੈਡੀਅਨ ਬੱਸਾਂ ਉੱਤੇ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਲਈ ਹੈ। ਇਨ੍ਹਾਂ ਬੱਸਾਂ ਵੱਲੋਂ ਸਟੇਟ ਟ੍ਰਾਂਸਪੋਰਟ ਤੇ ਮਾਲੀਏ ਨੂੰ ਤਕੜਾ ਚੂਨਾ ਲਾਇਆ ਜਾ ਰਿਹਾ ਹੈ। ਇਹ ਦੱਸ ਦਈਏ ਕਿ ‘ਦ ਖਾਲਸ ਟੀਵੀ ਨੇ 5 ਨਵੰਬਰ ਨੂੰ ਆਪਣੇ ਖਾਸ ਪ੍ਰੋਗਰਾਮ ਖਾਲਸ ਚਰਚਾ ਵਿੱਚ ਇਸ ਮੁੱਦੇ ਉੱਤੇ ਵਿਸਥਾਰਤ ਚਰਚਾ ਕੀਤੀ। ਇਸ ਤੋਂ ਬਾਅਦ ਟ੍ਰਾਂਸਪੋਰਟ ਵਿਭਾਗ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆ ਕਾਰਵਾਈ ਕਰਨ ਦੀ ਪਹਿਲ ਕੀਤੀ ਹੈ।

ਜਾਣਕਾਰੀ ਮੁਤਾਬਿਕ, ਇੰਡੋ ਕਨੈਡੀਅਨ ਬੱਸਾਂ ਕੰਟਰੈਕਟ ਕੈਰੀਅਰ ਭਾਵ ਕਿ ਟੂਰਿਸਟ ਪਰਮਿਟ ਉੱਤੇ ਚੱਲ ਰਹੀਆਂ ਹਨ। ਇਸ ਨਾਲ ਪੰਜਾਬ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਕਿਉਂ ਕਿ ਪੰਜਾਬ ਸਰਕਾਰ ਦੀਆਂ ਵੌਲਵੋ ਬੱਸਾਂ ਨੂੰ ਦਿੱਲੀ ਬਸ ਸਟੈਂਡ ਤੋਂ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ। ਟ੍ਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਵਿਭਾਗ ਤੋਂ ਇਲਾਵਾ ਅਧਿਕਾਰੀਆਂ ਦੀ ਪੂਰੀ ਰਿਪੋਰਟ ਤਲਬ ਕੀਤੀ ਹੈ। ਰਾਜਾ ਵੜਿੰਗ ਨੇ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ।

ਸਾਲ 1993 ਦੇ ਰੂਪ ਮੁਤਾਬਿਕ ਟੂਰਿਸਟ ਪਰਮਿਟ ਉੱਤੇ ਸਿਰਫ ਟੂਰਿਸਟ ਸਰਕਿਟ ਦੇ ਯਾਤਰੀਆਂ ਨੂੰ ਹੀ ਬਿਠਾਇਆ ਜਾ ਸਕਦਾ ਹੈ। ਪਰ ਇੰਡੋ ਕਨੈਡੀਅਨ ਬਸਾਂ ਇਸ ਪਰਮਿਟ ਨੂੰ ਸਟੇਜ ਕੈਰੇਜ ਪਰਮਿਟ ਦੇ ਰੂਪ ਵਿਚ ਵਰਤ ਕੇ ਥਾਂ-ਥਾਂ ਤੋਂ ਸਵਾਰੀਆਂ ਚੁੱਕ ਕੇ ਸਿੱਧੀਆਂ ਏਅਰਪੋਰਟ ਜਾ ਰਹੀਆਂ ਹਨ। ਇਸਦੀਆਂ ਟਿਕਟਾਂ ਵੀ ਆਨਲਾਇਨ ਵਿਕ ਰਹੀਆਂ ਹਨ, ਜਿਸਨੂੰ ਨਹੀਂ ਵੇਚ ਸਕਦੇ।

ਇਹ ਵੀ ਨਿਯਮ ਹੈ ਕਿ ਬਸ ਡਰਾਇਵਰਾਂ ਕੋਲ ਯਾਤਰੀਆਂ ਦੀ ਲਿਸਟ ਹੋਣੀ ਚਾਹੀਦੀ ਹੈ। ਆਈਡੀ ਨਾਂ ਦੇ ਆਰਟੀਏ ਵੱਲੋਂ ਵੀ ਇਹ ਅਪਰੂਵ ਹੋਣੀ ਚਾਹੀਦੀ ਹੈ, ਪਰ ਇੰਡੋ ਕਨੈਡੀਅਨ ਬੱਸਾਂ ਨਿਯਮਾਂ ਨੂੰ ਛਿੱਕੇ ਟੰਗ ਕੇ ਚੱਲ ਰਹੀਆਂ ਹਨ।

ਪੰਜਾਬ ਰੋਡਵੇਜ ਦੀਆਂ ਪਨਬਸ ਦੀਆਂ 10 ਤੇ ਪੀਆਰਟੀਸੀ ਦੀਆਂ 6 ਵੌਲਵੋ ਬੱਸਾਂ ਏਅਰਪੋਰਟ ਲਈ ਚਲਾਈਆਂ ਜਾਂਦੀਆਂ ਸਨ, ਜੋ ਹੁਣ ਬੰਦ ਹਨ।

ਇੰਡੋ ਕਨੈਡੀਅਨ ਦੀਆਂ ਰੋਜਾਨਾਂ ਕਰੀਬ 27 ਬੱਸਾਂ ਸਿੱਧੀਆਂ ਏਅਰਪੋਰਟ ਜਾ ਰਹੀਆਂ ਹਨ। ਇਨ੍ਹਾਂ ਦੀ 2500 ਰੁਪਏ ਤੱਕ ਟਿਕਟ ਹੈ।