Punjab

ਮੁੱਖ ਮੰਤਰੀ ਚੰਨੀ ਨੇ ਇਤਿਹਾਸਕ ਫੈਸਲਾ ਤਾਂ ਖੀਸੇ ‘ਚ ਲੁਕੋ ਰੱਖਿਐ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਜਦੋਂ ਪੰਜਾਬ ਦਿਵਸ ‘ਤੇ ਹੋਏ ਇਤਿਹਾਸਕ ਐਲਾਨ ਕਰਨ ਦਾ ਪ੍ਰਚਾਰ ਕਰ ਰਹੇ ਸਨ ਤਾਂ ਬਹੁਤਿਆਂ ਨੂੰ ਆਸ ਸੀ ਕਿ ਉਹ ਕਿਸਾਨੀ ਨਾਲ ਜੁੜਿਆ ਕੋਈ ਵੱਡਾ ਫੈਸਲਾ ਲੈਣਗੇ। ਉਨ੍ਹਾਂ ਵੱਲੋਂ ਜਦੋਂ ਬਿਜਲੀ ਦੀਆਂ ਦਰਾਂ ਸਸਤੀਆਂ ਕਰਨ ਅਤੇ ਮੁਲਾਜ਼ਮਾਂ ਨੂੰ 15 ਫ਼ੀਸਦੀ ਡੀਏ ਦੇਣ ਦਾ ਵੱਡਾ ਫੈਸਲਾ ਸੁਣਾਇਆ ਗਿਆ ਤਾਂ ਬਹੁਤਿਆਂ ਨੂੰ ਹੈਰਾਨੀ ਹੋਈ। ਉਹ ਨਹੀਂ ਜਾਣਦੇ ਕਿ ਚਰਨਜੀਤ ਸਿੰਘ ਚੰਨੀ ਆਪਣੀ ਪਿਟਾਰੀ ਵਿੱਚ ਕਿਸਾਨਾਂ ਨਾਲ ਜੁੜਿਆ ਕੋਈ ਵੱਡਾ ਫੈਸਲਾ ਬੰਦ ਕਰੀ ਬੈਠੇ ਹਨ। ਚਰਨਜੀਤ ਸਿੰਘ ਚੰਨੀ ਕਿਸਾਨਾਂ ਨੂੰ ਦੋ ਹਜ਼ਾਰ ਰੁਪਏ ਪੈਨਸ਼ਨ ਦੇਣ ਦਾ ਮਨ ਬਣਾਈ ਬੈਠੇ ਹਨ। ਉਨ੍ਹਾਂ ਨੇ ਸ਼ਾਇਦ ਉਸ ਵੇਲੇ ਇਹ ਇਤਿਹਾਸਕ ਫੈਸਲਾ ਬਚਾ ਲਿਆ ਹੋਵੇਗਾ ਤੇ ਉਹ ਚੋਣਾਂ ਤੋਂ ਪਹਿਲਾਂ ਵੋਟਰਾਂ ਨੂੰ ਇਤਿਹਾਸਕ ਤੋਹਫਾ ਦੇ ਦੇਣਗੇ।

ਕਿਸਾਨ ਹਿੱਤਾਂ ਲਈ ਪੰਜਾਬ ਸਰਕਾਰ ਜਿੱਥੇ ਤਿੰਨ ਖੇਤੀ ਕਾਨੂੰਨ ਪੰਜਾਬ ਵਿਧਾਨ ਸਭਾ ਵਿੱਚ ਰੱਦ ਕਰਨ ਦੀ ਤਿਆਰੀ ਕਰ ਰਹੀ ਹੈ, ਉੱਥੇ 60 ਸਾਲ ਤੋਂ ਵੱਧ ਉਮਰ ਦੇ ਕਿਸਾਨਾਂ ਨੂੰ ਦੋ ਹਜ਼ਾਰ ਰੁਪਏ ਮਹੀਨਾ ਪੈਨਸ਼ਨ ਦੇਣ ਦਾ ਮਨ ਵੀ ਬਣਾ ਲਿਆ ਹੈ। ਜਲਦ ਹੀ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਕਿਸਾਨਾਂ ਨੂੰ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਵੇਗੀ। ਇਸ ਲਈ ਸਰਕਾਰ ਵਿਸ਼ੇਸ਼ ਯੋਜਨਾ ਬਣਾ ਰਹੀ ਹੈ। ਇਹ ਵੀ ਸੰਭਾਵਨਾ ਹੈ ਕਿ ਸੱਤ ਨਵੰਬਰ ਦੀ ਕੈਬਨਿਟ ਮੀਟਿੰਗ ਵਿੱਚ ਮੱਧ ਲਿਆ ਕੇ 8 ਨਵੰਬਰ ਦੇ ਵਿਧਆਨ ਸਭਾ ਦੇ ਸੈਸ਼ਨ ਵਿੱਚ ਬਿੱਲ ਪਾਸ ਕਰ ਲਿਆ ਜਾਵੇ। ਪੰਜਾਬ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨ ਰੱਦ ਕਰਨ ਅਤੇ ਬੀਐੱਸਐੱਫ ਦਾ ਘੇਰਾ ਵਧਾਉਣ ਦਾ ਫੈਸਲਾ ਰੱਦ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਪੈਨਸ਼ਨ ਦਾ ਲਾਭ ਹੁਣੇ ਤੋਂ ਸ਼ੁਰੂ ਕਰ ਦੇਵੇ ਜਾਂ ਫਿਰ ਵੋਟਾਂ ਤੋਂ ਅਹਿਣ ਪਹਿਲਾਂ ਇਸ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ।

ਪਤਾ ਲੱਗਾ ਹੈ ਕਿ ਸਰਕਾਰ ਨੇ ਸਰਵੇ ਸ਼ੁਰੂ ਕਰਵਾ ਦਿੱਤਾ ਹੈ ਇਹ ਪਤਾ ਲਾਉਣ ਲਈ ਕਿ ਪੰਜਾਬ ਵਿੱਚ 60 ਸਾਲ ਤੋਂ ਵੱਧ ਉਮਰ ਦੇ ਕਿੰਨੇ ਕਿਸਾਨ ਹਨ। ਉਮਰ ਨੂੰ ਪਹਿਲੀ ਅਗਸਤ 2021 ਨੂੰ ਗਿਣਿਆ ਜਾਵੇਗਾ। ਪਤਾ ਲੱਗਾ ਹੈ ਕਿ ਚਰਨਜੀਤ ਸਿੰਘ ਚੰਨੀ ਆਪਣੇ ਵਿਸ਼ਵਾਸ ਪਾਤਰ ਅਫ਼ਸਰਾਂ ਨਾਲ ਪੈਨਸ਼ਨ ਦੇ ਮੁੱਦੇ ਨੂੰ ਲੈ ਕੇ ਕਈ ਦਿਨਾਂ ਤੋਂ ਗੱਲਬਾਤ ਕਰ ਰਹੇ ਹਨ। ਸਰਵੇ ਤੋਂ ਇਹ ਵੀ ਪਤਾ ਲੱਗ ਜਾਵੇਗਾ ਕਿ ਪੰਜਾਬ ਵਿੱਚ ਕਿਸਾਨਾਂ ਦੀ ਗਿਣਤੀ ਕਿੰਨੀ ਹੈ ਅਤੇ ਪੈਨਸ਼ਨ ਸਕੀਮ ਸ਼ੁਰੂ ਕਰਨ ਨਾਲ ਸੂਬੇ ਦੇ ਖ਼ਜ਼ਾਨੇ ਉੱਤੇ ਕਿੰਨਾ ਕੁ ਵਿੱਤੀ ਬੋਝ ਪਵੇਗਾ। ਉਂਝ ਅਸਲੀਅਤ ਸਰਵੇ ਪੂਰਾ ਹੋਣ ਤੋਂ ਬਾਅਦ ਹੀ ਸਾਹਮਣੇ ਆਵੇਗੀ। ਸਰਕਾਰ ਨੇ ਬਜ਼ੁਰਗ ਕਿਸਾਨਾਂ ਲਈ ਜਲਦ ਤੋਂ ਜਲਦ ਪੈਨਸ਼ਨ ਯੋਜਨਾ ਲਾਗੂ ਕਰਨ ਲਈ ਵੱਖ-ਵੱਖ ਵਿਭਾਗਾਂ ਨਾਲ ਵੀ ਰਾਬਤਾ ਸ਼ੁਰੂ ਕਰ ਲਿਆ ਹੈ। ਪਤਾ ਲੱਗਾ ਹੈ ਕਿ ਚੰਨੀ ਦੇ ਸਲਾਹਕਾਰਾਂ ਵਿੱਚ ਵਿੱਤ ਵਿਭਾਗ ਦੇ ਅਫਸਰਾਂ ਤੋਂ ਬਿਨਾਂ ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਸ਼ਾਮਿਲ ਹਨ। ਇਨ੍ਹਾਂ ਮਾਹਿਰਾਂ ਦੀਆਂ ਸਲਾਹਾਂ ਦੇ ਆਧਾਰ ‘ਤੇ ਉਹ ਜਲਦੀ ਹੀ ਆਪਣੀ ਇਸ ਯੋਜਨਾ ਨੂੰ ਅਮਲ ਵਿੱਚ ਲਿਆਉਣ ਲਈ ਦ੍ਰਿੜ ਹਨ। ਮੁੱਖ ਮੰਤਰੀ ਦਫ਼ਤਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਯੋਜਨਾ ਨੂੰ ਸਿਰੇ ਚਾੜਨ ਲਈ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ।

ਸਰਕਾਰ ਦੇ ਨੇੜਲੇ ਸੂਤਰ ਦੱਸਦੇ ਹਨ ਕਿ ਚਰਨਜੀਤ ਸਿੰਘ ਚੰਨੀ ਕਿਸਾਨਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਵੇਖਣਾ ਚਾਹੁੰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜੇ ਨਿਰਧਾਰਤ ਘੰਟਿਆਂ ਦੀ ਡਿਊਟੀ ਕਰਨ ਵਾਲੇ ਪੈਨਸ਼ਨ ਦੇ ਹੱਕਦਾਰ ਹਨ ਤਾਂ ਦਿਨ ਰਾਤ ਮਿਹਨਤ ਕਰਨ ਵਾਲਾ ਅੰਨਦਾਤਾ ਵਾਂਝਾ ਕਿਉਂ ਰੱਖਿਆ ਜਾਵੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਮੁੱਖ ਮੰਤਰੀ ਵੱਲੋਂ ਪਹਿਲਾਂ ਲਏ ਗਏ ਜ਼ਿਆਦਾਤਾਰ ਫੈਸਲੇ ਹੇਠਲੇ ਵਰਗਾਂ ਨਾਲ ਸਬੰਧਿਤ ਸਨ ਪਰ ਕਿਸਾਨ ਪੈਨਸ਼ਨ ਲਾਗੂ ਹੋਣ ਨਾਲ ਉਨ੍ਹਾਂ ਦੀਆਂ ਯੋਜਨਾਵਾਂ ਦਾ ਘੇਰਾ ਵਿਸ਼ਾਲ ਹੋ ਜਾਵੇਗਾ। ਇੱਥੇ ਇਹ ਦੱਸਣਾ ਵਾਜਿਬ ਰਹੇਗਾ ਕਿ ਕਿਸਾਨਾਂ ਨੂੰ ਪੈਨਸ਼ਨ ਦੇਣ ਦੀ ਮੰਗ ਵੀ ਉੱਠਦੀ ਰਹੀ ਹੈ ਅਤੇ ਕਈ ਸਿਆਸੀ ਪਾਰਟੀਆਂ ਦੇ ਏਜੰਡੇ ‘ਤੇ ਵੀ ਹੈ ਪਰ ਚਰਨਜੀਤ ਸਿੰਘ ਚੰਨੀ ਪਹਿਲ ਕਰ ਗਏ ਲੱਗਦੇ ਹਨ। ਮੁੱਖ ਮੰਤਰੀ ਦੇ ਇਸ ਫੈਸਲੇ ਨਾਲ ਵਿਧਾਨ ਸਭਾ ਦੀਆਂ ਅਗਲੀਆਂ ਚੋਣਾਂ ਵਿੱਚ ਕਿਸਾਨੀ ਵੋਟ ਬੈਂਕ ਕਾਂਗਰਸ ਦੇ ਹੱਕ ਵਿੱਚ ਭੁਗਤਾਉਣ ਵਿੱਚ ਸਫਲ ਵੀ ਹੋ ਸਕਦਾ ਹੈ।