‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਨਵਜੋਤ ਸਿੰਘ ਸਿੱਧੂ ਨੇ ਸ਼ਰਤਾਂ ਕਿਹਾ ਹੈ ਕਿ ਮੈਂ ਕੁੱਝ ਸ਼ਰਤਾਂ ਤਹਿਤ ਆਪਣਾ ਅਸਤੀਫਾ ਵਾਪਸ ਲੈਣ ਦਾ ਐਲਾਨ ਕਰਦਾ ਹਾਂ। ਪ੍ਰੈੱਸ ਕਾਨਫਰੰਸ ਕਰਦਿਆਂ ਸਿੱਧੂ ਨੇ ਕਿਹਾ ਕਿ ਸਾਲ 2017 ਵਿੱਚ ਦੋ ਮੁੱਦਿਆਂ ਉੱਤੇ ਸਰਕਾਰ ਬਣੀ ਸੀ। ਉਨ੍ਹਾਂ ਕਿਹਾ ਕਿ ਮੈਂ ਉਸ ਦਿਨ ਆਪਣਾ ਅਹੁਦੇ ਦਾ ਚਾਰਜ ਸੰਭਾਲਾਂਗਾ, ਜਿਸ ਦਿਨ ਨਵਾਂ ਏਜੀ ਕੰਮ ਕਰਨਾ ਸ਼ੁਰੂ ਕਰ ਦੇਵੇਗਾ।
ਉਨ੍ਹਾਂ ਆਪਣੀ ਹੀ ਸਰਕਾਰ ਉੱਤੇ ਸਵਾਲ ਚੁੱਕਦਿਆਂ ਕਿਹਾ ਕਿ 90 ਦਿਨਾਂ ਤੋਂ ਸਰਕਾਰ ਵਿੱਚ ਕੀ ਚੱਲ ਰਿਹਾ ਹੈ। ਸਿੱਧੂ ਨੇ ਇਸ ਦੌਰਾਨ ਏਜੀ ਤੇ ਡੀਜੀਪੀ ਦੀ ਨਿਯੁਕਤੀ ਉੱਤੇ ਵੀ ਸਵਾਲ ਚੁੱਕੇ ਹਨ। ਸਿੱਧੂ ਨੇ ਕਿਹਾ ਕਿ ਮੈਂ ਨਵਾਂ ਡੀਜੀਪੀ ਸਹੋਤਾ ਕਿਵੇਂ ਬਰਦਾਸ਼ਤ ਕਰ ਲਵਾਂ, ਜਿਸਨੇ ਬੇਅਦਬੀ ਮਾਮਲੇ ਵਿੱਚ ਬਾਦਲਾਂ ਨੂੰ ਕਲੀਨ ਚਿੱਟ ਦਿੱਤੀ ਸੀ। ਇਨ੍ਹਾਂ ਵਿੱਚ ਪੰਜਾਹ ਦਿਨ ਲੰਘ ਚੁੱਕੇ ਹਨ, ਪਰ ਹਾਈਕਮਾਂਡ ਦੇ 5 ਨੁਕਾਤੀ ਪ੍ਰੋਗਰਾਮ ਵਿਚੋਂ ਪਹਿਲੇ ਦੋ ਮੁੱਦੇ ਨਸ਼ਿਆਂ ਤੇ ਬੇਅਦਬੀ ਦਾ ਮੁੱਦਾ ਉੱਥੇ ਹੀ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਜਿਸ ਦਿਨ ਡੀਜੀਪੀ ਤੇ ਏਜੀ ਚਲੇ ਗਏ ਉਸ ਦਿਨ ਕਾਂਗਰਸ ਦਾ ਹਰ ਵਰਕਰ ਸਟਾਰ ਪ੍ਰਚਾਰਕ ਬਣ ਜਾਵੇਗਾ।
ਉਨ੍ਹਾਂ ਚੇਤਾਵਨੀ ਦਿਤੀ ਕਿ ਬੇਅਦਬੀ ਦਾ ਮਸਲਾ ਹੱਲ ਨਾ ਕਰਨ ਵਾਲੇ ਸੀਐਮ ਦੀ ਕੁਰਸੀ ਤੋਂ ਲਾਂਭੇ ਹੋ ਗਏ ਹਨ, ਜੇ ਹਾਲੇ ਵੀ ਮਾਮਲਾ ਹੋਰ ਲਟਕਾਇਆ ਤਾਂ ਹੁਣ ਵਾਲੇ ਵੀ ਨਹੀਂ ਲੱਭਣੇ ਹਨ।
ਸਿੱਧੂ ਨੇ ਸਵਾਲ ਕੀਤਾ ਕਿ ਪਹਿਲੀ ਕੈਬਨਿਟ ਨੇ ਕੀ ਕੀਤਾ ਹੈ, ਇਸਦਾ ਹਿਸਾਬ ਦਿੱਤਾ ਜਾਵੇ। ਬੇਅਦਬੀ ਤੇ ਨਸ਼ਿਆਂ ਨੂੰ ਲੈ ਕੇ ਕੀ ਕਦਮ ਚੁੱਕੇ ਗਏ ਹਨ, ਇਹ ਸਪਸ਼ਟ ਕੀਤਾ ਜਾਵੇ। ਜਦੋਂ ਅਸੀਂ ਪਿੰਡਾਂ ਵਿੱਚ ਜਾਵਾਂਗੇ ਤਾਂ ਲੋਕਾਂ ਨੂੰ ਕੀ ਜਵਾਬ ਦੇਵਾਂਗੇ ਕਿ ਅਸੀਂ ਕੀ ਕੀਤਾ। ਇਹ ਤਾਂ ਕਹਿ ਨਹੀਂ ਸਕਦੇ ਕਿ ਇਹ ਅਕਾਲੀ ਦਲ ਨੇ ਕਬਰ ਪੁੱਟੀ ਹੈ, ਅਸੀਂ ਇਸ ਵਿਚ ਜਾਣਾ ਹੈ।
ਬੇਅਦਬੀ ਦੇ ਮਾਮਲੇ ਵਿਚ ਆਪਣੇ ਗੁਰੂ ਨਾਲ ਨਾ ਖੜ੍ਹੇ ਹੋਏ ਤਾਂ ਕਿਸ ਨਾਲ ਖੜ੍ਹੇ ਹੋਵਾਂਗੇ। ਸੱਤਾ ਹਾਸਿਲ ਕਰਨ ਦੇ ਦੋ ਹੀ ਤਰੀਕੇ ਹਨ, ਲੋਕਾਂ ਨੂੰ ਲੌਲੀਪਾਪ ਦੇ ਕੇ ਜਾਂ ਫਿਰ ਪੰਜਾਬ ਦੀ ਤਕਦੀਰ ਬਦਲ ਕੇ।
ਉਨ੍ਹਾਂ ਕਿਹਾ ਕਿ STF ਦੀ ਰਿਪੋਰਟ ਜਨਤਕ ਕਰਨ ਦੀ ਹਿੰਮਤ ਨਹੀਂ ਹੈ ਤਾਂ ਪਾਰਟੀ ਨੂੰ ਦੇ ਦਿਓ, ਅਸੀਂ ਜਨਤਕ ਕਰਾਂਗੇ। ਉਨ੍ਹਾਂ ਕਿਹਾ ਕਿ ਵਹਾਇਟ ਪੇਪਰ ਦਾ ਮਤਲਬ ਚਿੱਟਾ ਕਾਗਜ ਨਹੀਂ ਹੁੰਦਾ, ਸਾਰਾ ਦੱਸਣਾ ਪਵੇਗਾ। ਸਿੱਧੂ ਨੇ ਕਿਹਾ ਕਿ ਹੁਣ ਅਸੀਂ ਦੇਖਣਾ ਕਿ ਲੋਕਾਂ ਨੂੰ ਲੌਲੀਪਾਪ ਦੇ ਕੇ ਸਮਾਂ ਲੰਘਾਉਣਾ ਹੈ ਜਾਂ ਏਜੰਡੇ ਉੱਤੇ ਕੰਮ ਕਰਨਾ ਹੈ। ਬਿਜਲੀ ਸਮਝੌਤਿਆਂ ਦਾ ਸਵਾਗਤ ਕਰਦਿਆਂ ਸਿੱਧੂ ਨੇ ਕਿਹਾ ਕਿ ਬਿਜਲੀ ਸਮਝੌਤਿਆਂ ਦਾ ਵਹਾਈਟ ਪੇਪਰ ਜਰੂਰ ਜਾਰੀ ਕਰੋ। ਮੇਰਾ ਚਰਨਜੀਤ ਸਿੰਘ ਚੰਨੀ ਨਾਲ ਕੋਈ ਵਖਰੇਵਾ ਨਹੀਂ ਹੈ, ਪਰ ਪੰਜਾਬ ਦੇ ਹਿੱਤਾਂ ਲਈ ਖੜ੍ਹਾ ਹਾਂ। ਸਿੱਧੂ ਨੇ ਕਿਹਾ ਕਿ ਚੰਨੀ ਲਾਰੇ ਲਗਾਉਂਦਾ ਰਿਹਾ ਤਾਂ ਮੈਨੂੰ ਆਉਣਾ ਪਿਆ ਹੈ।