India Punjab

“ਪਾਣੀ ਪਾਣੀ” ਗਾਣੇ ਦੀ ਮਿਹਨਤ ‘ਤੇ ਕਿਤੇ ਫਿਰ ਨਾ ਜਾਵੇ ਪਾਣੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਐਨੀਮਲ ਵੈੱਲਫੇਅਰ ਬੋਰਡ ਆਫ ਇੰਡੀਆ (Animal Welfare Board Of India) ਨੇ ਗਾਇਕ ਬਾਦਸ਼ਾਹ ਦੇ ਗਾਣੇ ‘ਪਾਣੀ ਪਾਣੀ’ ਦੇ ਨਿਰਮਾਤਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਪ੍ਰੋ. ਪੰਡਿਤਰਾਓ ਧਰੇਨਵਰ ਵੱਲੋਂ ਇਸ ਗਾਣੇ ਦੀ ਐਲਬਮ ਵਿੱਚ ਦਿਖਾਏ ਗਏ ਊਠਾਂ ਅਤੇ ਘੋੜਿਆਂ ‘ਤੇ ਇਤਰਾਜ਼ ਕਰਦਿਆਂ ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਨੂੰ ਸ਼ਿਕਾਇਤ ਦੇਣ ਤੋਂ ਬਾਅਦ ਬੋਰਡ ਨੇ ‘ਪਾਣੀ ਪਾਣੀ’ ਦੇ ਨਿਰਮਾਤਾ ਨੂੰ ਲਿਖਤੀ ਸਫਾਈ ਦੇਣ ਲਈ ਕਿਹਾ ਹੈ। ਕਾਰਨ ਦੱਸੋ ਨੋਟਿਸ ਵਿੱਚ ਬੋਰਡ ਵੱਲੋਂ ਲਿਖਿਆ ਗਿਆ ਹੈ ਕਿ ਬੋਰਡ ਕੋਲੋਂ ‘ਕੋਈ ਇਤਰਾਜ਼ ਨਹੀਂ’ ਪ੍ਰਮਾਣ ਪੱਤਰ ਹਾਸਲ ਕੀਤੇ ਬਗੈਰ ਇਸ ਗਾਣੇ ਵਿੱਚ ਜਾਨਵਰ ਵਿਖਾਏ ਗਏ ਹਨ, ਜੋ ‘ਪਰਫਾਰਮਿੰਗ ਐਨੀਮਲ (ਰਜਿਸਟ੍ਰੇਸ਼ਨ) ਰੂਲਸ 2001’ ਹੀ ਨਹੀਂ, ਸਗੋਂ ਮਾਣਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਵੀ ਸਰਾਸਰ ਉਲੰਘਣਾ ਹੈ।

ਕਿਉਂ ਕੀਤੀ ਗਈ ਸ਼ਿਕਾਇਤ ?

ਪੰਡਿਤ ਰਾਓ ਨੇ ਕਿਹਾ ਕਿ ਬਾਦਸ਼ਾਹ ਦੇ ਗਾਣੇ ‘ਪਾਣੀ ਪਾਣੀ’ ਵਿੱਚ ਨਾ ਸਿਰਫ਼ ਜਾਨਵਰਾਂ ਦੀ ਗਲਤ ਵਰਤੋਂ ਹੋਈ ਹੈ, ਸਗੋਂ ਔਰਤ ਦੀ ਬੇਇੱਜ਼ਤੀ ਕਰਨ ਵਾਲੇ ਦੋਹਰੇ ਅਰਥਾਂ ਵਾਲੇ ਅਸ਼ਲੀਲ ਲਫ਼ਜ਼ ਵੀ ਵਰਤੇ ਗਏ ਹਨ। ਇਸ ਲਈ ਉਹਨਾਂ ਨੇ ਆਪਣੀ ਸ਼ਿਕਾਇਤ ਭਾਰਤ ਦੇ ਮਹਿਲਾ ਕਮਿਸ਼ਨ ਨੂੰ ਵੀ ਭੇਜੀ ਹੋਈ ਹੈ। ਪੰਡਿਤਰਾਓ ਨੇ ਦੱਸਿਆ ਕਿ ਉਹਨਾਂ ਨੇ ਰਾਜਸਥਾਨ ਦੇ ਮੁੱਖ ਸਕੱਤਰ ਦੇ ਅਲਾਵਾ ਜ਼ਿਲ੍ਹਾ ਜੈਸਲਮੇਰ ਦੇ ਡਿਪਟੀ ਕਮਿਸ਼ਨਰ ਨੂੰ ਵੀ ਪੱਤਰ ਲਿਖਿਆ ਹੈ, ਜਿੱਥੇ ਇਸ ਗਾਣੇ ਦੀ ਸ਼ੂਟਿੰਗ ਹੋਈ ਹੈ। ਉਹਨਾਂ ਕਿਹਾ ਕਿ ਬਾਦਸ਼ਾਹ ਨੇ ਆਪਣੇ ਗਾਣੇ ਵਿੱਚ ਔਰਤਾਂ ਦੀ ਬੇਇੱਜ਼ਤੀ ਕਰਨ ਦੇ ਨਾਲ ਜਾਨਵਰਾਂ ਦੀ ਗ਼ਲਤ ਵਰਤੋਂ ਵੀ ਕੀਤੀ ਹੈ, ਜਿਸ ਲਈ ਉਸਦੇ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਕੋਈ ਵੀ ਵਿਅਕਤੀ ਫ਼ਿਲਮਾਂ ਅਤੇ ਗਾਣਿਆਂ ਵਿੱਚ ਔਰਤ ਦੀ ਬੇਇੱਜ਼ਤੀ ਅਤੇ ਜਾਨਵਰਾਂ ਦੀ ਗ਼ਲਤ ਵਰਤੋਂ ਕਰਨ ਦਾ ਹੀਆ ਨਾ ਕਰ ਸਕੇ।

ਪੰਜਾਬ ਸਰਕਾਰ ਤੋਂ ਕੀ ਮੰਗ ਕੀਤੀ ?

ਪੰਡਿਤਰਾਓ ਧਰੇਨਵਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਫ਼ਿਲਮਾਂ ਅਤੇ ਗਾਣਿਆਂ ਵਿੱਚ ਲੱਚਰ, ਸ਼ਰਾਬੀ ਅਤੇ ਹਥਿਆਰੀ ਗਾਣਿਆਂ ਨੂੰ ਨੱਥ ਪਾਉਣ ਲਈ ਇੱਕ ਅਜਿਹਾ ਸਖ਼ਤ ਕਾਨੂੰਨ ਬਣਾਇਆ ਜਾਵੇ, ਜੋ ਸਮੁੱਚੇ ਭਾਰਤ ਵਿੱਚ ਇੱਕ ਮਿਸਾਲ ਸਾਬਤ ਹੋਵੇ।

ਕੌਣ ਹਨ ਧਰੇਨਵਰ ?

ਲੱਚਰ, ਸ਼ਰਾਬੀ ਅਤੇ ਹਥਿਆਰੀ ਗਾਣਿਆਂ ਦੇ ਖ਼ਿਲਾਫ਼ ਡਟ ਕੇ ਲੜਾਈ ਲੜ ਰਹੇ ਪੰਡਿਤਰਾਓ ਧਰੇਨਵਰ ਚੰਡੀਗੜ੍ਹ ਦੇ ਸੈਕਟਰ 41 ਬੀ ਦੇ ਰਹਿਣ ਵਾਲੇ ਹਨ। ਪੰਡਿਤਰਾਓ ਇਸ ਤੋਂ ਪਹਿਲਾਂ ਵੀ ਸਿੱਪੀ ਗਿੱਲ ਅਤੇ ਸਿੱਧੂ ਮੂਸੇ ਵਾਲੇ ਦੇ ਗਾਣਿਆਂ ‘ਬੱਬਰ ਸ਼ੇਰ’ ਅਤੇ ‘ਭਾਈ ਭਾਈ’ ਦੇ ਖਿਲਾਫ ਸ਼ਿਕਾਇਤ ਕਰ ਚੁੱਕੇ ਹਨ, ਜਿਹਨਾਂ ਦੇ ਸੰਬੰਧ ਵਿੱਚ ਐਨੀਮਲ ਵੈੱਲਫੇਅਰ ਬੋਰਡ ਆਫ ਇੰਡੀਆ ਕਾਰਨ ਦੱਸੋ ਨੋਟਿਸ ਕੱਢਣ ਤੋਂ ਬਾਅਦ ਸਖ਼ਤ ਕਾਰਵਾਈ ਕਰਨ ਦੀ ਤਿਆਰੀ ਵਿੱਚ ਹੈ। ਧਰੇਨਵਰ ਦਾ ਕਹਿਣਾ ਹੈ ਕਿ ਉਹ ਸਿਰਫ਼ ਪੰਜਾਬੀ ਹੀ ਨਹੀਂ ਸਗੋਂ ਹਿੰਦੀ, ਭੋਜਪੁਰੀ ਅਤੇ ਕੰਨੜ ਫ਼ਿਲਮਾਂ ਅਤੇ ਗਾਣਿਆਂ ਵਿੱਚ ਪਰੋਸੀ ਜਾ ਰਹੀ ਲੱਚਰਤਾ ਦੇ ਖ਼ਿਲਾਫ਼ ਵੀ ਲੋਕਾਂ ਨੂੰ ਜਾਗਰੂਕ ਕਰਦੇ ਰਹਿਣਗੇ।