India Punjab

ਹਰੀਸ਼ ਰਾਵਤ ਨੇ ਜਾਖੜ ਦਾ ਭੁਲੇਖਾ ਕੀਤਾ ਦੂਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਕਾਂਗਰਸ ਮਾਮਲਿਆਂ ਦੇ ਸਾਬਕਾ ਇੰਚਾਰਜ ਹਰੀਸ਼ ਰਾਵਤ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਉਸ ਟਵੀਟ ਦਾ ਜਵਾਬ ਦਿੱਤਾ ਹੈ, ਜਿਸ ਵਿੱਚ ਜਾਖੜ ਨੇ ਚੰਨੀ ਅਤੇ ਸਿੱਧੂ ਦੀ ਕੇਦਾਰਨਾਥ ਯਾਤਰਾ ‘ਤੇ ਤੰਜ ਕੱਸਿਆ ਸੀ। ਹਰੀਸ਼ ਰਾਵਤ ਨੇ ਸਫਾਈ ਦਿੰਦਿਆਂ ਕਿਹਾ ਕਿ ਇਹ ਇੱਕ ਰਸਮੀ ਮੁਲਾਕਾਤ ਸੀ। ਦਰਅਸਲ, ਸਿੱਧੂ ਅਤੇ ਚੰਨੀ ਆਪਣੀ ਕੇਦਾਰਨਾਥ ਯਾਤਰਾ ਦੌਰਾਨ ਦੇਹਰਾਦੂਨ ਵਿੱਚ ਹਰੀਸ਼ ਰਾਵਤ ਨੂੰ ਮਿਲਣ ਲਈ ਪਹੁੰਚੇ ਸਨ, ਜਿਸ ਨੂੰ ਜਾਖੜ ਵੱਲੋਂ ਸਿਆਸੀ ਮੁਲਾਕਾਤ ਦੇ ਨਜ਼ਰੀਏ ਨਾਲ ਜੋੜਿਆ ਜਾ ਰਿਹਾ ਸੀ। ਹਰੀਸ਼ ਰਾਵਤ ਨੇ ਇਸ ਮੁਲਾਕਾਤ ਦੀਆਂ ਫੋਟੋਆਂ ਬਾਰੇ ਟਵੀਟ ਕਰਦਿਆਂ ਕਿਹਾ ਕਿ ਇਹ ਇੱਕ ਸ਼ਿਸ਼ਟਾਚਾਰ ਭਰੀ ਮੁਲਾਕਾਤ ਸੀ। ਇਸ ਦੌਰਾਨ ਉਨ੍ਹਾਂ ਨਾਲ ਨਵੇਂ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਤੇ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਵੀ ਮੌਜੂਦ ਸਨ। ਰਾਵਤ ਦੇ ਪਰਿਵਾਰਕ ਮੈਂਬਰ ਵੀ ਤਸਵੀਰਾਂ ਵਿੱਚ ਨਜ਼ਰ ਆ ਰਹੇ ਹਨ।

ਦਰਅਸਲ, ਸੁਨੀਲ ਜਾਖੜ ਨੇ ਸਿੱਧੂ-ਚੰਨੀ ਅਤੇ ਰਾਵਤ ਦੀ ਤਸਵੀਰ ਟਵੀਟ ਕਰਕੇ ਇਸ ਨੂੰ ‘ਸਿਆਸੀ ਤੀਰਥ ਅਸਥਾਨ’ ਕਹਿ ਕੇ ਟਿੱਚਰ ਕੀਤੀ ਸੀ ਕਿ ਇੱਥੇ ਹਰ ਕੋਈ ਵੱਖਰੇ ਦੇਵਤੇ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਇੱਕ ਗੀਤ ਦੀ ਲਾਈਨ ਲਿਖੀ- ‘ਮੈਂ ਤਾਂ ਪੀਰ ਮਨਾਵਨ ਚੱਲੀ ਆਂ’ ਪਰ ਨਾਲ ਹੀ ਟਿੱਚਰ ਕਰਦਿਆਂ ਸਵਾਲ ਕੀਤਾ ਕਿ ਇੱਥੇ ਪੀਰ ਕੌਣ ਹੈ ਭਾਵ ਕੌਣ ਕਿਸ ਨੂੰ ਮਨਾ ਰਿਹਾ ਹੈ, ਇਹ ਪਤਾ ਨਹੀਂ ਚੱਲ ਰਿਹਾ।