Punjab

ਸਿੱਧੂ ਨੇ ਆਪਣੀ ਹੀ ਸਰਕਾਰ ‘ਤੇ ਵਿੰਨ੍ਹੇ ਨਿਸ਼ਾਨੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦਿਵਾਲੀ ਗਿਫਟ ਉੱਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਪੰਜਾਬ ਨੂੰ ਤੋਹਫੇ ਨਹੀਂ, ਰੋਡਮੈਪ ਦੀ ਲੋੜ ਹੈ। ਪੰਜਾਬ ਨੂੰ ਰੋਡਮੈਪ ਦੱਸਣਾ ਪਵੇਗਾ। ਸਿੱਧੂ ਨੇ ਕਿਹਾ ਕਿ ਆਖਰੀ ਦੋ ਮਹੀਨਿਆਂ ਵਿੱਚ ਲੌਲੀਪਾਪ ਵੰਡੇ ਜਾਂਦੇ ਹਨ। ਦੀਵਾਲੀ ਅਤੇ ਗਿਫਟ ਨਾਲ ਲੋਕਾਂ ਦਾ ਨਹੀਂ ਸਰਨਾ। ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਰੋਡਮੈਪ ਦੇਣਾ ਪਵੇਗਾ ਕਿਉਂਕਿ ਦਿਵਾਲੀ ਦੇ ਗਿਫਟਾਂ ਨਾਲ ਪੰਜਾਬ ਦੇ ਲੋਕਾਂ ਨੇ ਵੋਟਾਂ ਨਹੀਂ ਪਾਉਣੀਆਂ। ਸਿੱਧੂ ਨੇ ਲੋਕਾਂ ਤੋਂ ਸਵਾਲ ਪੁੱਛਦਿਆਂ ਕਿਹਾ ਕਿ ਕੀ ਉਹ ਪੰਜਾਬ ਦੇ ਲਈ ਰੋਡਮੈਪ ਤਿਆਰ ਕਰਨ ਨੂੰ ਤਰਜੀਹ ਦਿੰਦੇ ਹਨ ਜਾਂ ਫਿਰ ਦਿਵਾਲੀ ਗਿਫਟਾਂ ਨਾਲ ਖੁਸ਼ ਹੋ ਕੇ ਵੋਟਾਂ ਪਾ ਦੇਣਗੇ। ਉਨ੍ਹਾਂ ਕਿਹਾ ਕਿ ਪੌਣੇ ਪੰਜ ਸਾਲ ਇੱਕ ਦੂਜੇ ਨੂੰ ਹਟਾਉਣ-ਲਗਾਉਣ ਦੀ ਗੱਲ ਚੱਲਦੀ ਰਹੀ ਅਤੇ ਆਖਰੀ ਦੋ ਮਹੀਨਿਆਂ ਵਿੱਚ ਵੱਡੇ-ਵੱਡੇ ਐਲਾਨ ਕੀਤੇ ਜਾਂਦੇ ਹਨ।

ਰਵਨੀਤ ਬਿੱਟੂ ਨੇ ਸਿੱਧੂ ਦੇ ਕਾਂਗਰਸ ਪਾਰਟੀ ਵੱਲੋਂ ਲਾਲੀਪਾਪ ਵੇਚਣ ਵਾਲੇ ਬਿਆਨ ਦਾ ਜਵਾਬ ਦਿੰਦਿਆਂ ਕਿਹਾ ਹੈ ਕਿ ਵਾਅਦੇ ਪੂਰੇ ਨਹੀਂ ਕਰਾਂਗੇ ਤਾਂ ਲੋਕਾਂ ਵਿੱਚ ਕਿਵੇਂ ਜਾਵਾਂਗੇ। ਰੁੱਸੇ ਹੋਏ ਨੂੰ ਵੀ ਕੋਈ ਵਾਰ-ਵਾਰ ਨਹੀਂ ਮਨਾਉਂਦਾ। ਕੋਈ ਵੀ ਲਗਾਤਾਰ ਕਲੇਸ਼ ਪਸੰਦ ਨਹੀਂ ਕਰਦਾ। ਬਿੱਟੂ ਨੇ ਕਾਂਗਰਸ ਦੀ ਤਰੀਫ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦਿਨ-ਰਾਤ ਕੰਮ ਕਰ ਰਹੀ ਹੈ।