‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਪਹਿਲਾਂ ਇਹ ਖਬਰਾਂ ਸਾਨੂੰ ਸੋਚਣ ਲਈ ਮਜ਼ਬੂਰ ਕਰਦੀਆਂ ਸਨ ਕਿ ਦੁਨੀਆਂ ਚੋਂ ਇਸ ਸੰਨ ਵਿੱਚ ਪਾਣੀ ਮੁੱਕ ਜਾਵੇਗਾ, ਧਰਤੀ ਦੀ ਉਪਜਾਊ ਸ਼ਕਤੀ ਘਟ ਰਹੀ ਹੈ, ਸੂਰਜ ਆਪਣੀ ਸਮਰੱਥਾ ਤੋਂ ਵੱਧ ਗਰਮ ਹੋ ਰਿਹਾ ਹੈ ਤੇ ਜਾਂ ਫਿਰ ਧਰਤੀ ਇਸ ਸਾਲ ਖਤਮ ਹੋ ਜਾਵੇਗੀ। ਪਰ ਹੁਣ ਆਲਮੀ ਜਲਵਾਯੂ ਪਰਿਵਰਤਨ ਦੇ ਅਸਰ ਦੇਖਣ ਨੂੰ ਮਿਲਣੇ ਸ਼ੁਰੂ ਹੋ ਗਏ ਹਨ।
ਦੂਜੇ ਬੰਨੇ ਅਸੀਂ ਮਿੰਟ ਲਗਾਉਂਦੇ ਹਾਂ ਕਿ ਸਾਡੇ ਮੁਲਕ ਦੀ ਇਹ ਚੀਜ ਮਾੜੀ ਹੈ, ਸਾਨੂੰ ਇਹ ਨਹੀਂ ਮਿਲ ਰਿਹਾ, ਸਾਡੇ ਪਾਣੀ ਗੰਧਲੇ ਹਨ ਤੇ ਸਾਨੂੰ ਸਹੂਲਤਾਂ ਦੀ ਕਮੀ ਹੈ। ਗਲਤੀ ਅਸੀਂ ਇੱਥੇ ਕਰ ਬੈਠਦੇ ਹਾਂ ਕਿ ਸਿਸਟਮ ਨੂੰ ਦਰੁਸਤ ਕਰਨ ਦੀ ਥਾਂ ਅਸੀਂ ਦੂਜੇ ਮੁਲਕਾਂ ਦੀਆਂ ਚਮਕੀਲੀਆਂ ਲਾਈਟਾਂ ਨਾਲ ਆਪਣੇ ਮੁਲਕ ਦੇ ਹਾਲਾਤ ਕੰਪੇਅਰ ਕਰ ਲੈਂਦੇ ਹਾਂ। ਪਰ, ਦੁਨੀਆਂ ਦੇ ਸਭ ਤੋਂ ਅਮੀਰ ਮੁਲਕ ਮੰਨੇ ਜਾਂਦੇ ਅਮਰੀਕਾ ਤੋਂ ਜਿਹੜੀ ਖਬਰ ਆ ਰਹੀ ਹੈ, ਉਹ ਪੂਰੇ ਸੰਸਾਰ ਲਈ ਚਿੰਤਾ ਦਾ ਵਿਸ਼ਾ ਹੈ।
ਅਮਰੀਕਾ ਦੇ ਮਿਸ਼ੀਗਨ ਦੇ ਅਧਿਕਾਰੀਆਂ ਨੇ ਕੁੱਝ ਹਫਤੇ ਪਹਿਲਾਂ ਇਕ ਐਮਰਜੈਂਸੀ ਐਲਾਨ ਕੀਤਾ ਹੈ ਕਿ ਬੇਂਟਰ ਹਾਰਬਰ ਸ਼ਹਿਰ ਦੇ ਬਸ਼ਿੰਦਿਆਂ ਦੇ ਘਰਾਂ ਦੀਆਂ ਟੂਟੀਆਂ ਵਿੱਚ ਆਉਣ ਵਾਲਾ ਪਾਣੀ ਅੱਤ ਜ਼ਹਿਰੀਲਾ ਹੈ ਤੇ ਇਸਦੀ ਵਰਤੋਂ ਖਾਣਾ ਬਣਾਉਣ, ਸਬਜੀਆਂ ਧੋਣ ਤੇ ਮੂੰਹ ਹੱਥ ਸਣੇ ਬ੍ਰਸ਼ ਕਰਨ ਲਈ ਵੀ ਨਾ ਕੀਤੀ ਜਾਵੇ।
ਇਹ ਸ਼ਹਿਰ ਸ਼ਿਕਾਗੋ ਤੋਂ ਕੁੱਝ ਘੰਟਿਆਂ ਦੀ ਦੂਰੀ ਉੱਤੇ ਸਥਿਤ ਬੇਂਟਨ ਹਾਰਬਰ ਨਾਂ ਨਾਲ ਜਾਣਿਆਂ ਜਾਂਦਾ ਹੈ ਤੇ ਇਸ ਸ਼ਹਿਰ ਦੇ ਇਹ ਹਾਲਾਤ ਤਿੰਨ ਸਾਲਾਂ ਵਿੱਚ ਹੀ ਘਾਤਕ ਹੋ ਗਏ ਹਨ।
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸ਼ਹਿਰ ਦੇ ਪਾਣੀ ਵਿੱਚ ਸੀਸੇ ਦੀ ਮਾਤਰਾ ਹੱਦੋਂ ਵਧ ਗਈ ਹੈ। ਬੇਂਟਨ ਹਾਰਬਰ ਕਮਿਊਨਿਟੀ ਵਾਟਰ ਕਾਊਂਸਿਲ ਦੇ ਚੇਅਰਮੈਨ ਰੇਵੇਰੇਂਡ ਏਡਵਰਡ ਪਿੰਰਨੇ ਨੇ ਜੋ ਬੀਬੀਸੀ ਵਰਲਡ ਨੂੰ ਦੱਸਿਆ ਹੈ, ਉਸ ਅਨੁਸਾਰ ਇਹ 2018 ਤੋਂ ਹੀ ਪਤਾ ਲੱਗ ਗਿਆ ਸੀ ਕਿ ਇੱਥੋ ਜੋ ਪਾਣੀ ਆ ਰਿਹਾ ਹੈ, ਉਸ ਵਿਚ ਸੀਸੇ ਦੀ ਮਾਤਰਾ 22 ਪਾਰਟਸ ਪ੍ਰਤੀ ਅਰਬ ਹੈ, ਜਿਹੜੀ 2018 ਵਿੱਚ ਛਪੇ ਅੰਕੜਿਆਂ ਮੁਤਾਬਿਕ ਹੈਸ, ਪਰ ਸਾਲ 2021 ਵਿੱਚ ਇਹ ਵਧਕੇ 24 ਪਾਰਟਸ ਪ੍ਰਤੀ ਅਰਬ ਹੋ ਗਈ ਹੈ। ਹਾਲਾਂਕਿ ਕਈ ਘਰ ਅਜਿਹੇ ਵੀ ਹਨ, ਜਿੱਥੇ ਇਹ ਮਾਤਰਾ 400 ਤੋਂ 889 ਪਾਰਟਸ ਪ੍ਰਤੀ ਅਰਬ ਵੀ ਮਿਲੀ ਹੈ। ਇਹ ਯਾਦ ਰਹੇ ਕਿ ਅਮਰੀਕਾ ਵਿੱਚ ਪੀਣ ਵਾਲੇ ਪਾਣੀ ਵਿੱਚ 15 ਪਾਰਟਸ ਪ੍ਰਤੀ ਬਿਲਿਅਨ ਤੋਂ ਜਿਆਦਾ ਸੀਸਾ ਹੋਣ ਨੂੰ ਆਸਾਧਰਣ ਮੰਨਿਆਂ ਜਾਂਦਾ ਹੈ।
ਮਿਸ਼ੀਗਨ ਵਿੱਚ ਪਾਣੀ ਦੀ ਗੁਣਵੱਤਾ ਦੇ ਮਾਹਿਰ ਇਲਿਨ ਵਾਰੇਨ ਬੇਟਾਨਜੋ ਦਾ ਕਹਿਣਾ ਹੈ ਕਿ ਇਨਸਾਨ ਦੇ ਇਸਤੇਮਾਲ ਲਈ ਮੁਹੱਈਆ ਹੋਣ ਵਾਲੇ ਪਾਣੀ ਵਿੱਚ ਸੀਸੇ ਦਾ ਹੋਣਾ ਸਖਤੀ ਨਾਲ ਪਾਬੰਦ ਕੀਤਾ ਗਿਆ ਹੈ ਪਰ ਬੇਂਟਨ ਹਾਰਬਰ ਲਈ ਇਹ ਜਾਨਲੇਵਾ ਹੈ। ਇਹ ਮਾਤਰਾ ਇੱਥੋਂ ਤਿੰਨ ਘੰਟੇ ਦੀ ਦੂਰੀ ਉੱਤੇ ਗੁਆਂਢੀ ਸ਼ਹਿਰ ਫਲਿੰਟ ਤੋਂ ਵੀ ਕਿਤੇ ਜਿਆਦਾ ਹੈ, ਇੱਥੇ ਸੀਸੇ ਦੀ ਪਾਣੀ ਵਿੱਚ ਮਾਤਰਾ 2014-15 ਵਿੱਚ 20 ਪਾਰਟਸ ਪ੍ਰਤੀ ਅਰਬ ਮਿਲੀ ਹੈ, ਜਿਹੜੀ ਦੁਨੀਆਂ ਭਰ ਵਿੱਚ ਚਰਚਾ ਦਾ ਵਿਸ਼ਾ ਬਣੀ ਸੀ।
ਪਿੰਕਸੇ ਨੇ ਕਿਹਾ ਹੈ ਕਿ ਇਹ ਅਜਿਹੀ ਸਥਿਤੀ ਹੈ, ਜਿਸ ਬਾਰੇ ਸਾਨੂੰ ਮਿਲਕੇ ਸੋਚਣਾ ਪੈਣਾ ਹੈ। ਅਸੀਂ ਦੁਨੀਆਂ ਦੇ ਅਮੀਰ ਦੇਸ਼ ਵਜੋਂ ਜਾਣੇ ਜਾਂਦੇ ਹਾਂ, ਪਰ ਸਾਡੇ ਇੱਥੇ ਕਈ ਥਾਵਾਂ ਉੱਤੇ ਪੀਣ ਵਾਲਾ ਪਾਣੀ ਵੀ ਨਹੀਂ ਹੈ, ਜਿਹੜਾ ਪਾਣੀ ਹੈ, ਉਸਨੂੰ ਅਸੀਂ ਬ੍ਰਸ਼ ਕਰਨ ਲਈ ਵੀ ਨਹੀਂ ਵਰਤ ਸਕਦੇ, ਬੱਚਿਆ ਲਈ ਦੁੱਧ ਨਹੀਂ ਬਣਾ ਸਕਦੇ। ਇੰਝ ਲੱਗਦਾ ਹੈ ਜਿਵੇਂ ਅਸੀਂ ਪਿੱਛੜੇ ਹੋਏ ਕਿਸੇ ਦੇਸ਼ ਵਿੱਚ ਰਹਿ ਰਹੇ ਹੋਈਏ।
ਬੇਂਟਨ ਹਾਰਬਰ ਦੇ ਹਾਲਾਤ ਇੱਥੇ ਤੱਕ ਪਹੁੰਚ ਗਏ ਹਨ ਲੋਕਾਂ ਨੂੰ ਫਿਲਟਰ ਪਾਣੀ ਵੰਡਿਆ ਜਾ ਰਿਹਾ ਹੈ। ਲੋਕਾਂ ਦਾ ਜੀਵਨ ਬੋਤਲ ਬੰਦ ਪਾਣੀ ਉੱਤੇ ਡਿਪੈਂਡ ਹੈ। ਹਾਲਾਂਕਿ ਮੀਡੀਆ, ਰਾਜਨੇਤਾ, ਸੋਸ਼ਲ ਵਰਕਰ ਤੇ ਮਾਹਿਰਾਂ ਦਾ ਇਹੀ ਮੰਨਣਾ ਹੈ ਕਿ ਸਰਕਾਰ ਇਨ੍ਹਾਂ ਲੋਕਾਂ ਲਈ ਪੀਣ ਵਾਲਾ ਸਾਫ ਪਾਣੀ ਉਪਲਬਧ ਕਰਵਾਉਣ ਵਿੱਚ ਉਕ ਗਈ ਹੈ ਤੇ ਨਾ ਹੀ ਸਾਫ ਪਾਣੀ ਬਣਾਉਣ ਲਈ ਕੋਈ ਤਕਨੀਕ ਘੜੀ ਗਈ ਹੈ।
ਫਲਿੰਟ ਸ਼ਹਿਰ ਵਿੱਚ ਸਭ ਤੋਂ ਪਹਿਲਾਂ ਇਸ ਸਮੱਸਿਆ ਨੂੰ ਨਿਸ਼ਾਨਦੇਹ ਕਰਨ ਵਾਲੇ ਬੇਟਾਨਜ਼ੋ ਦੱਸਦੇ ਹਨ ਕਿ ਅਸੀਂ ਲੋਕਾਂ ਨੇ ਲਗਾਤਾਰ ਛੇ ਬਾਰ ਨਿਗਰਾਨੀ ਦੌਰਾਨ ਸੀਸੇ ਦੀ ਮਾਤਰਾ ਜਿਆਦਾ ਦੇਖੀ ਹੈ, ਪਰ ਇਸ ਤੋਂ ਬਚਾਅ ਲਈ ਕੋਈ ਮੁਸ਼ਤੈਦੀ ਨਹੀਂ ਦਿਖੀ ਹੈ। ਨਾ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਤੇ ਨਾ ਹੀ ਇਸਦੇ ਹਾਨੀਕਾਰਕ ਨਤੀਜੇ ਦੱਸੇ ਗਏ।
ਪਾਣੀ ਵਿੱਚ ਸੀਸੇ ਦੀ ਮਾਤਰਾ ਇਨ੍ਹਾਂ ਲਈ ਖਤਰਨਾਕ
ਅਮਰੀਕੀ ਸੇਂਟਰ ਫਾਰ ਡਿਜੀਜ ਕੰਟਰੋਲ ਐਂਡ ਪ੍ਰਵੈਂਸਨ ਭਾਵ ਕਿ ਸੀਡੀਸੀ ਦੇ ਮੁਤਾਬਿਕ ਪਾਣੀ ਵਿੱਚ ਸੀਸੇ ਦੀ ਮਾਤਰਾ ਜਿਆਦਾ ਹੋਵੇ ਤਾਂ ਇਹ ਗਰਭਵਤੀ ਔਰਤਾਂ ਤੇ ਨਵੇਂ ਜੰਮਣ ਵਾਲੇ ਬੱਚਿਆਂ ਲਈ ਖਤਰਨਾਕ ਸਿੱਧ ਹੁੰਦੀ ਹੈ। ਬੱਚਿਆਂ ਦਾ ਮਾਨਸਿਕ ਵਿਕਾਸ ਰੁਕਦਾ ਹੈ ਤੇ ਨੌਜਵਾਨਾਂ ਨੂੰ ਸਿਹਤ ਨਾਲ ਜੁੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਮਿਸ਼ੀਗਨ ਦੇ ਸਿਹਤ ਵਿਭਾਗ ਅਨੁਸਾਰ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਸ਼ਹਿਰ ਵਿੱਚ ਪਾਇਪਲਾਇਨਾਂ ਬਦਲੀਆਂ ਜਾ ਰਹੀਆਂ ਹਨ। ਉੱਧਰ, ਵਾਤਾਵਰਣ ਮਾਹਿਰ ਸੰਸਥਾਵਾਂ ਨੇ ਕਿਹਾ ਹੈ ਕਿ ਫਲਿੰਟ ਤੇ ਬੇਂਟਨ ਹਾਰਬਰ ਸਿਰਫ ਦੋ ਸ਼ਹਿਰ ਹੀ ਅਜਿਹੇ ਨਹੀਂ ਹਨ, ਜਿਨ੍ਹਾਂ ਦੇ ਇਹ ਹਾਲਾਤ ਹਨ, ਇਹ ਅਮਰੀਕਾ ਲਈ ਇੱਕ ਜਿੰਦਾ ਬੰ ਬ ਦੇ ਬਰਾਬਰ ਹੈ, ਜੋ ਕਦੇ ਵੀ ਫਟ ਸਕਦਾ ਹੈ। ਸਿਹਤ ਮਾਹਿਰ ਦੱਸਦੇ ਹਨ ਕਿ ਸੀਸੇ ਵਾਲੇ ਪਾਇਪ ਲਚੀਲੇ ਹੁੰਦੇ ਹਨ, ਇਹ ਹੌਲੀ ਹੌਲੀ ਪਾਣੀ ਵਿੱਚ ਘੁਲਣ ਲੱਗਦਾ ਹੈ ਤੇ ਇਸਦਾ ਕੋਈ ਸਵਾਦ ਜਾਂ ਗੰਧ ਨਹੀਂ ਹੁੰਦੀ ਹੈ।
ਵਾਤਾਵਰਣ ਦੀ ਤਬਦੀਲੀ ਵਧਾਏਗੀ ਪਾਣੀ ਵਰਗੇ ਮਸਲਿਆਂ ’ਤੇ ਦੁਸ਼ਮਣੀ
ਅਮਰੀਕਾ ਦੀਆਂ 18 ਸੂਹੀਆ ਏਜੰਸੀਆਂ ਨੇ ਇਕ ਸਾਂਝੀ ਰਿਪੋਰਟ ਪੇਸ਼ ਕੀਤੀ ਹੈ, ਜਿਸ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਬਦਲ ਰਹੇ ਆਲਮੀ ਵਾਤਾਵਰਨ ਨੇ ਦੇਸ਼ ਦੀ ਸੁਰੱਖਿਆ ਲਈ ਇੱਕ ਵੱਡਾ ਖ਼ਤਰਾ ਪੈਦਾ ਕੀਤਾ ਹੈ। ਵਾਤਾਵਨਰਨ ਵਿਗਿਆਨੀ ਲੰਬੇ ਸਮੇਂ ਤੋਂ ਸੁੰਗੜਦੇ ਜਾ ਰਹੇ ਕੁਦਰਤੀ ਵਸੀਲਿਆਂ ਬਾਰੇ ਲੋਕਾਂ ਨੂੰ ਚੇਤੰਨ ਕਰਦੇ ਆ ਰਹੇ ਹਨ, ਪਰ ਇਸ ਵਾਰ ਅਮਰੀਕਾ ਨੇ ਵੀ ਇਸਨੂੰ ਸਿੱਧੇ ਤੌਰ ’ਤੇ ਆਪਣੇ ਲਈ ਖਤਰਾ ਮੰਨ ਲਿਆ ਹੈ।
ਦੇਸ਼ ਦੇ ਪਹਿਲੇ ਨੈਸ਼ਨਲ ਇੰਟੈਲੀਜੈਂਸ ਐਸਟੀਮੇਟ ਆਨ ਕਲਾਈਮੇਟ ਚੇਂਜ ਵਿੱਚ 2040 ਤੱਕ ਅਮਰੀਕਾ ਦੀ ਸੁਰੱਖਿਆ ਉੱਪਰ ਕਲਾਈਮੇਟ ਚੇਂਜ ਦੇ ਪੈਣ ਵਾਲੇ ਗੰਭੀਰ ਅਸਰ ਨੂੰ ਵਿਚਾਰਿਆ ਗਿਆ ਹੈ। ਇਸ ਅਨੁਸਾਰ ਬਦਲਦੇ ਵਾਤਾਵਰਣ ਨਾਲ ਗ਼ਰੀਬ ਦੇਸ਼ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ, ਕਿਉਂਕਿ ਉਹ ਇਸ ਮੁਤਾਬਕ ਆਪਣੇ ਆਪ ਨੂੰ ਬਦਲ ਨਹੀਂ ਸਕਣਗੇ। 27 ਪੰਨਿਆਂ ਦੀ ਇਸ ਰਿਪੋਰਟ ਵਿੱਚ ਯੂਐੱਸ ਦੀਆਂ ਸੁਰੱਖਿਆ ਏਜੰਸੀਆਂ ਨੇ ਪਹਿਲੀ ਵਾਰ ਵਾਤਵਾਰਨ ਦੀ ਤਬਦੀਲੀ ਨਾਲ ਦੇਸ਼ ਦੀ ਸੁਰੱਖਿਆ ਨੂੰ ਖੜ੍ਹੇ ਹੋਣ ਵਾਲੇ ਖ਼ਤਰਿਆਂ ਬਾਰੇ ਪੇਸ਼ੇਨਗੋਈ ਕੀਤੀ ਗਈ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੁਨੀਆਂ ਦੇ ਮੁਲਕ ਇਸ ਮੁੱਦੇ ਉੱਤੇ ਤਾਲਮੇਲ ਬਣਾਉਣ ਵਿੱਚ ਕਾਮਯਾਬ ਨਹੀਂ ਹੋਏ ਹਨ। ਇਸਦੇ ਸਿੱਟੇ ਵੱਜੋਂ ਦੇਸ਼ਾਂ ਵਿਚਾਲੇ ਮੁਕਾਬਲੇਬਾਜ਼ੀ ਵਧੇਗੀ ਅਤੇ ਦੁਨੀਆਂ ਵਿੱਚ ਅਸਥਿਰਤਾ ਦੇ ਹਾਲਾਤ ਪੈਦਾ ਹੋਣਗੇ। ਰਿਪੋਰਟ ਵਿੱਚ ਇਹ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਕਈ ਦੇਸ਼ ਆਪਣੀਆਂ ਆਰਥਿਕਤਾਵਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨਗੇ ਅਤੇ ਇਸ ਲਈ ਨਵੇਂ ਤਕਨੀਕੀ ਵਿਕਾਸ ਲਈ ਮੁਕਾਬਲਾ ਪੈਦਾ ਹੋਵੇਗਾ। ਕੁਝ ਦੇਸ਼ ਅਜਿਹੇ ਵੀ ਹਨ ਜੋ ਕਿ ਅਜੇ ਵੀ ਕਲਾਈਮੇਟ ਚੇਂਜ ਲਈ ਕਦਮ ਚੁੱਕਣ ਤੋਂ ਝਿਜਕ ਰਹੇ ਹਨ।
ਯੂਐੱਸ ਦੀਆਂ ਸੂਹੀਆ ਏਜੰਸੀਆਂ ਨੇ ਅਜਿਹੇ 11 ਦੇਸ਼ਾਂ ਦੀ ਨਿਸ਼ਾਨਦੇਹੀ ਕੀਤੀ ਹੈ, ਜਿੱਥੇ ਵਾਤਾਵਰਣ ਬਦਲਾਅ ਦੇ ਨਤੀਜੇ ਵਜੋਂ- ਊਰਜਾ, ਪਾਣੀ, ਖ਼ੁਰਾਕ ਅਤੇ ਸਿਹਤ ਸੁਰੱਖਿਆ ਲਈ ਗੰਭੀਰ ਖ਼ਤਰੇ ਖੜ੍ਹੇ ਹੋਣਗੇ। ਇਹ ਦੇਸ਼ ਜ਼ਿਆਦਾਤਰ ਗ਼ਰੀਬ ਹਨ, ਜਿਨ੍ਹਾਂ ਵਿੱਚ ਬਦਲ ਰਹੇ ਵਾਤਾਵਰਨ ਦੀ ਰਫ਼ਤਾਰ ਦੇ ਨਾਲ ਆਪਣੇ ਆਪ ਨੂੰ ਢਾਲਣ ਦੀ ਸਮਰੱਥ ਵਿਕਸਿਤ ਦੇਸ਼ਾਂ ਜਿੰਨੀ ਨਹੀਂ ਹੈ।
ਇਹ ਦੇਸ਼ ਅੰਦਰੂਨੀ ਅਸਥਿਰਤਾ ਅਤੇ ਤਣਾਅ ਦਾ ਮੁਕਾਬਲਾ ਵੀ ਨਹੀਂ ਕਰ ਸਕਣਗੇ। ਲੂਅ ਅਤੇ ਸੋਕੇ ਵਰਗੀਆਂ ਅਲਾਮਤਾਂ ਬਿਜਲੀ ਸੇਵਾ ਵਰਗੇ ਖੇਤਰਾਂ ਉੱਪਰ ਦਬਾਅ ਪੈਦਾ ਕਰਨਗੀਆਂ।
ਇਨ੍ਹਾਂ ਗਿਆਰਾਂ ਦੇਸ਼ਾਂ ਵਿੱਚੋਂ ਪੰਜ ਦੇਸ਼ ਦੱਖਣੀ ਅਤੇ ਪੂਰਬੀ ਏਸ਼ੀਆ ਵਿੱਚ ਹਨ- ਅਫ਼ਗਾਨਿਸਤਾਨ, ਮਿਆਂਮਾਰ, ਭਾਰਤ, ਪਾਤਿਸਤਾਨ ਅਤੇ ਉੱਤਰੀ ਕੋਰੀਆ ਹਨ।
ਰਿਪੋਰਟ ਅਨੁਸਾਰ ਚਾਰ ਦੇਸ਼ ਕੇਂਦਰੀ ਅਮਰੀਕਾ ਦੇ ਹਨ- ਕਰੇਬੀਅਨ, ਗੁਆਤੇਮਾਲਾ, ਹਾਇਤੀ, ਹੁਦੂਰਜ਼ ਅਤੇ ਨਿਕਾਗੁਆਰਾ ਹਨ। ਦੂਜੇ ਦੇਸ਼ ਇਰਾਕ ਅਤੇ ਕੋਲੋਮੰਬੀਆ ਹਨ। ਇਨ੍ਹਾਂ ਤੋਂ ਇਲਾਵਾ ਕੇਂਦਰੀ ਅਫ਼ਰੀਕਾ ਦੇ ਛੋਟੇ ਦੇਸ਼ ਵੀ ਖ਼ਤਰੇ ਦੀ ਕਗਾਰ ‘ਤੇ ਹਨ। ਅਸਥਿਰਤਾ ਦਾ ਸੰਕਟ ਖ਼ਾਸ ਕਰ ਰਫਿਊਜੀ ਸੰਕਟ ਦੇ ਰੂਪ ਵਿੱਚ ਆ ਸਕਦੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਨਾਲ ਅਮਰੀਕਾ ਦੇ ਦੱਖਣੀ ਸਰਹੱਦ ਉੱਪਰ ਸੁਰੱਖਿਆ ਅਤੇ ਮਨੁੱਖੀ ਸੰਕਟ ਖੜ੍ਹਾ ਹੋ ਸਕਦਾ ਹੈ।
ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਬਰਫ਼ ਦੇ ਪਿਘਲਣ ਨਾਲ਼ ਆਰਕਟਿਕ ਤੱਕ ਮੁਲਕਾਂ ਦੀ ਪਹੁੰਚ ਵਧੇਗੀ। ਇਸ ਨਾਲ ਜਹਾਜਰਾਨੀ ਦੇ ਨਵੇਂ ਰਾਹ ਵੀ ਖੁੱਲਣਗੇ। ਮੱਛੀ ਫੜਨ ਲਈ ਨਵੀਆਂ ਥਾਵਾਂ ਤੱਕ ਪਹੁੰਚ ਹੋ ਸਕਦੀ ਹੈ। ਇਸ ਨਾਲ ਫ਼ੌਜਾਂ ਦੀ ਮੂਵਮੈਂਟ ਵਿੱਚ ਵੀ ਨਵੇਂ ਕਿਸਮ ਦੇ ਖ਼ਤਰੇ ਖੜ੍ਹੇ ਹੋ ਸਕਦੇ ਹਨ। ਪਾਣੀ ਵੀ ਤਣਾਅ ਦੀ ਇੱਕ ਹੋਰ ਵਜ੍ਹਾ ਬਣੇਗਾ। ਪੱਛਮ ਏਸ਼ੀਆ ਅਤੇ ਉੱਤਰੀ ਅਫ਼ਰੀਕਾ ਵਿੱਚ ਲਗਭਗ 60% ਪਾਣੀ ਕੌਮਾਂਤਰੀ ਸਰਹੱਦਾਂ ਵਿੱਚੋਂ ਲੰਘਦਾ ਹੈ। ਭਾਰਤ ਅਤੇ ਪਾਕਿਸਤਾਨ ਦੇ ਪਾਣੀ ਲਈ ਵਿਵਾਦ ਪੁਰਾਣੇ ਹਨ। ਇਸ ਤੋਂ ਇਲਾਵਾ ਬ੍ਰਹਮਪੁੱਤਰ ਦੇ ਪਾਣੀ ਲਈ ਵੀ ਚੀਨ ਅਤੇ ਭਾਰਤ ਵਿੱਚ ਰੱਸਾਕਸ਼ੀ ਚਲਦੀ ਰਹਿੰਦੀ ਹੈ।
…ਤੇ ਮੁਕਦੀ ਗੱਲ
ਸਾਨੂੰ ਜਦੋਂ ਕੋਈ ਇਹ ਕਹਿੰਦਾ ਹੈ ਕਿ ਧਰਤੀ ਫਲਾਣੇ ਸਾਲ ਵਿੱਚ ਖਤਮ ਹੋ ਜਾਵੇਗੀ। ਪਰ ਅਜਿਹਾ ਕੁੱਝ ਵਾਪਰਨ ਦੀ ਕੋਈ ਸੰਭਾਵਨਾ ਨਹੀਂ ਹੈ ਤੇ ਇਹ ਇਕੋ ਵਾਰੀ ਖਤਮ ਨਹੀਂ ਹੋਵੇਗੀ। ਧਰਤੀ ਸਾਧਨਾਂ ਦੇ ਸਿਰ ਉੱਤੇ ਜਿਊਂਦੀ ਹੈ। ਜਿਵੇਂ ਕਿ ਪਾਣੀ ਮੁੱਕੇਗਾ ਤਾਂ ਸਾਨੂੰ ਪਿਆਸ ਮਾਰ ਦੇਵੇਗੀ, ਧਰਤੀ ਦੀ ਉਪਜਾਊ ਸ਼ਕਤੀ ਘਟੇਗੀ ਤਾਂ ਸਾਨੂੰ ਅਨਾਜ਼ ਦੀ ਥੁੜ ਕਾਰਨ ਪੈਦਾ ਹੋਈ ਭੁੱਖਮਰੀ ਮਾਰ ਦੇਵੇਗੀ, ਗਲੇਸ਼ੀਅਰ ਪਿਘਲਣਗੇ ਤਾਂ ਹੜ੍ਹਾਂ ਵਰਗੇ ਹਾਲਾਤ ਵਧਣਗੇ ਤਾਂ ਪਾਣੀ ਨਾਲ ਸਾਡਾ ਆਲਾ ਦੁਆਲਾ ਢਕਿਆ ਜਾਵੇਗਾ ਤੇ ਸੂਰਜ ਦੀ ਤਪਸ਼ ਵਧੇਗੀ ਤਾਂ ਹੋ ਸਕਦਾ ਹੈ ਕਿ ਅਸੀਂ ਅੱਤ ਗਰਮੀ ਝੱਲ ਨਾ ਸਕੀਏ। ਤਾਂ ਇਹ ਕਹਿਣ ਵਿੱਚ ਕੋਈ ਅਤਿਕਥਨੀ ਨਹੀਂ ਹੈ ਕਿ ਧਰਤੀ ਕਿਸੇ ਧਮਾਕੇ ਨਾਲ ਖਤਮ ਨਹੀਂ ਹੋਵੇਗੀ। ਜ਼ਿੰਦਗੀ ਜਿਊਣ ਲਈ ਜ਼ਰੂਰੀ ਸਾਧਨ ਮੁਕਣ ਨਾਲ ਹੀ ਧਰਤੀ ‘ਤੇ ਜੀਵਨ ਅਲੋਪ ਹੋਣ ਦਾ ਖਤਰਾ ਹੈ ਤੇ ਇਹ ਨਿਰੰਤਰ ਪੈਰ ਪਸਾਰ ਰਿਹਾ ਹੈ। ਇਹ ਸਾਰਾ ਕੁੱਝ ਧਰਤੀ ਉੱਤੇ ਸਾਧਨਾਂ ਦੇ ਖਾਤਮੇ ਨਾਲ ਹੋਣ ਵਾਲਾ ਇਕ ਹੌਲੀ ਵਰਤਾਰਾ ਹੈ, ਜੋ ਵਾਪਰ ਰਿਹਾ ਹੈ। ਤੇ ਇਹ ਵੀ ਉਮੀਦ ਹੈ ਕਿ ਸਾਧਨ ਬਚਾਉਣ ਤੇ ਨਵਿਆਉਣ ਨਾਲ ਹੀ ਜ਼ਿੰਦਗੀ ਵਧ ਸਕੇਗੀ ਤੇ ਅਸੀਂ ਲੰਬਾ ਜੀਅ ਸਕਾਂਗੇ।