Others

ਪੈਟਰੋਲ ਤੋਂ ਬਾਅਦ ਮੁਹਾਲੀ ‘ਚ ਡੀਜ਼ਲ 100 ਰੁਪਏ ਪਾਰ

‘ਦ ਖ਼ਾਲਸ ਟੀਵੀ ਬਿਊਰੋ:- ਪੰਜਾਬ ਦੇ ਵੀਆਈਪੀ ਜਿਲ੍ਹੇ ਮੁਹਾਲੀ ਵਿੱਚ ਪੈਟਰੋਲ ਤੋਂ ਬਾਅਦ ਡੀਜ਼ਲ ਵੀ ਸੈਕੜਾ ਮਾਰ ਗਿਆ ਹੈ। ਸ਼ੁੱਕਰਵਾਰ ਨੂੰ ਇੱਥੇ ਡੀਜ਼ਲ ਦਾ ਰੇਟ 100 ਰੁਪਏ ਪ੍ਰਤੀ ਲੀਟਰ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਜਿਲ੍ਹੇ ਦੇ ਬਾਰਡਰਾਂ ਉੱਤੇ ਡੀਜ਼ਲ ਸਸਤਾ ਮਿਲਣ ਕਾਰਨ ਉਨ੍ਹਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ, ਕਿਉਂ ਕਿ ਚੰਡੀਗੜ੍ਹ ਅਤੇ ਪੰਚਕੂਲਾ ਵਿੱਚ ਡੀਜ਼ਲ ਦੀਆਂ ਵੱਖਰੀਆਂ ਕੀਮਤਾਂ ਹਨ ਤੇ ਖਾਸਕਰਕੇ ਚੰਡੀਗੜ੍ਹ ਵਿੱਚ ਡੀਜ਼ਲ ਕੁੱਝ ਰੁਪਏ ਮੁਹਾਲੀ ਨਾਲੋਂ ਪਹਿਲਾਂ ਹੀ ਸਸਤਾ ਹੈ ਤੇ ਲੋਕ ਸਿਰਫ ਬਾਰਡਰ ਪਾਰ ਕਰਕੇ ਡੀਜ਼ਲ ਭਰਵਾਉਣ ਨੂੰ ਤਰਜੀਹ ਦੇ ਰਹੇ ਹਨ। ਇਸ ਵੇਲੇ ਮੁਹਾਲੀ ਵਿੱਚ 68, ਚੰਡੀਗੜ੍ਹ ਵਿੱਚ 41 ਤੇ ਪੰਚਕੂਲਾ ਵਿੱਚ 40 ਪੈਟਰੋਲ ਪੰਪ ਹਨ।

ਪੈਟਰੋਲ ਪੰਪ ਮਾਲਕਾਂ ਨੇ ਇਸਦੇ ਮੱਦੇਨਜ਼ਰ 7 ਨਵੰਬਰ ਤੋਂ ਸੰਘਰਸ਼ ਵਿੰਢਣ ਦੀ ਚੇਤਾਵਨੀ ਦਿੱਤੀ ਹੈ। ਚੰਡੀਗੜ੍ਹ ਦੀ ਗੱਲ ਕਰੀਏ ਤਾਂ ਇੱਥੇ ਡੀਜ਼ਲ ਦੀ ਕੀਮਤ 96 ਰੁਪਏ 73 ਪੈਸੇ ਤੇ ਪੰਚਕੂਲਾ ਵਿੱਚ 97 ਰੁਪਏ ਪ੍ਰਤੀ ਲੀਟਰ ਹੈ। ਪੈਟਰੋਲ ਪੰਪ ਮਾਲਕਾਂ ਦਾ ਕਹਿਣ ਹੈ ਕਿ 2017 ਤੱਕ ਮੁਹਾਲੀ ਦੇ ਪੰਪਾਂ ਦੀ ਹਾਲਤ ਚੰਗੀ ਸੀ। ਇਥੇ ਰੋਜਾਨਾਂ 10 ਹਜ਼ਾਰ ਲੀਟਰ ਤੇਲ ਵਿਕਦਾ ਸੀ।

ਜਾਣਕਾਰੀ ਅਨੁਸਾਰ ਅੱਜ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ। ਕੌਮਾਂਤਰੀ ਪੱਧਰ ‘ਤੇ ਤੇਲ ਦੀਆਂ ਕੀਮਤਾਂ ‘ਚ ਲਗਾਤਾਰ ਵਾਧੇ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਣ ਕਾਰਨ ਦੇਸ਼ ਭਰ ‘ਚ ਤੇਲ ਦੀਆਂ ਕੀਮਤਾਂ ਹੁਣ ਤੱਕ ਦੇ ਉੱਚ ਪੱਧਰ ‘ਤੇ ਪਹੁੰਚ ਗਈਆਂ ਹਨ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਫਿਰ 35 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ।

ਕੀਮਤਾਂ ‘ਚ ਇਸ ਵਾਧੇ ਤੋਂ ਬਾਅਦ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਪੈਟਰੋਲ ਦੀ ਕੀਮਤ 108 ਰੁਪਏ 99 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ ਵੀ 97.72 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸ ਦੇ ਨਾਲ ਹੀ ਮੁੰਬਈ ‘ਚ ਪੈਟਰੋਲ 114.81 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 105.86 ਰੁਪਏ ਪ੍ਰਤੀ ਲੀਟਰ ‘ਤੇ ਵਿਕ ਰਿਹਾ ਹੈ।