‘ਦ ਖ਼ਾਲਸ ਟੀਵੀ ਬਿਊਰੋ:-ਦਿੱਲੀ ਪੁਲਿਸ ਨੇ ਟਿਕਰੀ ਬਾਰਡਰ ਤੋਂ ਬੈਰੀਕੇਡਸ ਹਟਾਣੇ ਸ਼ੁਰੂ ਕਰ ਦਿੱਤੇ ਹਨ। ਪੁਲਿਸ ਕਿਸਾਨ ਅੰਦੋਲਨ ਦੇ ਆਲੇ ਦੁਆਲੇ ਦਾ ਰਸਤਾ ਸਾਫ ਕਰਨ ਵਿੱਚ ਜੁਟ ਗਈ ਹੈ। ਪਤਾ ਲੱਗਾ ਹੈ ਕਿ ਹਰਿਆਣਾ ਦੇ ਗ੍ਰਹਿ ਸਕੱਤਰ, ਝੱਜਰ ਦੇ ਡਿਪਟੀ ਕਮਿਸ਼ਨਰ ਤੇ ਪੁਲਿਸ ਮੁਖੀ ਨੇ ਦੌਰਾ ਕੀਤਾ ਹੈ। ਪ੍ਰਸ਼ਾਸਨ ਦੇ ਬੁਲਾਰੇ ਦਾ ਕਹਿਣਾ ਹੈ ਕਿ ਹਾਲੇ ਤੱਕ ਸਿਰਫ ਸੀਮੇਂਟ ਦੀਆਂ ਚਾਰ ਪਰਤੀ ਰੋਕਾਂ ਹਟਾਉਣੀਆਂ ਸ਼ੁਰੂ ਕੀਤੀਆਂ ਹਨ।
ਇਹ ਵੀ ਦੱਸ ਦਈਏ ਕਿ ਸੁਪਰੀਮ ਕੋਰਟ ਇਕ ਪਟੀਸ਼ਨ ਉੱਤੇ ਕਾਰਵਾਈ ਕਰਦਿਆਂ ਕਿਸਾਨ ਅੰਦੋਲਨ ਕਾਰਨ ਰਸਤੇ ਵਿਚਲੀਆਂ ਰੋਕਾਂ ਹਟਾਉਣ ਦੇ ਹੁਕਮ ਜਾਰੀ ਕੀਤੇ ਸਨ। ਦੂਜੇ ਬੰਨੇ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਕੋਈ ਰਸਤਾ ਨਹੀਂ ਰੋਕਿਆ ਗਿਆ ਹੈ, ਇਹ ਸਾਰੀਆਂ ਰੋਕਾਂ ਦਿੱਲੀ ਪੁਲਿਸ ਨੇ ਹੀ ਲਗਾਈਆਂ ਹਨ।