India Punjab

ਕੇਜਰੀਵਾਲ ਦੇ ਪੰਜਾਬ ਦੇ ਕਿਸਾਨਾਂ ਨੂੰ ਵੱਡੇ ਐਲਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਾਨਸਾ ਜ਼ਿਲ੍ਹੇ ਦੇ ਕਿਸਾਨਾਂ ਨਾਲ ਸਿੱਧੀ ਗੱਲਬਾਤ ਕੀਤੀ ਅਤੇ ਕਈ ਵੱਡੇ ਐਲਾਨ ਕੀਤੇ। ਕੇਜਰੀਵਾਲ ਨੇ ਕਿਸਾਨਾਂ ਨਾਲ ਵਾਰਤਾਲਾਪ ਕਰਨ ਤੋਂ ਪਹਿਲਾਂ ਅੱਜ ਸਵੇਰੇ ਟਿਕਰੀ ਬਾਰਡਰ ‘ਤੇ ਇੱਕ ਟਰੱਕ ਦੇ ਦਰੜਨ ਨਾਲ ਤਿੰਨ ਕਿਸਾਨ ਬੀਬੀਆਂ ਦੀ ਹੋਈ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਕੇਜਰੀਵਾਲ ਨੇ ਤਿੰਨੇ ਕਿਸਾਨ ਬੀਬੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਕੇਜਰੀਵਾਲ ਨੇ ਸਰਕਾਰ ਤੋਂ ਇਸ ਘਟਨਾ ਪਿੱਛੇ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਸਿੰਘੂ-ਟਿਕਰੀ ਬਾਰਡਰ ‘ਤੇ ਦੁਨੀਆ ਦੇ ਇਤਿਹਾਸ ਦਾ ਸਭ ਤੋਂ ਵੱਡਾ ਅੰਦੋਲਨ ਚੱਲ ਰਿਹਾ ਹੈ। ਕੇਜਰੀਵਾਲ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਜੇ ਪੰਜਾਬ ਵਿੱਚ ਸਾਡੀ ਸਰਕਾਰ ਆਈ ਤਾਂ 1 ਅਪ੍ਰੈਲ ਤੋਂ ਬਾਅਦ ਪੰਜਾਬ ਦੇ ਅੰਦਰ ਕਿਸੇ ਵੀ ਕਿਸਾਨ ਨੂੰ ਅਸੀਂ ਖੁਦਕੁਸ਼ੀ ਨਹੀਂ ਕਰਨ ਦਿਆਂਗੇ। ਕੇਜਰੀਵਾਲ ਨੇ ਕਿਹਾ ਕਿ ਅਸੀਂ ਪੰਜਾਬ ਦੇ ਲਈ ਵੱਡੀ ਪਲੈਨਿੰਗ ਕਰ ਰਹੇ ਹਾਂ ਜੋ ਮੈਂ ਤੁਹਾਨੂੰ ਆਪਣੇ ਅਗਲੇ ਦੌਰੇ ‘ਤੇ ਦੱਸਾਂਗਾ। ਅੱਜ ਪੰਜਾਬ ਵਿੱਚ ਮੈਂ ਸਿਰਫ ਇੱਕ ਮੁੱਦੇ ਲਈ ਆਇਆ ਹਾਂ ਅਤੇ ਉਹ ਹੈ ਕਿ ਪੰਜਾਬ ਸਰਕਾਰ ਮੀਂਹ ਕਾਰਨ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਨਹੀਂ ਕਰ ਰਹੀ।

ਕੇਜਰੀਵਾਲ ਨੇ ਚੰਨੀ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਨਾਲ ਬੈਠ ਕੇ ਤੁਸੀਂ ਬੇਮੌਸਮੀ ਮੀਂਹ ਕਾਰਨ ਫਸਲਾਂ ਦੇ ਹੋਏ ਨੁਕਸਾਨ ਅਤੇ ਗੁਲਾਬੀ ਸੁੰਡੀ ਕਰਕੇ ਬਰਬਾਦ ਹੋਈ ਨਰਮੇ ਦੀ ਫਸਲ ਦਾ ਹਿਸਾਬ ਲਾਉ ਕਿ ਕਿੰਨੀ ਲਾਗਤ ਸੀ ਅਤੇ ਕਿੰਨਾ ਨੁਕਸਾਨ ਹੋਇਆ ਹੈ। ਜਿੰਨੀ ਲਾਗਤ ਸੀ, ਘੱਟੋ-ਘੱਟ ਓਨੀ ਲਾਗਤ ਤਾਂ ਕਿਸਾਨਾਂ ਨੂੰ ਦਿਉ। ਦਿੱਲੀ ਵਿੱਚ ਅਸੀਂ ਕਿਸਾਨਾਂ ਨੂੰ ਇਹ ਸਭ ਦੇ ਰਹੇ ਹਾਂ। ਤਿੰਨ ਮਹੀਨਿਆਂ ਦੇ ਅੰਦਰ ਪ੍ਰਭਾਵਿਤ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਭੇਜ ਦਿੱਤੇ। ਕੇਜਰੀਵਾਲ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਅਗਰ ਚੰਨੀ ਪੰਜਾਬ ਦੇ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਨਹੀਂ ਦਿੰਦੇ ਤਾਂ ਮਾਰਚ ਵਿੱਚ ਸਰਕਾਰ ਬਣੇਗੀ ਅਤੇ 30 ਅਪ੍ਰੈਲ ਤੱਕ ਸਾਰੇ ਕਿਸਾਨਾਂ ਦੇ ਖਾਤਿਆਂ ਵਿੱਚ ਪੂਰਾ ਮੁਆਵਜ਼ਾ ਚਲਾ ਜਾਵੇਗਾ। ਕੇਜਰੀਵਾਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਤੁਸੀਂ ਖੁਦਕੁਸ਼ੀ ਨਾ ਕਰਿਉ, ਮੈਨੂੰ ਆਪਣਾ ਛੋਟਾ ਭਰਾ ਜਾਂ ਬੇਟਾ ਮੰਨ ਲਉ। ਅਸੀਂ ਤੁਹਾਡੀ ਸਮੱਸਿਆ ਦਾ ਹੱਲ ਕਰਾਂਗੇ। ਚੰਨੀ ਨੇ ਮਜ਼ਦੂਰਾਂ ਨੂੰ ਵੀ ਭਰੋਸਾ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਵੀ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ।

ਕੇਜਰੀਵਾਲ ਨੇ ਇੱਕ ਹੋਰ ਦਾਅਵਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਭਵਿੱਖ ਵਿੱਚ ਜੇ ਕਿਤੇ ਫਸਲ ਬਰਬਾਦ ਹੁੰਦੀ ਹੈ ਤਾਂ ਲਾਗਤ ਦੇ ਹਿਸਾਬ ਨਾਲ ਕਿਸਾਨਾਂ ਨੂੰ ਉਚਿਤ ਮੁਆਵਜ਼ਾ ਦਿੱਤਾ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਅੱਜਕੱਲ੍ਹ ਨਕਲੀ ਦੁੱਧ ਬਹੁਤ ਵਿਕ ਰਿਹਾ ਹੈ। ਜੇਕਰ ਨਕਲੀ ਦੁੱਧ ਬੰਦ ਕਰ ਦਿੱਤਾ ਜਾਵੇ ਤਾਂ ਬਹੁਤ ਸਾਰੇ ਕਿਸਾਨ ਹਨ ਜਿਨ੍ਹਾਂ ਦੀ ਡੇਅਰੀ ਜ਼ਰੀਏ ਇਨਕਮ ਵਧੇਗੀ ਅਤੇ ਲੋਕਾਂ ਨੂੰ ਅਸਲੀ ਦੁੱਧ ਪੀਣ ਨੂੰ ਮਿਲੇਗਾ।

ਕੇਜਰੀਵਾਲ ਨੇ ਕਿਹਾ ਕਿ ਜੇ ਅਸੀਂ ਦਿੱਲੀ ਦੇ ਸਰਕਾਰੀ ਸਕੂਲ, ਸਰਕਾਰੀ ਹਸਪਤਾਲ, ਬਿਜਲੀ, ਪਾਣੀ, ਸੜਕਾਂ ਬਦਲ ਸਕਦੇ ਹਾਂ ਤਾਂ ਪੰਜਾਬ ਦੀ ਖੇਤੀ ਵੀ ਬਦਲ ਸਕਦੇ ਹਾਂ। ਪੰਜਾਬ ਵਿੱਚ ਖੇਤੀ ਨੂੰ ਇੱਜ਼ਤ ਦਾ, ਮੁਨਾਫੇ ਦਾ ਧੰਦਾ ਬਣਾਵਾਂਗੇ।