‘ਦ ਖ਼ਾਲਸ ਟੀਵੀ ਬਿਊਰੋ:- ਸ਼ਾਹਰੁਖ ਖਾਨ ਦਾ ਮੁੰਡਾ ਜਿਨ੍ਹਾਂ ਅਧਿਕਾਰੀਆਂ ਨੇ ਫੜ੍ਹਿਆ ਸੀ, ਉਨ੍ਹਾਂ ਲਈ ਉਹ ਕਿਸੇ ਸੈਲੀਬ੍ਰਿਟੀ ਤੋਂ ਘੱਟ ਨਹੀਂ ਸੀ। ਕਈਆਂ ਨੇ ਬੜੇ ਮਾਣ ਨਾਲ ਦੱਸਿਆ ਹੋਵੇਗਾ ਜਾਂ ਅੱਗੇ ਦੱਸਣਗੇ ਕਿ ਅਸੀਂ ਡਰੱਗਸ ਮਾਮਲੇ ਵਿੱਚ ਸ਼ਾਹਰੁਖ ਖਾਨ ਦਾ ਮੁੰਡਾ ਫੜਿਆ ਸੀ, ਪਰ ਕਈਆਂ ਨੂੰ ਹਾਲੇ ਇਸਦੇ ਵੱਖਰੇ ਭੁਗਤਾਨ ਹੋਣੇ ਹਨ। ਇਸੇ ਮਾਮਲੇ ਵਿੱਚ ਐਨਸੀਬੀ ਦੇ ਗਵਾਹ ਕਿਰਣ ਗੋਸਾਵੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਿਕ ਪੁਣੇ ਪੁਲਿਸ ਕਮਿਸ਼ਨਰ ਅਮਿਤਾਬ ਗੁਪਤਾ ਦੇ ਹਵਾਲੇ ਨਾਲ ਪਤਾ ਚੱਲਿਆ ਹੈ ਕਿ ਇਸ ਮਾਮਲੇ ਵਿੱਚ ਗਵਾਹ ਗੋਸਾਵੀ ਤੋਂ ਧੋਖਾਦੇਹੀ ਮਾਮਲੇ ਵਿੱਚ ਪੁੱਛ ਪੜਤਾਲ ਹੋ ਰਹੀ ਹੈ। ਮੁੰਬਈ ਡਰੱਗਸ ਮਾਮਲੇ ਵਿੱਚ ਸ਼ਾਹਰੁਖ ਖਾਨ ਦੇ ਲੜਕੇ ਆਰਿਅਨ ਖਾਨ ਨੂੰ ਹਿਰਾਸਤ ਵਿਚ ਲਏ ਜਾਣ ਤੋਂ ਬਾਅਦ ਗੋਸਾਵੀ ਨੇ ਆਰਿਅਨ ਨਾਲ ਸੈਲਫੀ ਲਈ ਸੀ ਜੋ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਸੀ।
ਸਾਲ 2018 ਦੇ ਧੋਖਾਦੇਹੀ ਨਾਲ ਜੁੜੇ ਇਕ ਮਾਮਲੇ ਵਿੱਚ ਪੁਣੇ ਪੁਲਿਸ ਨੇ ਗੋਸਾਵੀ ਦੇ ਖਿਲਾਫ ਲੁਕਆਉਟ ਸਰਕੂਲਰ ਜਾਰੀ ਕੀਤਾ ਸੀ। ਮੁੰਬਈ ਡਰੱਗਸ ਮਾਮਲੇ ਵਿਚ ਇਕ ਹੋਰ ਆਜਾਦ ਗਵਾਹ ਪ੍ਰਭਾਕਰ ਨੇ ਗੋਸਾਵੀ ਉੱਤੇ 25 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ ਮੜ੍ਹੇ ਸਨ।
ਇੱਥੇ ਇਹ ਵੀ ਦੱਸ ਦਈਏ ਕਿ ਮੁੰਬਈ ਕਰੂਜ਼ ਡਰੱਗਸ ਮਾਮਲੇ ਵਿਚ ਅਭਿਨੇਤਾ ਸ਼ਾਹਰੁਖ ਖਾਨ ਦੇ ਲੜਕੇ ਆਰਿਅਨ ਖਾਨ ਨੂੰ ਜ਼ਮਾਨਤ ਮਿਲ ਗਈ ਹੈ। ਮੰਗਲਵਾਰ ਨੂੰ ਆਰਿਅਨ ਖਾਨ ਦੀ ਜ਼ਮਾਨਤ ਪਟੀਸ਼ਨ ਉੱਤੇ ਬੰਬੇ ਹਾਈਕੋਰਟ ਵਿੱਚ ਸੁਣਵਾਈ ਹੋਈ ਸੀ ਤੇ ਲੰਘੇ ਤਿੰਨ ਹਫਤਿਆਂ ਤੋਂ ਆਰਿਅਨ ਜੇਲ੍ਹ ਵਿੱਚ ਬੰਦ ਹੈ। ਇਸ ਮਾਮਲੇ ਵਿੱਚ ਆਰਿਅਨ ਦੇ ਨਾਲ ਨਾਲ ਅਰਬਾਜ਼ ਮਰਚੇਂਟ ਤੇ ਮੁਨਮੁਨ ਧਮੇਚਾ ਨੂੰ ਵੀ ਜ਼ਮਾਨਤ ਮਿਲੀ ਹੈ। ਬੰਬੇ ਹਾਈਕੋਰਟ ਨੇ ਤਿੰਨ ਦਿਨ ਤੱਕ ਦਲੀਲਾਂ ਸੁਣਨ ਤੋਂ ਬਾਅਦ ਜਮਾਨਤੀ ਹੁਕਮ ਜਾਰੀ ਕੀਤੇ ਹਨ।
ਇਹ ਉਮੀਦ ਹੈ ਕਿ ਕੱਲ੍ਹ ਜਾਂ ਸ਼ਨੀਵਾਰ ਤੱਕ ਸਾਰੇ ਹੀ ਬਾਹਰ ਹੋਣਗੇ। ਇੱਥੇ ਦੱਸ ਦਈਏ ਕਿ 20 ਅਕਤੂਬਰ ਨੂੰ ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ ਨੇ ਇਨ੍ਹਾਂ ਦੀ ਜ਼ਮਾਨਤ ਉੱਤੇ ਇਨਕਾਰ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਐਨਸੀਬੀ ਨੇ ਆਰਿਅਨ ਖਾਨ, ਅਰਬਾਜ਼ ਮਰਚੈਂਟ ਤੇ ਮੁਨਮੁਨ ਧਮੇਚਾ ਸਣੇ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਇਸ ਮਾਮਲੇ ਵਿੱਚ ਹੁਣ ਤੱਕ 20 ਲੋਕ ਗ੍ਰਿਫਤਾਰ ਕੀਤੇ ਗਏ ਹਨ।