International

ਲਓ ਜੀ, ਫਿਰ ਆ ਗਏ ਲੌਕਡਾਊਨ ਦੇ ਦਿਨ

‘ਦ ਖ਼ਾਲਸ ਟੀਵੀ ਬਿਊਰੋ:-ਕੋਰੋਨਾ ਕਾਰਨ ਵਾਰ ਵਾਰ ਤਾਲਾਬੰਦੀ ਦੇ ਦਿਨ ਸਾਰੀ ਦੁਨੀਆਂ ਨੇ ਭੋਗੇ ਹਨ। ਹੁਣ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇਗਾ ਜੋ ਇਹ ਦੁਆਵਾਂ ਨਾ ਕਰਦਾ ਹੋਵੇ ਕਿ ਰੱਬ ਕਰੇ ਕਿ ਹੁਣ ਨਾ ਉਹ ਦਿਨ ਮੁੜ ਕੇ ਆ ਜਾਣ। ਕੋਰੋਨਾ ਨੇ ਸਾਰੀ ਦੁਨੀਆਂ ਨੂੰ ਦਰਵਾਜਿਆਂ ਪਿੱਛੇ ਅਜਿਹਾ ਡੱਕਿਆ ਕਿ ਲੋਕਾਂ ਦੇ ਰੁਜਗਾਰ ਪ੍ਰਭਾਵਿਤ ਹੋ ਗਏ, ਨੌਕਰੀਆਂ ਚਲੀਆਂ ਗਈਆਂ ਤੇ ਖਾਣ-ਪੀਣ ਦੀਆਂ ਤੋਟਾਂ ਬੁਰੀ ਤਰ੍ਹਾਂ ਆ ਗਈਆਂ।

ਹੁਣ ਮਾਸਕੋ ਤੋਂ ਖਬਰ ਆ ਰਹੀ ਹੈ ਕਿ ਕੋਰੋਨਾ ਕਰਕੇ ਹਾਲਾਤ ਮੁੜ ਤੋਂ ਵਿਗੜ ਰਹੇ ਹਨ ਤੇ ਫਾਰਮੇਸੀ ਤੇ ਸੁਪਰਮਾਰਕੀਟ ਨੂੰ ਛੱਡ ਕੇ ਸਾਰੀਆਂ ਗੈਰਜ਼ਰੂਰੀ ਦੁਕਾਨਾਂ ਨੂੰ ਬੰਦ ਕਰਵਾ ਦਿੱਤਾ ਗਿਆ ਹੈ। ਰੂਸ ਵਿੱਚ ਕੋਰੋਨਾ ਦੇ ਮਾਮਲੇ ਵਧਣ ਕਾਰਨ ਮੰਗਲਵਾਰ ਨੂੰ 1100 ਲੋਕਾਂ ਦੀ ਇਸ ਲਾਗ ਨਾਲ ਮੌਤ ਹੋਈ ਸੀ।

ਜਾਣਕਾਰੀ ਮੁਤਾਬਿਕ ਇਸ ਵੇਲੇ ਯੂਰੋਪ ਵਿੱਚ ਕੋਰੋਨਾ ਤੋਂ ਸਭ ਤੋਂ ਵੱਧ ਪ੍ਰਭਾਵਿਤ ਮੁਲਕ ਬਣ ਗਿਆ ਹੈ। ਹਸਪਤਾਲ ਫਿਰ ਮਰੀਜਾਂ ਨਾਲ ਭਰੇ ਪਏ ਹਨ ਤੇ ਜਿਆਦਾਤਰ ਲੋਕਾਂ ਨੂੰ ਵੈਕਸੀਨ ਨਹੀਂ ਲੱਗੀ ਹੈ।

ਮਾਸਕੋ ਦੇ ਵਾਲੀਜਿਸਕੀ ਹਸਪਤਾਲ ਦੇ ਡਾਕਟਰ ਰੋਮਾਨ ਮਿਰੋਨੋਵ ਨੇ ਦੱਸਿਆ ਹੈ ਕਿ ਸਾਡਾ ਹਸਪਤਾਲ ਭਰਿਆ ਪਿਆ ਹੈ। ਹਰੇਕ ਦਿਨ 10 ਫੀਸਦ ਮਰੀਜ ਡਿਸਚਾਰਜ ਹੋ ਰਹੇ ਹਨ। ਇੰਨੇ ਹੀ ਰੋਜ ਭਰਤੀ ਵੀ ਹੋ ਰਹੇ ਹਨ। ਪਹਿਲਾਂ ਦੀ ਲਹਿਰ ਨਾਲੋਂ ਕਿਤੇ ਜਿਆਦਾ ਮਰੀਜ ਆ ਰਹੇ ਹਨ। ਰੂਸ ਵਿੱਚ ਅਧਿਕਾਰੀ ਵੈਕਸੀਨੇਸ਼ਨ ਦੀ ਘਾਟ ਕਾਰਨ ਚਿੰਤਿਤ ਹਨ। ਵਧ ਰਹੀ ਲਾਗ ਤੇ ਮੌਤਾਂ ਕਾਰਨ ਹੁਣ ਲੋਕ ਵੈਕਸੀਨੇਸ਼ਨ ਲਈ ਆ ਰਹੇ ਹਨ।