‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਲਖੀਮਪੁਰ ਖੀਰੀ ਵਿੱਚ ਚਾਰ ਕਿਸਾਨਾਂ ਨੂੰ ਦਰ ੜਨ ਦੀ ਚੀਸ ਅਜੇ ਮੱਠੀ ਨਹੀਂ ਪਈ ਕਿ ਟਿਕਰੀ ਬਾਰਡਰ ‘ਤੇ ਅੱਜ ਇੱਕ ਹੋਰ ਦਰਦਨਾਕ ਹਾਦਸਾ ਵਾਪਰ ਗਿਆ। ਚਿਰਾਂ ਬਾਅਦ ਆਪਣੇ ਪਿੰਡ ਨੂੰ ਪਰਤਣ ਦੀ ਸਿੱਕ ਦਿਲ ਵਿੱਚ ਲੈ ਕੇ ਸੜਕ ਕੰਢੇ ਆਟੋ ਦੇ ਇੰਤਜ਼ਾਰ ਵਿੱਚ ਬੈਠੀਆਂ ਸੱਤ ਬੀਬੀਆਂ ਨੂੰ ਇੱਕ ਅਲਗਰਜ਼ ਟਿੱਪਰ ਡਰਾਈਵਰ ਬੁਰੀ ਤਰ੍ਹਾਂ ਦਰੜ ਗਿਆ। ਤਿੰਨ ਬੀਬੀਆਂ ਦੀ ਹਾਦਸੇ ਵਿੱਚ ਜਾਨ ਚਲੇ ਗਈ ਅਤੇ ਦੋ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀਆਂ ਹਨ। ਘਟਨਾ ਤੋਂ ਬਾਅਦ ਕਿਸਾਨ ਮੋਰਚੇ ਵਿੱਚ ਸੁੰਨ ਪਸਰ ਗਈ। ਮੌਕੇ ‘ਤੇ ਪ੍ਰਤੱਖ ਦਰਸ਼ਕ ਤਾਂ ਹਾਲੇ ਤੱਕ ਸਦਮੇ ਵਿੱਚੋਂ ਬਾਹਰ ਨਹੀਂ ਆ ਸਕੇ।
ਟਿਕਰੀ ਬਾਰਡਰ ‘ਤੇ ਅੱਜ ਸਵੇਰੇ 6 ਵਜੇ ਇਹ ਦਰਦਨਾਕ ਹਾਦਸਾ ਵਾਪਰਿਆ। ਇੱਕ ਤੇਜ਼ ਰਫ਼ਤਾਰ ਟਰੱਕ ਵੱਲੋਂ ਸੱਤ ਕਿਸਾਨ ਬੀਬੀਆਂ ਅਤੇ ਇੱਕ 35 ਸਾਲਾ ਨੌਜਵਾਨ ਨੂੰ ਬੁਰੀ ਤਰ੍ਹਾਂ ਦਰੜਿਆ ਗਿਆ। ਹਾਦਸੇ ਵਿੱਚ ਮਾਨਸਾ ਦੇ ਪਿੰਡ ਖੀਵਾ ਦਿਆਲਾ ਕਲਾਂ ਦੀਆਂ ਰਹਿਣ ਵਾਲ਼ੀਆਂ ਤਿੰਨ ਸੰਘਰਸ਼ੀ ਕਿਸਾਨ ਬੀਬੀਆਂ ਦੀ ਮੌਤ ਹੋ ਗਈ ਅਤੇ ਦੋ ਜ਼ਖ਼ਮੀ ਹੋ ਗਈਆਂ। ਹਾਦਸੇ ‘ਚ 2 ਔਰਤਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਇੱਕ ਔਰਤ ਨੇ ਹਸਪਤਾਲ ਵਿੱਚ ਦਮ ਤੋੜਿਆ। ਦੋ ਔਰਤਾਂ ਜ਼ਖਮੀ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇੱਕ ਔਰਤ ਨੂੰ ਪੀਜੀਆਈ ਰੋਹਤਕ ਦਾਖਲ ਕੀਤਾ ਗਿਆ ਹੈ ਅਤੇ ਇੱਕ ਔਰਤ ਦਾ ਇਲਾਜ ਬਹਾਦਰਗੜ੍ਹ ਦੇ ਹਸਪਤਾਲ ਵਿੱਚ ਹੀ ਕੀਤਾ ਜਾ ਰਿਹਾ ਹੈ। ਬਾਕੀ ਦੋ ਔਰਤਾਂ ਅਤੇ ਨੌਜਵਾਨ ਸਹੀ ਸਲਾਮਤ ਹਨ ਵਾਪਸ ਕਿਸਾਨ ਅੰਦੋਲਨ ਵਿੱਚ ਡਟ ਗਏ ਹਨ।
ਦਰਅਸਲ, ਇਹ ਕਿਸਾਨ ਬੀਬੀਆਂ ਦਿੱਲੀ ਤੋਂ ਬਹਾਦਰਗੜ੍ਹ ਹੋ ਕੇ ਪੰਜਾਬ ਪਰਤਣ ਲਈ ਝੱਜਰ ਵਾਲੇ ਪੁਲ ਦੇ ਹੇਠਾਂ ਡਿਵਾਇਡਰ ‘ਤੇ ਬੈਠੀਆਂ ਰੇਲਵੇ ਸਟੇਸ਼ਨ ਜਾਣ ਲਈ ਆਟੋ ਰਿਕਸ਼ਾ ਦੀ ਉਡੀਕ ਕਰ ਰਹੀਆਂ ਸਨ ਕਿ ਇੰਨੇ ‘ਚ ਤੇਜ਼ ਰਫਤਾਰ ਆ ਰਹੇ ਟਿੱਪਰ ਨੇ ਇਨ੍ਹਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਟੱਕਰ ਇੰਨੀ ਭਿਆਨਕ ਸੀ ਕਿ ਦੋ ਔਰਤਾਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਟਰੱਕ ਚਾਲਕ ਮੌਕੇ ‘ਤੇ ਦੌੜ ਗਿਆ ਅਤੇ ਪੁਲੀਸ ਨੇ ਮੌਕੇ ‘ਤੇ ਪਹੁੰਚ ਕੇ ਟਰੱਕ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।
ਹਾਦਸੇ ‘ਚ ਪੀੜਤ ਔਰਤ ਨੇ ਦੱਸਿਆ ਕਿ ਜਦੋਂ ਟਰੱਕ ਸਾਡੇ ਉੱਪਰ ਚੜਿਆ ਤਾਂ ਰੌਲਾ ਪੈ ਗਿਆ ਕਿ ਇਹ ਕੀ ਹੋ ਗਿਆ ਹੈ। ਬੀਬੀ ਨੇ ਦੱਸਿਆ ਕਿ ਅਸੀਂ ਸੜਕ ਦੇ ਇੱਕ ਪਾਸੇ ਬੈਠੇ ਹੋਏ ਸੀ। ਕਿਸਾਨ ਬੀਬੀ ਨੇ ਦੱਸਿਆ ਕਿ ਟਰੱਕ ਪਹਿਲਾਂ ਖੜ੍ਹਾ ਸੀ ਅਤੇ ਜਦੋਂ ਹੀ ਅਸੀਂ ਸੜਕ ਪਾਰ ਕਰਕੇ ਦੂਜੇ ਪਾਸੇ ਗਈਆਂ ਤਾਂ ਇਹ ਟਰੱਕ ਤੇਜ਼ ਰਫਤਾਰ ਵਿੱਚ ਆ ਕੇ ਸਾਡੇ ‘ਤੇ ਚੜ ਗਿਆ। ਸਾਨੂੰ ਪਤਾ ਹੀ ਨਹੀਂ ਲੱਗਾ ਕਿ ਇਹ ਟਰੱਕ ਕਦਮ ਕਿੱਥੋਂ ਆ ਗਿਆ ਹੈ।
ਜਾਣਕਾਰੀ ਮੁਤਾਬਕ ਇਹ ਕਿਸਾਨ ਬੀਬੀਆਂ ਪਿਛਲੇ ਕਈ ਦਿਨਾਂ ਤੋਂ ਮੋਰਚੇ ਵਿੱਚ ਸ਼ਾਮਿਲ ਸਨ ਅਤੇ ਅੱਜ ਘਰ ਜਾ ਰਹੀਆਂ ਸਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਮ੍ਰਿਤਕ ਔਰਤਾਂ ਵਿੱਚ 58 ਸਾਲਾ ਅਮਰਜੀਤ ਕੌਰ, 60 ਸਾਲਾ ਗੁਰਮੇਲ ਕੌਰ, 61 ਸਾਲਾ ਛਿੰਦਰ ਕੌਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਵਿੱਚ ਗੁਰਮੇਲ ਕੌਰ, ਹਰਜੀਤ ਕੌਰ ਸ਼ਾਮਿਲ ਹਨ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕਿਸਾਨ ਔਰਤਾਂ ਨੂੰ ਮੋਰਚੇ ਦੀਆਂ ਸ਼ਹੀਦ ਕਰਾਰ ਦਿੰਦਿਆਂ ਪੀੜਤ ਪਰਿਵਾਰਾਂ ਲਈ ਮਾਲੀ ਮਦਦ, ਪਰਿਵਾਰ ਦਾ ਸਾਰਾ ਕਰਜਾ ਮੁਆਫ ਅਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ। ਕਿਸਾਨਾਂ ਨੇ ਇਸ ਹਾਦਸੇ ‘ਤੇ ਸ਼ੱਕ ਜਤਾਉਂਦਿਆਂ ਕਿਹਾ ਕਿ ਇਹ ਹਾਦਸਾ ਬੀਜੇਪੀ ਵੱਲੋਂ ਜਾਣਬੁੱਝ ਕੇ ਕਿਸਾਨੀ ਅੰਦੋਲਨ ਨੂੰ ਕਮਜ਼ੋਰ ਕਰਾਉਣ ਵਾਸਤੇ ਕਰਵਾਇਆ ਗਿਆ ਹੈ। ਇਸ ਲਈ ਕਿਸਾਨ ਇਸ ਘਟਨਾ ਦੀ ਪੜਤਾਲ ਕਰਨਗੇ।