‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਿੰਘੂ ਬਾਰਡਰ ‘ਤੇ ਨਿਹੰਗ ਸਿੰਘਾਂ ਵੱਲੋਂ ਅੱਜ ਪੰਥਕ ਇਕੱਠ ਕੀਤਾ ਗਿਆ। ਨਿਹੰਗ ਸਿੰਘ ਜਥੇਬੰਦੀਆਂ ਨੇ ਇਸ ਮੌਕੇ ਕਿਸਾਨੀ ਅੰਦੋਲਨ ਵਿੱਚ ਹੀ ਡਟੇ ਰਹਿਣ ਦਾ ਐਲਾਨ ਕੀਤਾ ਹੈ। ਨਿਹੰਗ ਸਿੰਘ ਜਥੇਬੰਦੀਆਂ ਨੇ ਕਿਹਾ ਕਿ ਸਾਨੂੰ ਦੇਸ਼-ਵਿਦੇਸ਼ ਤੋਂ ਸੰਗਤ ਨੇ ਅਪੀਲ ਕੀਤੀ ਹੈ ਕਿ ਅਸੀਂ ਕਿਸਾਨ ਮੋਰਚਾ ਛੱਡ ਕੇ ਨਾ ਜਾਈਏ। ਇਸ ਸਬੰਧੀ ਸਾਨੂੰ ਕਈ ਲਿਖਤੀ ਸੁਝਾਅ ਵੀ ਆਏ ਹਨ, ਜਿਨ੍ਹਾਂ ਦਾ ਅੱਜ ਨਿਰੀਖਣ ਕਰਕੇ ਪ੍ਰੈੱਸ ਕਾਨਫਰੰਸ ਕਰਕੇ ਸੰਗਤ ਸਾਹਮਣੇ ਫੈਸਲਾ ਕੀਤਾ ਜਾਵੇਗਾ। ਦਵਾਲੀ ਤੋਂ 15 ਦਿਨਾਂ ਦੇ ਅੰਦਰ ਅੰਦਰ ਸਿੰਘੂ ਬਾਰਡਰ ਤੋਂ 8 ਤੋਂ 10 ਨਿਹੰਗ ਸਿੰਘਾ ਦੋ ਜਥੇ ਪੰਜਾਬ ਭੇਜੇ ਜਾਣਗੇ।
ਨਿਹੰਗ ਜਥੇਬੰਦੀਆਂ ਦੇ ਅਹਿਮ ਐਲਾਨ
- ਨਿਹੰਗ ਜਥੇਬੰਦੀਆਂ ਨੇ ਕਿਹਾ ਕਿ ਅੱਜ ਕੁੱਝ ਨਿਹੰਗ ਸਿੰਘ ਜਥੇਬੰਦੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅੰਮ੍ਰਿਤ ਨੂੰ ਦੋ-ਦੋ ਬਾਟੇ ਕਰ ਰਹੀਆਂ ਹਨ। ਨਿਹੰਗ ਰਾਜਾ ਰਾਜ ਸਿੰਘ ਨੇ ਕਿਹਾ ਕਿ ਸਿੰਘੂ ਬਾਰਡਰ ‘ਤੇ ਅੱਜ ਪੰਥ ਖਾਲਸਾ ਬੈਠਾ ਹੈ ਅਤੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਇਸ ਤਰ੍ਹਾਂ ਦੀਆਂ ਨਿਹੰਗ ਸਿੰਘ ਜਥੇਬੰਦੀਆਂ ਦਾ ਸਾਰਾ ਪੰਥ ਬਾਈਕਾਟ ਕਰੇ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਨ੍ਹਾਂ ਦਾ ਬਾਈਕਾਟ ਹੋਣਾ ਚਾਹੀਦਾ ਹੈ, ਸਾਰੀ ਸਿੱਖ ਕੌਮ ਇਨ੍ਹਾਂ ਨਿਹੰਗ ਸਿੰਘ ਜਥੇਬੰਦੀਆਂ ਦਾ ਬਾਈਕਾਟ ਕਰੇ, ਜੋ ਜਥੇਬੰਦੀਆਂ ਦੋ-ਦੋ ਬਾਟੇ ਕਰਦੀਆਂ ਹਨ।
- ਨਿਹੰਗ ਸਿੰਘ ਦਲ ਪੰਥ ਨੇ ਇੱਕ ਹੋਰ ਅਹਿਮ ਫੈਸਲਾ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਜੀ ਦੀਆਂ ਹੋ ਰਹੀਆਂ ਬੇਅਦਬੀਆਂ ਦੇ ਖਿਲਾਫ਼ ਅਤੇ ਦੋਸ਼ੀਆਂ ਨੂੰ ਰੋਕਣ ਵਾਸਤੇ ਅੱਜ ਤੋਂ ਦੀਵਾਲੀ ਤੋਂ ਬਾਅਦ 15 ਦਿਨਾਂ ਦੇ ਅੰਦਰ-ਅੰਦਰ ਨਿਹੰਗ ਸਿੰਘ ਫੌਜਾਂ ਵੱਲੋਂ ਦੋ ਜਥੇ ਸਿੰਘੂ ਬਾਰਡਰ ਤੋਂ ਪੰਜਾਬ ਦੀ ਧਰਤੀ ਰਵਾਨਾ ਕੀਤੇ ਜਾਣਗੇ।
- ਇਹ ਜਥੇ ਪੰਜਾਬ ਜਾ ਕੇ ਗੁਰੂ ਘਰਾਂ ਦੇ ਪ੍ਰਬੰਧਾਂ ਦਾ ਜਾਇਜਾ ਲੈਣਗੇ।
- ਇਹ ਜਥੇ ਹਰੇਕ ਪਿੰਡ ਵਿੱਚ ਜਾਵੇਗਾ ਅਤੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਭਾਵੇਂ ਉਹ ਛੋਟਾ ਗੁਰਦੁਆਰਾ ਸਾਹਿਬ ਹੋਵੇ ਜਾਂ ਫਿਰ ਵੱਡਾ ਗੁਰਦੁਆਰਾ ਸਾਹਿਬ ਹੋਵੇ, ਭਾਵੇਂ ਕਿਸੇ ਜਥੇਬੰਦੀ ਜਾਂ ਟਕਸਾਲ ਨਾਲ ਸਬੰਧਿਤ ਹੈ, ਉੱਥੇ ਇਹ ਜਥਾ ਪਹੁੰਚੇਗਾ ਅਤੇ ਇਹ ਵੇਖਿਆ ਜਾਵੇਗਾ ਕਿ ਉਸ ਗੁਰੂ ਘਰ ਦਾ ਪ੍ਰਬੰਧ ਕਿਵੇਂ ਦਾ ਹੈ, ਉੱਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉੱਥੋਂ ਦਾ ਗ੍ਰੰਥੀ ਸਿੰਘ ਕੀ ਚੰਗੇ ਢੰਗ ਨਾਲ ਸੇਵਾ ਨਿਭਾ ਰਿਹਾ ਹੈ, ਕੀ ਉੱਥੇ ਪਹਿਰੇਦਾਰ ਰੱਖੇ ਹੋਏ ਹਨ, ਕੀ ਉੱਥੇ ਚੰਗੀ ਤਰ੍ਹਾਂ ਚੜਦੀਕਲਾ ਨਾਲ ਸੇਵਾ ਕੀਤੀ ਜਾ ਰਹੀ ਹੈ ਜਾਂ ਨਹੀਂ।
- ਜਿਸ ਗੁਰੂ ਘਰ ਵਿੱਚ ਪਹਿਰੇਦਾਰ ਨਹੀਂ ਹੋਵੇਗਾ , ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਨਹੀਂ ਹੋਵੇਗਾ, ਉੱਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੁੱਕ ਲਏ ਜਾਣਗੇ।
- ਇੱਕ ਜਥੇ ਦੀ ਅਗਵਾਈ ਬਾਬਾ ਚੜ੍ਹਤ ਸਿੰਘ ਅਤੇ ਦੂਸਰੇ ਜਥੇ ਦੀ ਅਗਵਾਈ ਬਾਬਾ ਕੁਲਵਿੰਦਰ ਸਿੰਘ ਜੀ ਕਰਨਗੇ।
- ਇਹ ਦੋਵੇਂ ਜਥੇ 11 ਜਾਂ 8 ਸਿੰਘਾਂ ਦੇ ਹੋਣਗੇ।
- ਉਨ੍ਹਾਂ ਕਿਹਾ ਕਿ ਇਹ ਜਥੇ ਭਾਵੇਂ ਰਾਤ ਦੇ 12 ਵਜੇ ਗੁਰੂ ਘਰ ਦਾ ਨਿਰੀਖਣ ਕਰਨ ਅਤੇ ਜੇ ਸਾਨੂੰ ਰਾਤ ਨੂੰ ਗੁਰੂ ਘਰ ਵਿੱਚ ਪਹਿਰੇਦਾਰ ਨਾ ਮਿਲੇ ਤਾਂ ਸਾਰੇ ਪਿੰਡ ਨੂੰ ਇਕੱਠਾ ਕਰਕੇ ਉਸੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉੱਥੋਂ ਚੁੱਕ ਕੇ ਲਿਜਾਏ ਜਾਣਗੇ।
- ਸਿੱਖ ਸੰਗਤ ਤੋਂ ਇਸ ਫੈਸਲੇ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਨਿਹੰਗ ਜਥੇਬੰਦੀਆਂ ਨੇ ਸਾਰੇ ਸਿੱਖਾਂ, ਲੋਕਾਂ ਭਾਵੇਂ ਉਹ ਆਮ ਹੈ ਜਾਂ ਖਾਸ ਹੈ, ਗੁਰੂ ਘਰਾਂ ਦੇ ਪ੍ਰਧਾਨਾਂ, ਪ੍ਰਬੰਧਕਾਂ ਸਭ ਨੂੰ ਇਨ੍ਹਾਂ ਜਥਿਆਂ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ।
- ਪੰਜਾਬ ਨੂੰ ਤਿੰਨ ਜ਼ੋਨਾਂ ਮਾਝਾ, ਮਾਲਵਾ ਅਤੇ ਦੋਆਬਾ ਵਿੱਚ ਵੰਡਿਆ ਜਾਵੇਗਾ।
- ਸਭ ਤੋਂ ਵੱਧ ਬੇਅਦਬੀਆਂ ਮਾਲਵਾ ਵਿੱਚ ਹੋ ਰਹੀਆਂ ਹਨ। ਇਸ ਲਈ ਇਹ ਮੁਹਿੰਮ ਮਾਲਵਾ ਤੋਂ ਸ਼ੁਰੂ ਕੀਤੀ ਜਾਵੇਗੀ।
- ਨਿਹੰਗ ਸਿੰਘਾਂ ਨੇ ਸਾਰੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਕਿਸੇ ਗੁਰੂ ਘਰ ਵਿੱਚ ਗੁਰੂ ਸਾਹਿਬ ਜੀ ਦੀ ਬੇਅਦਬੀ ਕੀਤੀ ਹੋਈ ਮਿਲ ਗਈ ਜਾਂ ਫਿਰ ਕੋਈ ਕੁਤਾਹੀ ਕੀਤੀ ਹੋਈ ਮਿਲ ਗਈ ਤਾਂ ਨਿੰਹਗ ਸਿੰਘ ਦਲ ਪੰਥ ਇਕੱਠਾ ਹੋ ਕੇ ਸਬੰਧਿਤ ਲੋਕਾਂ ਨੂੰ ਪਰੰਪਰਾ ਅਨੁਸਾਰ ਸਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਣੇ ਗ੍ਰੰਥੀ ਦੇ ਬੰਨ੍ਹ ਕੇ ਉਸਦੇ ਕੋਰੜੇ ਮਾਰੇ ਜਾਣਗੇ।
- ਜੇ ਕੋਈ ਦੋਸ਼ੀ ਨਿਕਲਦਾ ਹੈ ਤਾਂ ਉਸਨੂੰ ਖਾਲਸਾ ਪੰਥ ਅਨੁਸਾਰ ਸਜ਼ਾ ਦਿੱਤੀ ਜਾਵੇਗੀ ਤੇ ਇਸ ਤੋਂ ਉਪਰੰਤ ਦੁਨਿਆਵੀ ਕਾਨੂੰਨ ਅਨੁਸਾਰ ਉਸ ‘ਤੇ ਪਰਚੇ ਦਰਜ ਕਰ ਕੇ ਉਸਨੂੰ ਜੇਲ੍ਹਾਂ ਵਿੱਚ ਵੀ ਡੱਕਿਆ ਜਾਵੇਗਾ। ਇਸ ਲਈ ਅੱਜ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਧਿਆਨ ਰੱਖਣ।
- ਨਿਹੰਗ ਸਿੰਘਾਂ ਨੇ ਕਿਹਾ ਕਿ ਅਸੀਂ ਗੁਰੂ ਸਾਹਿਬ ਜੀ ਦੇ ਸਿਪਾਹੀ ਬਣ ਕੇ ਵੀ ਦਿਖਾਉਣਾ ਹੈ, ਜਿਸ ਲਈ ਹਰੇਕ ਗੁਰਦੁਆਰਾ ਸਾਹਿਬ ਵਿਖੇ ਪੰਜ-ਪੰਜ ਪਹਿਰੇਦਾਰ ਲਾਜ਼ਮੀ ਹੋਣੇ ਚਾਹੀਦੇ ਹਨ।
- ਉਸ ਗੁਰੂ ਘਰ ਵਿੱਚ ਪਹਿਰੇਦਾਰੀ ਬਾਰੇ ਲਿਖਤੀ ਰੂਪ ਵਿੱਚ ਲੈ ਕੇ ਹੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਵੇਗਾ। ਜਿਹੜੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਗੁਰੂ ਘਰ ਵਿੱਚ ਪਹਿਰੇਦਾਰ ਨਹੀਂ ਰੱਖਦੇ, ਉਨ੍ਹਾਂ ਤੋਂ ਲਿਖਤੀ ਰੂਪ ਵਿੱਚ ਲਿਆ ਜਾਵੇਗਾ ਕਿ ਉਹ ਪਹਿਰੇਦਾਰ ਨਹੀਂ ਰੱਖ ਸਕਦੇ ਅਤੇ ਫਿਰ ਉਦੋਂ ਨਿਹੰਗਾਂ ਦਾ ਇਹ ਜਥਾ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਆਪ ਕਰਕੇ ਆਇਆ ਕਰੇਗਾ।
- ਜੇ ਕਿਤੇ ਵੀ ਗੁਰੂ ਸਾਹਿਬ ਜੀ ਦੀ ਬੇਅਦਬੀ ਹੋ ਜਾਂਦੀ ਹੈ ਤਾਂ ਉਸਦਾ ਜ਼ਿੰਮੇਵਾਰ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇਗੀ।