‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 27 ਅਕਤੂਬਰ ਯਾਨਿ ਕੱਲ੍ਹ ਨਵੀਂ ਪਾਰਟੀ ਬਣਾਉਣ ਬਾਰੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਕੈਪਟਨ ਵੱਡੀ ਗਲਤੀ ਕਰ ਰਹੇ ਹਨ। ਰੰਧਾਵਾ ਨੇ ਅਰੂਸਾ ਆਲਮ ਨੂੰ ਲੈ ਕੇ ਵੀ ਕੈਪਟਨ ਨੂੰ ਸਿੱਧੇ ਹੱਥੀਂ ਲੈਂਦਿਆਂ ਕਿਹਾ ਕਿ ਗੁਰਬਾਣੀ ਵਿੱਚ ਪਰਾਈ ਇਸਤਰੀ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ ਅਤੇ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਸੀ ਕਿ ਅਜਿਹਾ ਕਰਨ ਨਾਲ ਪੰਜਾਬੀਆਂ ਵਿੱਚ ਗਲਤ ਸੰਦੇਸ਼ ਜਾ ਰਿਹਾ ਹੈ। ਅਰੂਸਾ ਆਲਮ ਨੂੰ ਲੈ ਕੇ ਮੇਰੀ ਕੈਪਟਨ ਅਮਰਿੰਦਰ ਸਿੰਘ ਨਾਲ ਨਰਾਜ਼ਗੀ ਵੀ ਪੈਦਾ ਹੋ ਗਈ ਸੀ। ਅਮਰੀਕਾ ਦੌਰੇ ਦੌਰਾਨ ਵੀ ਅਰੂਸਾ ਆਲਮ ਕਰਕੇ ਮੇਰੇ ਅਤੇ ਕੈਪਟਨ ਵਿਚਾਲੇ ਵਿਵਾਦ ਪੈਦਾ ਹੋ ਗਿਆ ਸੀ।
ਕੈਪਟਨ ਅਮਰਿੰਦਰ ਸਿੰਘ ਦੀ ਪਾਕਿਤਸਾਨੀ ਦੋਸਤ ਅਰੂਸਾ ਆਲਮ ਨੇ ਰੰਧਾਵਾ ਨੂੰ ਜਵਾਬ ਦਿੰਦਿਆਂ ਕਿਹਾ ਕਿ ਮੇਰਾ ਆਈਐੱਸਆਈ ਦੇ ਨਾਲ ਕੋਈ ਸੰਬੰਧ ਨਹੀਂ ਹੈ। ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਇੱਕ ਔਰਤ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਦੁੱਖ ਹੁੰਦਾ ਹੈ ਕਿ ਮੇਰੀ ਫੋਟੋ ਵਾਰ-ਵਾਰ ਸ਼ੇਅਰ ਕੀਤੀ ਜਾ ਰਹੀ ਹੈ। ਮੇਰੇ ਵੀ ਬੱਚੇ ਹਨ, ਮੇਰਾ ਵੀ ਪਰਿਵਾਰ ਹੈ ਅਤੇ ਦੋਸਤ ਹਨ। ਅਰੂਸਾ ਆਲਮ ਨੇ ਕਿਹਾ ਕਿ ਮੈਨੂੰ ਮਾਣ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੂਰੀ ਦੁਨੀਆ ਵਿੱਚ ਮੇਰੀ ਦੋਸਤੀ ਨੂੰ ਕਬੂਲ ਕੀਤਾ ਹੈ। ਆਲਮ ਨੇ ਕੈਪਟਨ ਦੇ ਵਿਰੋਧੀਆਂ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਜੋ ਅੱਜ ਇਨ੍ਹਾਂ ਦੇ ਦੁਸ਼ਮਨ ਹਨ, ਉਹ ਕੱਲ ਤੱਕ ਇਨ੍ਹਾਂ ਦੇ ਪੈਰਾਂ ਵਿੱਚ ਬੈਠਦੇ ਸਨ। ਇਹ ਲੋਕ ਲੱਕੜਬੱਗੇ ਹਨ, ਜੋ ਇੱਕ ਵੱਡੇ ਸ਼ਿਕਾਰ ਨੂੰ ਹੁੰਦਾ ਵੇਖਦੇ ਹਨ ਅਤੇ ਉਸ ਦੇ ਬਾਅਦ ਸੋਚਦੇ ਹਨ ਕਿ ਅਸੀਂ ਇਸ ਨੂੰ ਨੋਚ-ਨੋਚ ਕੇ ਖਾਵਾਂਗੇ। ਅਰੂਸਾ ਆਲਮ ਨੇ ਕਿਹਾ ਕਿ ਰੰਧਾਵਾ, ਬਾਜਵਾ ਅਤੇ ਬਾਕੀ ਲੋਕ ਇਹ ਸਾਰੇ ਉਹੀ ਲੱਕੜਬੱਗੇ ਹਨ ਅਤੇ ਮੈਂ ਇਨ੍ਹਾਂ ਨੂੰ ਮੁਆਫ ਨਹੀਂ ਕਰਾਂਗੀ ਅਤੇ ਇਨ੍ਹਾਂ ਨੂੰ ਕਿਸੇ ਨਾ ਕਿਸੇ ਕੋਰਟ ਵਿੱਚ ਜ਼ਰੂਰ ਘਸੀਟਾਂਗੀ।