India Punjab

ਨਰਮੇ ਵਾਲੇ ਕਿਸਾਨ ਹੋਏ ਤਬਾਹ, ਬਰਬਾਦ ਖੇਤਾਂ ‘ਚੋਂ ਖ਼ਾਲਸ ਟੀਵੀ ਦੀ ਖ਼ਾਸ ਰਿਪੋਰਟ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮਾਲਵਾ ਬੈਲਟ ਵਿੱਚ ਕਿਸਾਨਾਂ ਦੀ ਨਰਮੇ ਦੀ ਫਸਲ ਗੁਲਾਬੀ ਸੁੰਡੀ ਕਰਕੇ ਬਿਲਕੁਲ ਤਬਾਹ ਹੋ ਗਈ ਹੈ। ਕਿਸਾਨਾਂ ਨੇ ‘ਦ ਖ਼ਾਲਸ ਟੀਵੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਦੁਕਾਨਦਾਰਾਂ ਦੇ ਨਾਲ ਸੰਪਰਕ ਕੀਤਾ ਜਿੱਥੋਂ ਬੀਜ ਲਿਆਂਦਾ ਸੀ ਤਾਂ ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਦੀ ਮਿਲੀਭੁਗਤ ਹੈ ਕਿਉਂਕਿ ਜਦੋਂ ਪਹਿਲਾਂ ਬੀਟੀ ਬੀਜ ਆਉਂਦਾ ਸੀ ਤਾਂ ਉਸਦੇ ਵਿੱਚ ਦੇਸੀ ਬੀਜ ਦੇ ਪੈਕੇਟ ਵੀ ਆਉਂਦੇ ਸਨ। ਤਾਂ ਕਿਸਾਨ ਉਹ ਪੈਕੇਟ ਵਾਲੇ ਬੀਜ ਬਾਕੀ ਫਸਲ ਨਾਲੋਂ ਹਟ ਕੇ ਇੱਕ ਸਾਈਡ ‘ਤੇ ਬੀਜ ਦਿੰਦਾ ਸੀ। ਇਸ ਵਾਰ ਕੰਪਨੀ ਵਾਲਿਆਂ ਨੇ ਉਹ ਦੇਸੀ ਬੀਜ ਵਾਲਾ ਪੈਕੇਟ ਨਹੀਂ ਪਾਇਆ। ਇੱਕ ਪੈਕੇਟ ਵਿੱਚ ਲਗਭਗ 5000 ਬੀਜ ਦੇ ਦਾਣੇ ਹੁੰਦੇ ਹਨ। ਇਸ ਵਾਰ ਕੰਪਨੀ ਨੇ ਅੱਧੇ ਬੀਜ ਦੇ ਦਾਣੇ ਬੀਟੀ ਵਾਲੇ ਪਾ ਦਿੱਤੇ ਅਤੇ ਅੱਧੇ ਬੀਜ ਦੇ ਦਾਣੇ ਨਾਨ-ਬੀਟੀ ਵਾਲੇ ਪਾ ਦਿੱਤੇ ਭਾਵੇ ਸਾਰੇ ਬੀਜਾਂ ਨੂੰ ਮਿਕਸ ਕਰ ਦਿੱਤਾ। ਇਸ ਕਰਕੇ ਨਾਨ ਬੀਟੀ ਵਾਲੇ ਬੀਜਾਂ ‘ਤੇ ਸੁੰਡੀ ਪੈਦਾ ਹੋ ਗਈ ਅਤੇ ਉਸਨੇ ਬਾਕੀ ਸਾਰੇ ਨਰਮੇ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਕਿਉਂਕਿ ਇਸ ਵਾਰ ਕਿਸਾਨਾਂ ਨੇ ਸਾਰੇ ਬੀਜ ਨੂੰ ਇਕੱਠਾ ਹੀ ਬੀਜ ਦਿੱਤਾ ਸੀ।

ਉਨ੍ਹਾਂ ਦੱਸਿਆ ਕਿ ਸਾਰੀ ਮਾਲਵਾ ਬੈਲਟ ਵਿੱਚ ਨਰਮੇ ਦੀ ਫਸਲ ਹੀ ਉਗਾਈ ਜਾਂਦੀ ਹੈ। ਇੱਕ ਕਿਲੇ ਵਿੱਚ ਚਾਰ ਪੈਕੇਟ ਬੀਜ ਦੇ ਪੈਂਦੇ ਹਨ ਅਤੇ ਬੀਜ ਦੇ ਪੈਕੇਟ ਕਾਫੀ ਮਹਿੰਗੇ ਹੁੰਦੇ ਹਨ। ਉਸ ਤੋਂ ਬਾਅਦ ਇਸਦੀ ਬਿਜਾਈ ਕੀਤੀ ਜਾਂਦੀ ਹੈ ਅਤੇ ਲਗਾਤਾਰ ਗੁਡਾਈ ਹੁੰਦੀ ਹੈ ਜਿਸ ਕਰਕੇ ਲੇਬਰ ਦਾ ਖਰਚਾ ਕਾਫੀ ਆ ਜਾਂਦਾ ਹੈ। ਇਸ ਫਸਲ ‘ਤੇ ਵੱਧ ਤੋਂ ਵੱਧ 10 ਤੋਂ 15 ਸਪੇਰਆਂ ਤੇਲੇ ਵਾਲੀਆਂ, 8-10 ਸਪਰੇਆਂ ਸੁੰਡੀ ਵਾਲੀਆਂ ਕੀਤੀਆਂ। ਇਸ ਨਾਲ ਕਰੀਬ ਇਸ ਫਸਲ ‘ਤੇ ਹਰੇਕ ਕਿਸਾਨ 25 ਤੋਂ 30 ਹਜ਼ਾਰ ਰੁਪਏ ਸਿਰਫ ਇਕੱਲੀਆਂ ਸਪਰੇਆਂ ਦਾ ਖਰਚਾ ਕਰ ਚੁੱਕਿਆ ਹੈ ਅਤੇ ਬਿਜਾਈ ਅਤੇ ਗੁਡਾਈ ਦੀ ਲੇਬਰ ਦਾ ਖਰਚਾ ਅਲੱਗ ਤੋਂ ਹੈ। ਇਸ ਲਈ ਅਸੀਂ ਪੰਜਾਬ ਸਰਕਾਰ ਤੋਂ 50 ਹਜ਼ਾਰ ਰੁਪਏ ਮੁਆਵਜ਼ੇ ਦੀ ਮੰਗ ਕਰਦੇ ਹਾਂ।

ਇੱਕ ਹੋਰ ਕਿਸਾਨ ਨੇ ਕਿਹਾ ਕਿ ਉਨ੍ਹਾਂ ਨੇ ਵੀ ਤਿੰਨ ਕਿਲੇ ਨਰਮਾ ਦੀ ਫਸਲ ਬੀਜੀ ਸੀ ਅਤੇ ਸਾਰੀ ਪੂਰੀ ਤਰ੍ਹਾਂ ਖਰਾਬ ਹੋ ਗਈ ਹੈ। ਕੁੱਝ ਕਿਸਾਨਾਂ ਨੇ ਤਾਂ ਠੇਕੇ ‘ਤੇ ਪੈਲੀ ਲੈ ਕੇ ਵੀ ਨਰਮੇ ਦੀ ਫਸਲ ਬੀਜੀ ਹੋਈ ਸੀ ਜੋ ਕਿ ਹੁਣ ਬੁਰੀ ਤਰ੍ਹਾਂ ਬਰਬਾਦ ਹੋ ਗਈ ਹੈ। ਉਨ੍ਹਾਂ ਵੱਲੋਂ 50 ਹਜ਼ਾਰ ਰੁਪਏ ਤੱਕ ਠੇਕੇ ਦੇ ਦਿੱਤੇ ਗਏ। ਕਿਸਾਨਾਂ ਨੇ ਦੱਸਿਆ ਕਿ ਸਰਕਾਰ ਦੇ ਨਾਲ-ਨਾਲ ਵਪਾਰੀ ਵਰਗ ਵੀ ਕਿਸਾਨਾਂ ਨੂੰ ਮਾਰ ਰਿਹਾ ਹੈ। ਉਨ੍ਹਾਂ ਨੇ ਇੱਕ ਕੀਟਨਾਸ਼ਕ ਸਪਰੇਅ ਦਵਾਈ ਦਿਖਾਉਂਦਿਆਂ ਕਿਹਾ ਕਿ ਦਵਾਈ ਦੇ ਪਿੱਛੇ ਪ੍ਰਿੰਟ ਰੇਟ ਜ਼ਿਆਦਾ ਲਿਖਿਆ ਹੁੰਦਾ ਹੈ ਪਰ ਜਦੋਂ ਮੈਂ ਇਸਨੂੰ ਖਰੀਦਣ ਲਈ ਗਿਆ ਤਾਂ ਉੱਥੇ ਮੈਨੂੰ ਪ੍ਰਿੰਟ ਰੇਟ ਤੋਂ ਘੱਟ ਕੀਮਤ ‘ਤੇ ਦਵਾਈ ਮਿਲੀ। ਜਦੋਂ ਮੇਰੇ ਪਿਤਾ ਇਹੀ ਦਵਾਈ ਲੈਣ ਗਏ ਤਾਂ ਇਸਨੂੰ ਮੇਰੇ ਨਾਲੋਂ ਵਧੇਰੇ ਕੀਮਤ ਵਿੱਚ ਦਵਾਈ ਦਿੱਤੀ ਗਈ। ਜਦੋਂ ਮੇਰਾ ਇੱਕ ਮਜ਼ਦੂਰ ਲੈਣ ਗਿਆ ਤਾਂ ਉਸਨੂੰ ਇਹੀ ਦਵਾਈ ਹੋਰ ਮਹਿੰਗੀ ਦਿੱਤੀ ਗਈ। ਦਵਾਈਆਂ ‘ਤੇ ਤੈਅ ਕੀਮਤ ਪ੍ਰਿੰਟ ਨਹੀਂ ਕੀਤੀ ਗਈ ਅਤੇ ਕਿਸਾਨਾਂ ਨੂੰ ਲੁੱਟਿਆ ਜਾ ਰਿਹਾ ਹੈ। ਸਰਕਾਰ ਪ੍ਰਿੰਟ ਰੇਟ ਸਹੀ ਕਰਕੇ ਕਿਉਂ ਨਹੀਂ ਲਿਖ ਰਹੀ।