Punjab

ਬਠਿੰਡਾ ‘ਚ ਕਿਸਾਨਾਂ ਦਾ ਜ਼ਬਰਦਸਤ ਪ੍ਰਦਰਸ਼ਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬਠਿੰਡਾ ਵਿੱਚ ਨਰਮਾ ਪੱਟੀ ਨਾਲ ਸਬੰਧਿਤ ਮਾਲਵੇ ਦੇ ਅੱਠ ਜ਼ਿਲ੍ਹਿਆਂ ਦੇ ਕਿਸਾਨਾਂ ਨੇ ਅੱਜ ਬਠਿੰਡਾ ਦੇ ਮਿੰਨੀ ਸਕੱਤਰੇਤ ਦਾ ਘਿਰਾਓ ਕੀਤਾ। ਇਸ ਐਕਸ਼ਨ ਦਾ ਸੱਦਾ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਦਿੱਤਾ ਗਿਆ ਸੀ ਕਿ ਜਦੋਂ ਤੱਕ ਗੁਲਾਬੀ ਸੁੰਡੀ ਨਾਲ ਖਰਾਬ ਹੋਏ ਨਰਮੇ ਦਾ ਸਰਕਾਰ ਮੁਆਵਜ਼ਾ ਨਹੀਂ ਦਿੰਦੀ, ਘਿਰਾਓ ਅਣਮਿੱਥੇ ਸਮੇਂ ਤੱਕ ਜਾਰੀ ਰੱਖਿਆ ਜਾਵੇਗਾ। ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂ ਕੇ ਦੀ ਅਗਵਾਈ ਵਿੱਚ ਕੀਤੇ ਜਾ ਰਹੇ ਘਿਰਾਓ ਵਿੱਚ ਯੂਨੀਅਨ ਦੇ ਸਕੱਤਰ ਤੇ ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਮੋਠੂ ਸਿੰਘ ਕੋਟੜਾ ਨੇ ਕਿਹਾ ਕਿ ਸਰਕਾਰ ਮੁਆਵਜ਼ਾ ਦੇਣ ਵਿੱਚ ਜਾਣਬੁੱਝ ਕੇ ਦੇਰੀ ਕਰ ਰਹੀ ਹੈ ਤਾਂ ਜੋ ਮਾਮਲੇ ਨੂੰ ਚੋਣ ਜ਼ਾਬਤਾ ਲੱਗਣ ਤੱਕ ਲਮਕਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿੰਡ ਬਾਦਲ ਸਥਿਤ ਰਿਹਾਇਸ਼ ਅੱਗੇ ਵੀ ਬੇਮਿਆਦੀ ਧਰਨਾ ਚੱਲ ਰਿਹਾ ਹੈ ਅਤੇ ਇਹ ਘਿਰਾਓ ਵੀ ਬਰਾਬਰ ਜਾਰੀ ਰੱਖਿਆ ਜਾਵੇਗਾ।