Punjab

ਵਿਧਾਇਕ ਤਾਂ ਛੁਟ ਗਿਆ ਪਰ ਸੁਰੱਖਿਆ ਮੁਲਾਜ਼ਮਾਂ ਨੂੰ ਮਹਿੰਗੀ ਪਈ ਨੌਜਵਾਨ ਦੀ ਪਿ ਟਾਈ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਿਛਲੇ ਕਈ ਦਿਨਾਂ ਤੋਂ ਇੱਕ ਮੁੱਦਾ ਕਾਫੀ ਸੁਰਖੀਆਂ ਵਿੱਚ ਰਿਹਾ ਹੈ। ਕਾਂਗਰਸ ਦੇ ਵਿਧਾਇਕ ਜੋਗਿੰਦਰਪਾਲ ਵੱਲੋਂ ਪਠਾਨਕੋਟ ਦੇ ਭੋਆ ਦੇ ਪਿੰਡ ਸਮਰਾਲਾ ਵਿੱਚ ਇੱਕ ਨੌਜਵਾਨ ਦੀ ਉਨ੍ਹਾਂ (ਜੋਗਿੰਦਰਪਾਲ) ਨੂੰ ਸਵਾਲ ਪੁੱਛਣ ‘ਤੇ ਕੁੱਟਮਾਰ ਕੀਤੀ ਗਈ ਸੀ। ਪਰ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਵਿਧਾਇਕ ਦਾ ਉਕਤ ਨੌਜਵਾਨ ਦੇ ਨਾਲ ਸਮਝੌਤਾ ਹੋ ਗਿਆ ਹੈ ਪਰ ਵਿਧਾਇਕ ਦੇ ਨਾਲ ਡਿਊਟੀ ‘ਤੇ ਲੱਗੇ ਦੋ ਸੁਰੱਖਿਆ ਮੁਲਾਜ਼ਮਾਂ ਨੂੰ ਨੌਜਵਾਨ ਨੂੰ ਕੁੱਟਣਾ ਮਹਿੰਗਾ ਪੈ ਗਿਆ ਹੈ। ਨੌਜਵਾਨ ਨੂੰ ਕੁੱਟਣ ਦੇ ਮਾਮਲੇ ਵਿੱਚ ਵਿਧਾਇਕ ਦੇ ਦੋ ਸੁਰੱਖਿਆ ਮੁਲਾਜ਼ਮਾਂ ਖਿਲਾਫ ਵਿਭਾਗੀ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ।

ਦੋਵੇਂ ਸੁਰੱਖਿਆ ਕਰਮਚਾਰੀਆਂ ਨੂੰ ਵਿਧਾਇਕ ਦੀ ਸੁਰੱਖਿਆ ਤੋਂ ਹਟਾ ਕੇ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ। ਦੱਸ ਦੇਈਏ ਕਿ 19 ਅਕਤੂਬਰ ਦੀ ਰਾਤ ਨੂੰ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਵਿਕਾਸੇ ਬਾਰੇ ਸਵਾਲ ਪੁੱਛਣ ‘ਤੇ ਕਾਂਗਰਸੀ ਵਿਧਾਇਕ ਜੋਗਿੰਦਰ ਨੇ ਨੌਜਵਾਨ ਨੂੰ ਕੁੱਟ ਦਿੱਤਾ ਸੀ। ਇਸ ਵਿੱਚ ਉਸ ਦੇ ਦੋ ਸੁਰੱਖਿਆ ਮੁਲਾਜ਼ਮ ਵੀ ਨਜ਼ਰ ਆ ਰਹੇ ਸਨ। ਜਦੋਂ ਵਿਧਾਇਕ ਨੇ ਉਸ ਨੂੰ ਕੁੱਟਣਾ ਸ਼ੁਰੂ ਕੀਤਾ ਤਾਂ ਉਸ ਦੇ ਮੁਲਾਜ਼ਮ ਵੀ ਉੱਥੇ ਆ ਕੇ ਉਸ ਨੂੰ ਕੁੱਟਣ ਲੱਗੇ। ਤੁਹਾਨੂੰ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਸ ਘਟਨਾ ਨੂੰ ਆਧਾਰ ਬਣਾ ਕੇ ‘ਤੂੰ ਕੀ ਕੀਤਾ’ ਮੁਹਿੰਮ ਸ਼ੁਰੂ ਕਰਕੇ ਕਾਂਗਰਸ ਤੋਂ ਉਕਤ ਨੌਜਵਾਨ ਦੇ ਸਵਾਲ ਦਾ ਜਵਾਬ ਮੰਗਿਆ ਸੀ ਅਤੇ ਨਾਲ ਹੀ ਵਿਧਾਇਕ ਜੋਗਿੰਦਰਪਾਲ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ।

ਦਰਅਸਲ, 19 ਅਕਤੂਬਰ ਨੂੰ ਭੋਆ ਦੇ ਕਾਂਗਰਸੀ ਵਿਧਾਇਕ ਜੋਗਿੰਦਰਪਾਲ ਸਿੰਘ ਦੀ ਇੱਕ ਵੀਡੀਓ ਖੂਬ ਵਾਇਰਲ ਹੋਈ, ਜਿਸ ਵਿੱਚ ਉਹ ਇੱਕ ਨੌਜਵਾਨ ਨੂੰ ਕੁੱਟਦੇ ਹੋਏ ਨਜ਼ਰ ਆਏ। ਜੋਗਿੰਦਰਪਾਲ ਸਿੰਘ ਪਿੰਡ ਸਮਰਾਲਾ ਵਿੱਚ ਇਕ ਜਗਰਾਤੇ ’ਤੇ ਪਹੁੰਚੇ ਸਨ। ਵਿਧਾਇਕ ਬੋਲਣ ਤੋਂ ਬਾਅਦ ਕਹਿੰਦਾ ਹੈ ਕਿ ਜੇਕਰ ਕਿਸੇ ਨੇ ਕੁੱਝ ਕਹਿਣਾ ਤਾਂ ਕਹੋ। ਉਸ ਸਮੇਂ ਇੱਕ ਨੌਜਵਾਨ ਅੱਗੇ ਆ ਕੇ ਵਿਧਾਇਕ ਨੂੰ ਪੁੱਛਦਾ ਹੈ ਕਿ ਤੂੰ ਕੀ ਕੰਮ ਕੀਤਾ ਹੈ ਤਾਂ ਵਿਧਾਇਕ ਨੂੰ ਗੁੱਸਾ ਆ ਜਾਂਦਾ ਹੈ ਅਤੇ ਉਹ ਨੌਜਵਾਨ ਨੂੰ ਥੱਪੜ ਮਾਰਨੇ ਸ਼ੁਰੂ ਕਰ ਦਿੰਦਾ ਹੈ। ਇਸ ਮੌਕੇ ਉਨ੍ਹਾਂ ਦੇ ਸੁਰੱਖਿਆ ਵਿੱਚ ਤੈਨਾਤ ਪੰਜਾਬ ਪੁਲਿਸ ਦੇ ਮੁਲਾਜ਼ਮ ਤੇ ਹੋਰ ਵਰਕਰ ਵੀ ਨੌਜਵਾਨ ਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਹਨ। ਉੱਥੇ ਮੌਜੂਦ ਕੁੱਝ ਲੋਕਾਂ ਨੇ ਨੌਜਵਾਨ ਨੂੰ ਵਿਧਾਇਕ ਤੋਂ ਬਚਾਇਆ।

ਸ਼੍ਰੋਮਣੀ ਅਕਾਲੀ ਦਲ ਨੇ ਇਸ ਘਟਨਾ ਨੂੰ ਆਧਾਰ ਬਣਾ ਕੇ ਕਾਂਗਰਸ ਸਰਕਾਰ ਦੇ ਖਿਲਾਫ ‘ਤੂੰ ਕੀ ਕੀਤਾ’ ਮੁਹਿੰਮ ਚਲਾਈ ਹੈ। ਅਕਾਲੀ ਆਗੂ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਵਿਧਾਇਕ ਜੋਗਿੰਦਰਪਾਲ ਦੇ ਖਿਲਾਫ ਦੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਦੂਜੇ ਪਾਸੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਮੰਨਿਆ ਕਿ ਵਿਧਾਇਕ ਦੇ ਖਿਲਾਫ ਕਾਰਵਾਈ ਕਰਨ ਦਾ ਅਧਿਕਾਰ ਮੁੱਖ ਮੰਤਰੀ ਪੰਜਾਬ ਦੇ ਕੋਲ ਹੈ।