India Punjab

ਕਾਂਗਰਸ ਦਾ ਮਹਿੰਗਾਈ ਖਿਲਾਫ ਇਸ ਦਿਨ ਤੋਂ ਹੋਵੇਗਾ ਵੱਡਾ ਪ੍ਰਦਰਸ਼ਨ ਸ਼ੁਰੂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦੇਸ਼ ਵਿੱਚ ਮਹਿੰਗਾਈ ਦੀ ਰਫਤਾਰ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਅਤੇ ਆਮ ਜਨਤਾ ਦੀ ਜੇਬ ਢਿੱਲੀ ਕਰੀ ਜਾ ਰਹੀ ਹੈ। ਦੇਸ਼ ਵਿੱਚ ਪੈਟਰੋਲ-ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਖਿਲਾਫ ਕਾਂਗਰਸ ਦੇ ਕੌਮੀ ਲੀਡਰ ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਟਵੀਟ ਕਰਕੇ ਨਿਸ਼ਾਨਾ ਕੱਸਿਆ ਹੈ। ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਲਿਖਿਆ ਕਿ ਪੈਟਰੋਲ ਦੀਆਂ ਕੀਮਤਾਂ ‘ਤੇ ਟੈਕਸ ਡਕੈਤੀ ਵੱਧਦੀ ਜਾ ਰਹੀ ਹੈ। ਕਿਤੇ ਚੋਣਾਂ ਹੋਣ ਤਾਂ ਥੋੜ੍ਹੀ ਰੋਕ ਲੱਗੇ। ਜਾਣਕਾਰੀ ਮੁਤਾਬਕ ਕਾਂਗਰਸ ਵੱਲੋਂ ਤੇਲ ਦੀਆਂ ਵੱਧਦੀਆਂ ਕੀਮਤਾਂ ਖਿਲਾਫ ਵੱਡੇ ਪੱਧਰ ‘ਤੇ ਅੰਦੋਲਨ ਕਰਨ ਦਾ ਫੈਸਲਾ ਲਿਆ ਗਿਆ ਹੈ। ਪਾਰਟੀ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਖ਼ਿਲਾਫ਼ 14 ਨਵੰਬਰ ਤੋਂ 29 ਨਵੰਬਰ ਤੱਕ ਵੱਡੇ ਪੱਧਰ ‘ਤੇ ਅੰਦੋਲਨ ਕੀਤਾ ਜਾਵੇਗਾ।

ਕੇਸੀ ਵੇਣੂਗੋਪਾਲ ਨੇ ਕਿਹਾ ਕਿ ਅਸੀਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਦੇ ਵਿਰੁੱਧ ਲਗਾਤਾਰ ਅੰਦੋਲਨ ਕਰਨ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ 14 ਨਵੰਬਰ ਤੋਂ 29 ਨਵੰਬਰ ਤੱਕ ਵੱਡੇ ਪੱਧਰ ‘ਤੇ ਮੁਹਿੰਮ ਚਲਾਵਾਂਗੇ। ਉਨ੍ਹਾਂ ਕਿਹਾ ਕਿ ਕਾਂਗਰਸੀ ਨੇਤਾਵਾਂ ਵੱਲੋਂ ਆਪੋ-ਆਪਣੇ ਖੇਤਰਾਂ ਵਿੱਚ ‘ਪੈਦਲ ਯਾਤਰਾ’ ਕੱਢਣ ਦਾ ਵੀ ਪ੍ਰੋਗਰਾਮ ਵੀ ਹੈ। ਦੱਸਣਯੋਗ ਹੈ ਕਿ ਸ਼ਨੀਵਾਰ ਨੂੰ ਦੇਸ਼ ਭਰ ਵਿੱਚ ਲਗਾਤਾਰ ਚੌਥੇ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਪੈਟਰੋਲ ਦੀ ਕੀਮਤ ਵੱਧ ਕੇ 107.24 ਰੁਪਏ ਪ੍ਰਤੀ ਲੀਟਰ ਹੋ ਗਈ ਹੈ, ਜਦਕਿ ਡੀਜ਼ਲ ਦੀ ਕੀਮਤ ਵੀ ਵੱਧ ਕੇ 95.97 ਰੁਪਏ ਪ੍ਰਤੀ ਲੀਟਰ ਹੋ ਗਈ ਹੈ, ਜਿਸ ਕਾਰਨ ਆਮ ਜਨਤਾ ‘ਤੇ ਮਹਿੰਗਾਈ ਦਾ ਬੋਝ ਦਿਨੋ-ਦਿਨ ਵੱਧਦਾ ਜਾ ਰਿਹਾ ਹੈ। ਰਾਹੁਲ ਗਾਂਧੀ ਵੱਲੋਂ ਲਗਾਤਾਰ ਮੋਦੀ ਸਰਕਾਰ ‘ਤੇ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਨਿਸ਼ਾਨਾ ਕੱਸਿਆ ਜਾਂਦਾ ਹੈ।