‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਿਹੰਗ ਮੁਖੀ ਬਾਬਾ ਰਾਜਾ ਰਾਜ ਸਿੰਘ ਨੇ ਅੱਜ ਕਿਸਾਨੀ ਅੰਦੋਲਨ ਬਾਰੇ ਬੋਲਦਿਆਂ ਕਿਹਾ ਕਿ ਅਸੀਂ ਨਿਹੰਗ ਜਥੇਬੰਦੀਆਂ ਕਿਸਾਨਾਂ ਦੀ ਢਾਲ ਬਣ ਕੇ ਮੋਰਚੇ ‘ਤੇ ਬੈਠੇ ਹੋਈਆਂ ਹਾਂ। ਅਸੀਂ 27 ਅਕਤੂਬਰ ਨੂੰ ਸੰਗਤ ਨੇ, ਕਿਸਾਨਾਂ ਨੇ ਅਤੇ ਹੋਰ ਕਈਆਂ ਨੇ ਜੋ ਜਵਾਬ ਮੰਗੇ ਹਨ, ਉਸ ਲਈ ਮੀਟਿੰਗ ਸੱਦੀ ਹੈ ਅਤੇ ਇਸ ਮੀਟਿੰਗ ਵਿੱਚ ਕਿਸਾਨ ਲੀਡਰਾਂ ਨੂੰ ਵੀ ਸੱਦਾ ਦਿੱਤਾ ਹੈ। ਜੋ ਮੀਟਿੰਗ ਵਿੱਚ ਸ਼ਾਮਿਲ ਨਹੀਂ ਹੋ ਸਕਦੇ, ਉਹ ਸਾਨੂੰ ਈਮੇਲ, ਵਟਸਐਪ ਰਾਹੀਂ ਆਪਣੀ ਰਾਏ ਭੇਜਣ। ਸਾਨੂੰ ਵਾਰ-ਵਾਰ ਇੱਥੋਂ (ਕਿਸਾਨ ਮੋਰਚੇ) ਤੋਂ ਜਾਣ ਲਈ ਕਹਿ ਕੇ ਜਲੀਲ ਕੀਤਾ ਜਾ ਰਿਹਾ ਹੈ ਪਰ ਅਸੀਂ ਨਾ ਤਾਂ ਇੱਥੇ ਕਿਸੇ ਦੇ ਕਹਿਣ ‘ਤੇ ਆਏ ਹਾਂ ਅਤੇ ਨਾ ਹੀ ਕਿਸੇ ਦੇ ਕਹਿਣ ‘ਤੇ ਜਾਣਾ ਹੈ। 27 ਅਕਤੂਬਰ ਨੂੰ ਕਿਸਾਨ ਸਾਨੂੰ ਜੋ ਵੀ ਫੈਸਲਾ ਦੇਣਗੇ, ਉਹ ਸਾਨੂੰ ਮਨਜ਼ੂਰ ਹੋਵੇਗਾ। ਮੀਟਿੰਗ ਵਿੱਚ ਆ ਕੇ ਸਾਰੇ ਸਾਨੂੰ ਸਿਰਫ ਹਾਂ ਜਾਂ ਨਾਂਹ ਦਾ ਜਵਾਬ ਦੇਣ ਕਿ ਅਸੀਂ ਮੋਰਚੇ ਵਿੱਚੋਂ ਚਲੇ ਜਾਈਏ ਜਾਂ ਫਿਰ ਨਹੀਂ। ਉਨ੍ਹਾਂ ਕਿਹਾ ਕਿ ਨਿਹੰਗ ਜਥੇਬੰਦੀਆਂ ਨੇ ਕੋਈ ਪ੍ਰੋਗਰਾਮ ਨਹੀਂ ਦਿੱਤਾ ਅਤੇ ਨਾ ਹੀ ਦੇਣਾ ਹੈ ਕਿਉਂਕਿ ਇਹ ਹੱਕ ਸਿਰਫ ਕਿਸਾਨ ਜਥੇਬੰਦੀਆਂ ਦਾ ਹੈ। 27 ਅਕਤੂਬਰ ਵਾਲੀ ਮੀਟਿੰਗ ਅਸੀਂ ਸਿਰਫ ਜਵਾਬ ਦੇਣ ਲਈ ਸੱਦੀ ਹੈ ਕਿਉਂਕਿ ਸਾਨੂੰ ਵਾਰ-ਵਾਰ ਮੋਰਚੇ ਵਿੱਚੋਂ ਜਾਣ ਲਈ ਕਹਿ ਕੇ ਜਲੀਲ ਕੀਤਾ ਜਾਂਦਾ ਹੈ। ਸਾਡੀ ਲੜਾਈ ਆਪਸ ਵਿੱਚ ਨਹੀਂ ਹੈ, ਸਰਕਾਰ ਦੇ ਨਾਲ ਹੈ। ਬਸ ਸਾਡੇ ਵਿੱਚ ਕੁੱਝ ਲੀਡਰ ਹੀ ਇਸ ਤਰ੍ਹਾਂ ਦੇ ਵੜ ਗਏ ਹਨ ਜੋ ਕਿਸਾਨ ਮੋਰਚੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਅਸੀਂ ਇਹ ਮੋਰਚਾ ਜਿੱਤਣਾ ਹੈ, ਇਸਨੂੰ ਢਾਹ ਨਹੀਂ ਲਾਉਣੀ। ਸਾਨੂੰ ਸੁਚੇਤ ਹੋਣ ਦੀ ਲੋੜ ਹੈ ਕਿਉਂਕਿ ਹੁਣ ਸਾਨੂੰ ਸਬਕ ਮਿਲ ਗਿਆ ਹੈ ਕਿ ਸਾਡੇ ਉੱਤੇ (ਨਿਹੰਗਾਂ ਉੱਤੇ) ਇਸ ਮੋਰਚੇ ਨੂੰ ਖਰਾਬ ਕਰਨ ਵਾਸਤੇ ਡੂੰਘੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਮੋਰਚੇ ਨੂੰ ਖਰਾਬ ਕਰਨ ਵਾਸਤੇ ਸਰਕਾਰਾਂ ਵੱਲੋਂ ਸਾਡੇ ‘ਤੇ ਦੋਸ਼ ਮੜਨ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਕਿਸਾਨ ਲੀਡਰ ਸਾਨੂੰ ਜੋ ਵੀ ਫੈਸਲਾ ਦੇਣਗੇ, ਅਸੀਂ ਉਸ ‘ਤੇ ਫੁੱਲ ਚੜਾਵਾਂਗੇ।