‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਿਛਲੇ ਦਿਨੀਂ ਸਿੰਘੂ ਬਾਰਡਰ ‘ਤੇ ਇੱਕ ਵਿਅਕਤੀ ਦੇ ਨਾਲ ਕੁੱਟਮਾਰ ਕਰਨ ਅਤੇ ਉਸਦੀ ਲੱਤ ਤੋੜਨ ਦੇ ਮਾਮਲੇ ਵਿੱਚ ਨਿਹੰਗ ਨਵੀਨ ਸਿੰਘ ਨੂੰ ਅਦਾਲਤ ਨੇ 30 ਹਜ਼ਾਰ ਮੁਚਲਕੇ ‘ਤੇ ਜ਼ਮਾਨਤ ਦੇ ਦਿੱਤੀ ਹੈ। ਨਿਹੰਗ ਜਥੇਬੰਦੀਆਂ ਨੇ ਨਵੀਨ ਸਿੰਘ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ। ਨਵੀਨ ਸਿੰਘ ਨਿਹੰਗ ਬਾਬਾ ਅਮਨ ਸਿੰਘ ਦੇ ਜਥੇ ਵਿੱਚ ਸ਼ਾਮਿਲ ਸੀ। ਨਿਹੰਗ ਅਮਨ ਸਿੰਘ ਉਹੀ ਹਨ, ਜੋ ਸਿੰਘੂ ਬਾਰਡਰ ‘ਤੇ 15 ਅਕਤੂਬਰ ਨੂੰ ਵਾਪਰੀ ਘਟਨਾ ਵਿੱਚ ਸ਼ਾਮਿਲ ਸਨ।
ਕੀ ਹੈ ਪੂਰਾ ਮਾਮਲਾ ?
ਸਿੰਘੂ ਬਾਰਡਰ ‘ਤੇ ਨਿਹੰਗ ਬਾਬਾ ਅਮਨ ਸਿੰਘ ਦੀ ਟੀਮ ਦੇ ਮੈਂਬਰ ਨਿਹੰਗ ਨਵੀਨ ਸਿੰਘ ਨੇ ਵੀਰਵਾਰ ਸਵੇਰੇ ਕਰੀਬ 11 ਵਜੇ ਸਿੰਘੂ ਬਾਰਡਰ ‘ਤੇ ਮੁਰਗੀਆਂ ਵੇਚਣ ਵਾਲੇ ਇੱਕ ਮਜ਼ਦੂਰ ਦੀ ਲੱਤ ਤੋੜ ਦਿੱਤੀ। ਜਾਣਕਾਰੀ ਮੁਤਾਬਕ ਜਿਸ ਮਜ਼ਦੂਰ ਦੀ ਲੱਤ ਟੁੱਟ ਗਈ ਸੀ, ਉਸ ਦਾ ਨਾਮ ਮਨੋਜ ਪਾਸਵਾਨ ਹੈ ਅਤੇ ਉਹ ਬਿਹਾਰ ਦਾ ਰਹਿਣ ਵਾਲਾ ਹੈ। ਨਵੀਨ ਸਿੰਘ ਨੇ ਜਦੋਂ ਮਨੋਜ ਪਾਸਵਾਨ ਤੋਂ ਮੁਰਗੀ ਮੰਗੀ ਤਾਂ ਮਨੋਜ ਵੱਲੋਂ ਮੁਰਗੀ ਦੇਣ ਤੋਂ ਮਨ੍ਹਾ ਕੀਤੇ ਜਾਣ ‘ਤੇ ਨਵੀਨ ਨੇ ਉਸਨੂੰ ਡੰਡਿਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਉਸਦੀ ਲੱਤ ਤੋੜ ਦਿੱਤੀ। ਨਿਹੰਗ ਨਵੀਨ ਸਿੰਘ ਨੂੰ ਸੋਨੀਪਤ ਦੇ ਕੁੰਡਲੀ ਥਾਣੇ ਦੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ।