‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਜੇਪੀ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਨਵਜੋਤ ਕੌਰ ਸਿੱਧੂ ਵੱਲੋਂ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਪਾਕਿਸਤਾਨੀ ਦੋਸਤ ਅਰੂਸਾ ਆਲਮ ਬਾਰੇ ਦਿੱਤੇ ਬਿਆਨ ‘ਤੇ ਕੈਪਟਨ ਦਾ ਸਾਥ ਦਿੰਦਿਆਂ ਕਿਹਾ ਕਿ ਇਹ ਸਾਢੇ ਚਾਰ ਸਾਲ ਇਸ ਮਸਲੇ ‘ਤੇ ਕੁੱਝ ਨਹੀਂ ਬੋਲੇ, ਨਵਜੋਤ ਕੌਰ ਸਿੱਧੂ ਤਾਂ ਉਨ੍ਹਾਂ ਦੀ ਵਜ਼ਾਰਤ ਵਿੱਚ ਵੀ ਰਹੇ। ਗਰੇਵਾਲ ਨੇ ਨਵਜੋਤ ਕੌਰ ਸਿੱਧੂ ਦੇ ਉਸ ਬਿਆਨ ‘ਤੇ ਵਿਅੰਗ ਕੱਸਦਿਆਂ ਕਿਹਾ ਕਿ ਜਿਸ ਵਿੱਚ ਸਿੱਧੂ ਨੇ ਕਿਹਾ ਸੀ ਕਿ ਉਨ੍ਹਾਂ ਨੇ ਆਪਣੇ ਘਰਵਾਲੇ ਨੂੰ ਅਰੂਸਾ ਦੇ ਨੇੜੇ ਵੀ ਨਹੀਂ ਜਾਣ ਦਿੱਤਾ ਸੀ, ਇਸ ‘ਤੇ ਗਰੇਵਾਲ ਨੇ ਕਿਹਾ ਕਿ ਕੀ ਉਨ੍ਹਾਂ ਨੂੰ ਆਪਣੇ ਘਰਵਾਲੇ ‘ਤੇ ਸ਼ੱਕ ਸੀ। ਇਸ ਕਰਕੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ। ਤੁਸੀਂ ਪਹਿਲਾਂ ਕੋਈ ਸਬੂਤ ਲੈ ਕੇ ਆਉ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਬਾਰੇ ਹੋਰ ਤਾਂ ਬਹੁਤ ਗੱਲਾਂ ਸੁਣੀਆਂ ਸਨ ਪਰ ਇਹ ਗੱਲ ਨਹੀਂ ਸੁਣੀ ਸੀ ਕਿ ਉਹ ਪੈਸੇ ਵੀ ਲੈਂਦੇ ਹਨ। ਇਨ੍ਹਾਂ ਨੂੰ ਸਬੂਤ ਦੇਣੇ ਚਾਹੀਦੇ ਹਨ।
ਗਰੇਵਾਲ ਨੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ‘ਤੇ ਵੀ ਨਿਸ਼ਾਨਾ ਕੱਸਦਿਆਂ ਕਿਹਾ ਕਿ ਜਿਸ ਤਰ੍ਹਾਂ ਦੇ ਬਿਆਨ ਰੰਧਾਵਾ ਦੇ ਰਹੇ ਹਨ, ਇਹ ਪੰਜਾਬ ਦੇ ਵਿਕਾਸ, ਪੰਜਾਬ ਦੀਆਂ ਸਮੱਸਿਆਵਾਂ ਦੇ ਲਈ ਲਾਹੇਵੰਦ ਨਹੀਂ ਹਨ। ਜੇ ਕੈਪਟਨ ਅੱਜ ਸੱਤਾ ਤੋਂ ਬਾਹਰ ਹੋ ਗਏ ਹਨ ਤਾਂ ਉਨ੍ਹਾਂ ‘ਤੇ ਇਲਜ਼ਾਮਬਾਜ਼ੀ ਕੀਤੀ ਜਾ ਰਹੀ ਹੈ। ਜਾਂਚ ਦੀ ਤਾਂ ਕੋਈ ਗੱਲ ਨਹੀਂ ਹੈ ਪਰ ਵਿੱਚੋਂ ਨਿਕਲਣਾ ਕੁੱਝ ਨਹੀਂ ਹੈ, ਲੋਕਾਂ ਦਾ ਧਿਆਨ ਭਟਕਾ ਰਹੇ ਹਨ। ਇਹ ਪੰਜਾਬ ਦੇ ਅਸਲੀ ਮੁੱਦਿਆਂ ਦੀ ਗੱਲ ਕਰਨ। ਮੈਂ ਇਨ੍ਹਾਂ ਨੂੰ ਇੱਕੋ ਹੀ ਅਪੀਲ ਕਰਦਾ ਹਾਂ ਕਿ ਮੌਕਾ ਵੇਖ ਕੇ ਮੌਕਾਪ੍ਰਸਤੀ ਨਾ ਵਿਖਾਉਣ।
ਜਦੋਂ ਇੱਕ ਪੱਤਰਕਾਰ ਵੱਲੋਂ ਗਰੇਵਾਲ ਨੂੰ ਸਵਾਲ ਕੀਤਾ ਗਿਆ ਕਿ ਕੈਪਟਨ ਨੇ ਤਾਂ ਹਾਲੇ ਆਪਣੀ ਪਾਰਟੀ ਦਾ ਐਲਾਨ ਵੀ ਨਹੀਂ ਕੀਤਾ ਤੇ ਬੀਜੇਪੀ ਪਹਿਲਾਂ ਹੀ ਕੈਪਟਨ ਦੇ ਡਿਫੈਂਸ ਮੂਡ ਵਿੱਚ ਆ ਗਈ ਹੈ ਤਾਂ ਗਰੇਵਾਲ ਨੇ ਜਵਾਬ ਦਿੱਤਾ ਕਿ ਅਸੀਂ ਡਿਫੈਂਸ ਦੇ ਮੂਡ ਵਿੱਚ ਨਹੀਂ ਹਾਂ, ਇਹ ਤਾਂ ਸਾਰੇ ਹੱਥ ਧੋ ਕੇ ਇੱਕ ਬੰਦੇ ਦੇ ਹੀ ਪਿੱਛੇ ਪੈ ਗਏ ਹਨ। ਅਸੀਂ ਤਾਂ ਸਿਰਫ ਉਸਨੂੰ ਬਚਾ ਰਹੇ ਹਾਂ ਜਿਸਨੇ ਕੋਈ ਗਲਤੀ ਨਹੀਂ ਕੀਤੀ। ਅਸੀਂ ਇਨ੍ਹਾਂ ਚੀਜ਼ਾਂ ਨੂੰ ਭਾਵ ਨਿੱਜੀ ਕੰਮਾਂ ਵਿੱਚ ਕਦੇ ਦਖਲ ਨਹੀਂ ਦਿੱਤਾ, ਅਸੀਂ ਸਿਰਫ ਪੰਜਾਬ ਦੀ ਗੱਲ ਕਰਦੇ ਹਾਂ। ਕਾਂਗਰਸੀਆਂ ਨੂੰ ਇਨ੍ਹਾਂ ਚੀਜ਼ਾਂ ਵਿੱਚ ਦਖਲਅੰਦਾਜ਼ੀ ਕਰਨ ਦੀ ਦਿਲਚਸਪੀ ਹੈ। ਇਹ ਇਹੋ ਜਿਹੀਆਂ ਗੱਲਾਂ ਕਰਕੇ ਲੋਕਾਂ ਦਾ ਅਸਲੀ ਮੁੱਦਿਆਂ ਤੋਂ ਧਿਆਨ ਭਟਕਾ ਰਹੇ ਹਨ। ਇਸ ਮਾਮਲੇ ਬਾਰੇ ਇਹ ਕੋਈ ਸਬੂਤ ਦੇ ਕੇ ਜਾਂਚ ਕਰਵਾਉਣ ਤੇ ਜਾਂ ਫਿਰ ਇਸ ਤਰ੍ਹਾਂ ਦੇ ਬਿਆਨਾਂ ‘ਤੇ ਬਰੇਕ ਲਾਉਣ। ਜੇ ਇਹ ਇੱਦਾਂ ਹੀ ਕਰਦੇ ਰਹੇ ਤਾਂ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਦੀ ਦੁਰਦਸ਼ਾ ਹੋ ਜਾਵੇਗੀ।