‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਉੱਤਰਾਖੰਡ ਵਿਚ ਮੀਂਹ ਨਾਲ ਆਏ ਹੜ੍ਹ ਕਾਰਨ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 46 ਹੋ ਗਈ ਹੈ। ਮੌਤਾਂ ਦਾ ਅੰਕੜਾ ਹੋਰ ਵਧ ਸਕਦਾ ਹੈ। ਨੈਨੀਤਾਲ ਸਣੇ ਕਈ ਖੇਤਰਾਂ ਵਿਚ ਲੋਕ ਲਾਪਤਾ ਹਨ। ਨੈਨੀਤਾਲ ਜ਼ਿਲ੍ਹੇ ਵਿੱਚ 28 ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ 11 ਲੋਕ ਲਾਪਤਾ ਦੱਸੇ ਜਾ ਰਹੇ ਹਨ। ਇਸ ਤੋਂ ਇਲਾਵਾ 12 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਦਾ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ।
ਇਸੇ ਤਰ੍ਹਾਂ ਕੁਮਾਓਂ ਖੇਤਰ ਵਿਚ ਕਈ ਘਰ ਢਹਿ ਗਏ ਹਨ ਤੇ ਲੋਕ ਮਲਬੇ ਹੇਠਾਂ ਫਸੇ ਹੋਏ ਹਨ। ਨੈਨੀਤਾਲ ਦਾ ਸੰਪਰਕ ਪੂਰੇ ਸੂਬੇ ਨਾਲੋਂ ਟੁੱਟ ਗਿਆ ਹੈ। ਇਸ ਮਸ਼ਹੂਰ ਸੈਰਗਾਹ ਨੂੰ ਜਾਂਦੇ ਸਾਰੇ ਮਾਰਗ ਢਿੱਗਾਂ ਡਿਗਣ ਕਾਰਨ ਬੰਦ ਹੋ ਗਏ ਹਨ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਦੱਸਿਆ ਕਿ ਬੱਦਲ ਫਟਣ ਤੇ ਜ਼ਮੀਨ ਖ਼ਿਸਕਣ ਕਾਰਨ ਕਈ ਲੋਕਾਂ ਦੇ ਮਲਬੇ ਵਿਚ ਦੱਬੇ ਹੋਣ ਦਾ ਖ਼ਦਸ਼ਾ ਹੈ। ਮੁੱਖ ਮੰਤਰੀ ਧਾਮੀ ਨੇ ਮ੍ਰਿਤਕਾਂ ਦੇ ਵਾਰਿਸਾਂ ਨੂੰ ਚਾਰ-ਚਾਰ ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਫ਼ੌਜ ਦੇ ਤਿੰਨ ਹੈਲੀਕੌਪਟਰ ਸੂਬੇ ਵਿਚ ਰਾਹਤ ਤੇ ਬਚਾਅ ਕਾਰਜਾਂ ਲਈ ਲਾਏ ਗਏ ਹਨ।
ਜਾਣਕਾਰੀ ਅਨੁਸਾਰ ਨੈਨੀਤਾਲ ਦਾ ਮਾਲ ਰੋਡ ਤੇ ਨੈਨੀ ਝੀਲ ਦੇ ਕੰਢੇ ਸਥਿਤ ਨੈਨਾ ਦੇਵੀ ਮੰਦਰ ਵੀ ਪਾਣੀ ਵਿਚ ਡੁੱਬੇ ਹੋਏ ਹਨ। ਜ਼ਿਲ੍ਹਾ ਪ੍ਰਸ਼ਾਸਨ ਸ਼ਹਿਰ ਵਿਚ ਫਸੇ ਸੈਲਾਨੀਆਂ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਪ੍ਰਸ਼ਾਸਨ ਨੇ ਮੌਸਮ ਠੀਕ ਹੋਣ ਤੱਕ ਸੈਲਾਨੀਆਂ ਨੂੰ ਰੁਕਣ ਲਈ ਕਿਹਾ ਹੈ।