Punjab

ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦੀ ਬਿਨਾਂ ਕਾਗਜ਼ ਬੱਸਾਂ ਚਲਾਉਣ ਵਾਲਿਆਂ ‘ਤੇ ਵੱਡੀ ਕਾਰਵਾਈ

‘ਦ ਖ਼ਾਲਸ ਟੀਵੀ ਬਿਊਰੋ:-ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੰਮ੍ਰਿਤਸਰ ਬੱਸ ਅੱਡੇ ਅਤੇ ਸਿਟੀ ਸੈਂਟਰ ’ਤੇ ਛਾਪਾ ਮਾਰ ਕੇ ਬੱਸਾਂ ਦੇ ਕਾਗਜ਼ ਨਾ ਦਿਖਾਉਣ ਉੱਤੇ ਵੱਖ-ਵੱਖ ਟਰਾਂਸਪੋਰਟਾਂ ਦੀਆਂ 23 ਬੱਸਾਂ ਜ਼ਬਤ ਕੀਤੀਆਂ। ਇਸ ਵਿੱਚ ਔਰਬਿਟ ਕੰਪਨੀ ਦੀਆਂ ਤਿੰਨ ਬੱਸਾਂ ਵੀ ਸ਼ਾਮਲ ਹਨ। ਇਸ ਮੌਕੇ ਰਾਜਾ ਵੜਿੰਗ ਨੇ ਸਪੱਸ਼ਟ ਕੀਤਾ ਕਿ ਸਰਕਾਰੀ ਟੈਕਸ ਦੀ ਚੋਰੀ, ਨਾਜਾਇਜ਼ ਚੱਲਦੀਆਂ ਬੱਸਾਂ ਅਤੇ ਧੱਕੇਸ਼ਾਹੀ ਬਰਦਾਸ਼ਤ ਨਹੀਂ ਹੋਵੇਗੀ।

ਟੈਕਸ ਦਾ ਭੁਗਤਾਨ ਕੀਤੇ ਬਿਨਾਂ ਪੰਜਾਬ ਦੀਆਂ ਸੜਕਾਂ ’ਤੇ ਕੋਈ ਬੱਸ ਨਹੀਂ ਚੱਲੇਗੀ। ਉਨ੍ਹਾਂ ਦੱਸਿਆ ਕਿ ਬੀਤੇ ਦਿਨਾਂ ਵਿੱਚ ਕੀਤੀ ਸਖ਼ਤੀ ਕਾਰਨ ਪਨਬੱਸ ਅਤੇ ਪੈਪਸੂ ਰੋਡਵੇਜ਼ ਨੂੰ ਰੋਜ਼ਾਨਾ ਲਗਪਗ 40 ਲੱਖ ਰੁਪਏ ਦਾ ਲਾਭ ਹੋਇਆ ਹੈ। ਇਸ ਮੌਕੇ ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਵੀ ਕੀਤੀ ਕਿ ਬੱਸਾਂ, ਟਰੱਕਾਂ ਅਤੇ ਹੋਰ ਵਾਹਨਾਂ ਦੀ ਟੈਕਸ ਸਬੰਧੀ ਜਾਂਚ ਪੜਤਾਲ ਕੀਤੀ ਜਾਵੇ ਅਤੇ ਵਾਹਨ ਦੀ ਉਮਰ, ਪ੍ਰਦੂਸ਼ਣ ਦਾ ਪੱਧਰ ਅਤੇ ਸੁਰੱਖਿਆ ਦੇ ਲਿਹਾਜ਼ ਨਾਲ ਵਾਹਨ ਦੀ ਜਾਂਚ ਕੀਤੀ ਜਾਵੇ ਤਾਂ ਜੋ ਸੜਕਾਂ ’ਤੇ ਚੱਲਦੇ ਇਹ ਵਾਹਨ ਕਿਸੇ ਦੀ ਜਾਨ ਲਈ ਖਤਰਾ ਨਾ ਬਣਨ। ਰਾਜਾ ਵੜਿੰਗ ਨੇ ਬੱਸ ਅੱਡੇ ’ਤੇ ਸਫ਼ਾਈ ਨਾ ਹੋਣ ਕਾਰਨ ਅਧਿਕਾਰੀਆਂ ਦੀ ਕਲਾਸ ਵੀ ਲਗਾਈ।

ਇਸ ਮੌਕੇ ਜਾਣਕਾਰੀ ਦਿੰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਬੱਸਾਂ ਦੀ ਹਾਲਤ ਸੁਧਾਰੀ ਜਾ ਰਹੀ ਹੈ ਤੇ ਟਾਟਾ ਮੋਟਰਜ਼ ਨੂੰ 842 ਨਵੀਆਂ ਬੱਸਾਂ ਦਾ ਆਰਡਰ ਦਿੱਤਾ ਗਿਆ ਹੈ। ਉਨ੍ਹਾਂ ਦੀ ਬਾਡੀ ਦੇ ਟੈਂਡਰ ਵੀ ਹੋ ਚੁੱਕੇ ਹਨ। ਉਨ੍ਹਾਂ ਆਸ ਜਤਾਈ ਕਿ ਇਕ ਮਹੀਨੇ ਤੱਕ ਨਵੀਆਂ ਸਰਕਾਰੀ ਬੱਸਾਂ ਸੜਕਾਂ ’ਤੇ ਆ ਜਾਣਗੀਆਂ।