Punjab

ਪੰਜਾਬ ਦੇ ਇਨ੍ਹਾਂ ਪੰਜ ਜਿਲ੍ਹਿਆਂ ਵਿੱਚ ਡੇਂਗੂ ਬੁਖਾਰ ਦੀ ਸਭ ਤੋਂ ਬੁਰੀ ਸਥਿਤੀ

‘ਦ ਖ਼ਾਲਸ ਟੀਵੀ ਬਿਊਰੋ:- ਇਨ੍ਹਾਂ ਦਿਨਾਂ ਵਿੱਚ ਹੁਸ਼ਿਆਰਪੁਰ, ਬਠਿੰਡਾ, ਪਠਾਨਕੋਟ, ਅੰਮ੍ਰਿਤਸਰ ਅਤੇ ਮੁਹਾਲੀ ਵਿੱਚ ਡੇਂਗੂ ਦੇ ਸਭ ਤੋਂ ਵਧ ਮਾਮਲੇ ਸਾਹਮਣੇ ਆ ਰਹੇ ਹਨ। ਪੰਜਾਬ ਸਮੇਤ ਪਿਛਲੇ ਕਈ ਦਿਨਾਂ ਤੋਂ ਦੇਸ਼ ਵਿੱਚ ਡੇਂਗੂ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਹੁਸ਼ਿਆਰਪੁਰ, ਬਠਿੰਡਾ, ਪਠਾਨਕੋਟ, ਅੰਮ੍ਰਿਤਸਰ ਅਤੇ ਮੁਹਾਲੀ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹੇ ਹਨ। ਸ਼ੁੱਕਰਵਾਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਬਠਿੰਡਾ ਦੌਰੇ ਦੌਰਾਨ ਡੇਂਗੂ ਮਰੀਜ਼ਾਂ ਦਾ ਹਾਲ ਚਾਲ ਵੀ ਪੁੱਛਿਆ ਸੀ। ਸੂਬੇ ਦੇ ਉਪ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਓਪੀ ਸੋਨੀ ਵੱਲੋਂ ਡੇਂਗੂ ਰੋਧੀ ਗਤੀਵਿਧੀਆਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ।

ਮੁਹਾਲੀ ਦੇ ਬਨੂੜ ਵਿਚ ਕੱਲ੍ਹ ਇਕ ਬੱਚੇ ਦੀ ਡੇਂਗੂ ਨਾਲ ਮੌਤ ਵੀ ਹੋਈ ਹੈ। ਬੱਚੇ ਦੀ ਉਮਰ 13 ਸਾਲ ਤੇ ਨਾਂ ਦਿਲਪ੍ਰੀਤ ਸੀ। ਡੇਂਗੂ ਨਾਲ ਬੱਚੇ ਦੀ ਕਿਡਨੀ, ਲੀਵਰ ਤੇ ਦਿਲ ਨੂੰ ਨੁਕਸਾਨ ਪੁੱਜਾ ਹੈ।

ਇਸ ਤਰ੍ਹਾਂ ਫੈਲਦਾ ਹੈ ਡੇਂਗੂ

-ਡੇਂਗੂ ਏਡੀਜ਼ ਅਜਿਪਟੀ ਨਾਂ ਦੇ ਮਾਦਾ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਚਿਕਨਗੁਨੀਆ ਅਤੇ ਜ਼ੀਕਾ ਵਰਗੇ ਵਾਇਰਸ ਵੀ ਫੈਲਾਉਂਦਾ ਹੈ।

  • ਵਿਸ਼ਵ ਸਿਹਤ ਸੰਗਠਨ ਮੁਤਾਬਕ ਦੁਨੀਆਂ ਦੇ ਲਗਭਗ 70 ਫ਼ੀਸਦ ਡੇਂਗੂ ਦੇ ਕੇਸ ਏਸ਼ੀਆ ਵਿੱਚ ਹੁੰਦੇ ਹਨ। ਜੇਕਰ ਇਸ ਮੱਛਰ ਵਿੱਚ ਵਾਇਰਸ ਨਹੀਂ ਹੈ ਤਾਂ ਉਸ ਦੇ ਕੱਟਣ ਨਾਲ ਡੇਂਗੂ ਨਹੀਂ ਫੈਲਦਾ।
  • ਜੇਕਰ ਇਹ ਮੱਛਰ ਕਿਸੇ ਅਜਿਹੇ ਵਿਅਕਤੀ ਨੂੰ ਕੱਟਦਾ ਹੈ ਜੋ ਡੇਂਗੂ ਤੋਂ ਪ੍ਰਭਾਵਿਤ ਹੈ ਤਾਂ ਮੱਛਰ ਦੇ ਅੰਦਰ ਡੇਂਗੂ ਦਾ ਵਾਇਰਸ ਰਹਿੰਦਾ ਹੈ ਅਤੇ ਉਸ ਤੋਂ ਬਾਅਦ ਅਗਲੇ ਸਿਹਤਮੰਦ ਵਿਅਕਤੀ ਨੂੰ ਕੱਟਣ ਤੋਂ ਬਾਅਦ ਉਸ ਨੂੰ ਡੇਂਗੂ ਦਾ ਖ਼ਤਰਾ ਪੈਦਾ ਹੋ ਸਕਦਾ ਹੈ।
  • ਪਿਛਲੇ ਦੋ ਦਹਾਕਿਆਂ ਵਿੱਚ ਡੇਂਗੂ ਦੇ ਕੇਸ ਅੱਠ ਗੁਣਾਂ ਵਧੇ ਹਨ। ਚੰਡੀਗੜ੍ਹ ਵਿਖੇ ਮਲੇਰੀਆ ਵਿੰਗ ਦੇ ਅਸਿਸਟੈਂਟ ਡਾਇਰੈਕਟਰ ਡਾ ਉਪਿੰਦਰਜੀਤ ਸਿੰਘ ਗਿੱਲ ਨੇ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਸ ਵਾਰ ਪੂਰੀ ਦੁਨੀਆਂ ਵਿੱਚ ਡੇਂਗੂ ਦੇ ਕੇਸ ਵਧ ਰਹੇ ਹਨ।

ਇਹ ਹਨ ਡੇਂਗੂ ਦੇ ਲੱਛਣ

  • ਵਿਸ਼ਵ ਸਿਹਤ ਸੰਗਠਨ ਮੁਤਾਬਕ ਮੱਛਰ ਦੇ ਡੰਗ ਤੋਂ 4-10 ਦਿਨ ਬਾਅਦ ਤੇਜ਼ ਬੁਖਾਰ(40ਡਿਗਰੀ ਸੈਲਸੀਅਸ/104 ਡਿਗਰੀ ਫਾਰਨਹਾਈਟ) ਦੇ ਨਾਲ- ਨਾਲ ਸਿਰਦਰਦ, ਅੱਖਾਂ ਵਿੱਚ ਦਰਦ, ਜੋੜਾਂ ਵਿੱਚ ਦਰਦ, ਜ਼ੁਕਾਮ, ਉਲਟੀਆਂ ਵਰਗੇ ਲੱਛਣ ਪਾਏ ਜਾਂਦੇ ਹਨ।
  • ਜ਼ਿਆਦਾ ਗੰਭੀਰ ਹਾਲਾਤਾਂ ਵਿੱਚ ਪੇਟ ਦਰਦ, ਵਾਰ ਵਾਰ ਉਲਟੀ ਆਉਣਾ, ਮਸੂੜਿਆਂ ਵਿੱਚ ਖੂਨ, ਥਕਾਵਟ, ਬੇਚੈਨੀ, ਸਾਹ ਲੈਣ ਵਿੱਚ ਦਿੱਕਤ ਹੋ ਸਕਦੀ ਹੈ।
  • ਡਾਕਟਰਾਂ ਅਨੁਸਾਰ ਡੇਂਗੂ ਨੂੰ ‘ਹੱਡੀ ਤੋੜ ਬੁਖਾਰ’ ਵੀ ਆਖਦੇ ਹਨ ਕਿਉਂਕਿ ਇਸ ਨਾਲ ਸਰੀਰ ਵਿੱਚ ਤੇਜ਼ ਦਰਦ ਹੁੰਦਾ ਹੈ। ਕੋਵਿਡ ਵਾਂਗ ਕਈ ਵਾਰ ਡੇਂਗੂ ਵੀ ਬਿਨਾਂ ਲੱਛਣਾਂ ਤੋਂ ਹੋ ਸਕਦਾ ਹੈ ਜਿਸ ਵਿੱਚ ਮਰੀਜ਼ ਨੂੰ ਬੁਖ਼ਾਰ ਨਹੀਂ ਹੁੰਦਾ ਹੈ।

ਡੇਂਗੂ ਤੋਂ ਬਚਾਅ ਅਤੇ ਰੋਕਥਾਮ

  • ਡੇਂਗੂ ਤੋਂ ਬਚਾਅ ਲਈ ਡੇਂਗੂ ਫੈਲਾਉਣ ਵਾਲੇ ਮੱਛਰ ਦੇ ਡੰਗ ਤੋਂ ਬਚਣਾ ਜ਼ਰੂਰੀ ਹੈ।
  • ਸਮੇਂ -ਸਮੇਂ ‘ਤੇ ਮੱਛਰਾਂ ਤੋਂ ਬਚਾਅ ਲਈ ਫੌਗਿੰਗ ਅਤੇ ਦਵਾਈਆਂ ਦਾ ਛਿੜਕਾਅ ਕੀਤਾ ਜਾਵੇ।
  • ਡੇਂਗੂ ਫੈਲਾਉਣ ਵਾਲਾ ਮੱਛਰ ਖੜ੍ਹੇ ਪਾਣੀ ‘ਤੇ ਪੈਦਾ ਹੁੰਦਾ ਹੈ ਇਸ ਲਈ ਜ਼ਰੂਰੀ ਹੈ ਕਿ ਘਰਾਂ ਵਿੱਚ ਪਾਣੀ ਨੂੰ ਢੱਕ ਕੇ ਰੱਖਿਆ ਜਾਵੇ ਅਤੇ ਸਮੇਂ ਸਮੇਂ ਤੇ ਕੂਲਰ ਗਮਲਿਆਂ ਆਦਿ ਵਿੱਚ ਪਾਣੀ ਨੂੰ ਬਦਲਿਆ ਜਾਵੇ ਤਾਂ ਜੋ ਮੱਛਰ ਨਾ ਪੈਦਾ ਹੋ ਸਕੇ।
  • ਪੂਰੇ ਸਰੀਰ ਨੂੰ ਢਕਣ ਵਾਲੇ ਕੱਪੜੇ ਪਹਿਨੇ ਜਾਣ ਤਾਂ ਕਿ ਮੱਛਰ ਨਾ ਕੱਟ ਸਕੇ।
  • ਜਿਨ੍ਹਾਂ ਇਲਾਕਿਆਂ ਵਿੱਚ ਡੇਂਗੂ ਫੈਲਿਆ ਹੈ ਜੇਕਰ ਹੋ ਸਕੇ ਤਾਂ ਉੱਥੇ ਜਾਣ ਤੋਂ ਗੁਰੇਜ਼ ਕੀਤਾ ਜਾਵੇ।
  • ਸਮੇਂ -ਸਮੇਂ ‘ਤੇ ਮੱਛਰਾਂ ਤੋਂ ਬਚਾਅ ਲਈ ਫੌਗਿੰਗ ਅਤੇ ਦਵਾਈਆਂ ਦਾ ਛਿੜਕਾਅ ਕੀਤਾ ਜਾਵੇ।
  • ਇਹ ਮੱਛਰ ਜ਼ਿਆਦਾਤਰ ਦਿਨ ਵਿੱਚ ਕੱਟਦਾ ਹੈ ਪਰ ਜੇਕਰ ਘਰ ਵਿੱਚ ਰੌਸ਼ਨੀ ਜ਼ਿਆਦਾ ਹੈ ਤਾਂ ਰਾਤ ਵੇਲੇ ਵੀ ਮੱਛਰ ਕੱਟ ਸਕਦਾ ਹੈ। ਇਸ ਲਈ ਬਚਾਅ ਲਈ ਪੂਰੇ ਕੱਪੜੇ ਅਤੇ ਕਰੀਮ ਜਾਂ ਸਪਰੇਅ ਦਾ ਇਸਤੇਮਾਲ ਕਰਨਾ ਚਾਹੀਦਾ ਹੈ।
  • ਡੇਂਗੂ ਦੇ ਮਰੀਜ਼ ਨੂੰ ਮੱਛਰਦਾਨੀ ਵਿੱਚ ਸੌਣਾ ਚਾਹੀਦਾ ਹੈ।

ਇਹ ਹਨ ਪੰਜਾਬ ਦੇ ਮੌਜੂਦਾ ਹਾਲਾਤ

ਪੰਜਾਬ ਵਿਚ ਚਾਰ ਅਕਤੂਬਰ ਤੱਕ 13532 ਟੈਸਟ ਤੋਂ ਬਾਅਦ 3760 ਲੋਕ ਡੇਂਗੂ ਪੌਜ਼ੀਟਿਵ ਪਾਏ ਗਏ ਸਨ। ਪੰਜਾਬ ਸਿਹਤ ਵਿਭਾਗ ਅਨੁਸਾਰ ਹੁਣ ਇਹ ਗਿਣਤੀ 5800 ਤੋਂ ਵੱਧ ਹੈ। ਪੰਜਾਬ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਵਿੱਚੋਂ ਹੁਸ਼ਿਆਰਪੁਰ ਪਹਿਲੇ ਨੰਬਰ ‘ਤੇ ਹੈ। ਮਿਲੀ ਜਾਣਕਾਰੀ ਮੁਤਾਬਕ 14 ਅਕਤੂਬਰ ਤੱਕ ਜ਼ਿਲ੍ਹੇ ਵਿੱਚ 933 ਮਰੀਜ਼ ਪਾਏ ਗਏ ਹਨ। ਬਠਿੰਡਾ ਵਿੱਚ 843,ਪਠਾਨਕੋਟ ਵਿੱਚ 750, ਅੰਮ੍ਰਿਤਸਰ ਵਿੱਚ 749 ਅਤੇ ਮੁਹਾਲੀ ਵਿੱਚ 707 ਮਰੀਜ਼ ਪਾਏ ਗਏ ਹਨ। ਗੁਰਦਾਸਪੁਰ ਦੇ ਸਿਵਲ ਸਰਜਨ ਡਾ. ਹਰਭਜਨ ਰਾਮ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 176 ਮਰੀਜ਼ ਹਨ ਜਿਨ੍ਹਾਂ ਦਾ ਬਟਾਲਾ ਅਤੇ ਗੁਰਦਾਸਪੁਰ ਵਿਖੇ ਇਲਾਜ ਚੱਲ ਰਿਹਾ ਹੈ। ਸ਼ੁੱਕਰਵਾਰ ਦੁਪਹਿਰ ਤਕ ਮਿਲੀ ਜਾਣਕਾਰੀ ਮੁਤਾਬਕ ਜਲੰਧਰ ਵਿਖੇ 105 ਮਰੀਜ਼ ਹਨ।
ਜੇਕਰ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਜ਼ਿਲ੍ਹੇ ਵਿੱਚ 90 ਮਰੀਜ਼ ਹਨ ਅਤੇ ਬਰਨਾਲਾ ਵਿੱਚ 14 ਮਰੀਜ਼ ਹਨ। ਪੰਜਾਬ ਸਰਕਾਰ ਵੱਲੋਂ 11 ਅਕਤੂਬਰ ਨੂੰ ਜਾਰੀ ਕੀਤੇ ਗਏ ਬਿਆਨ ਵਿੱਚ ਆਖਿਆ ਗਿਆ ਹੈ ਕਿ ਉਪ ਮੁੱਖ ਮੰਤਰੀ ਓਪੀ ਸੋਨੀ ਨੇ ਸਾਰੇ ਜ਼ਿਲਿਆਂ ਦੀ ਨਿਗਰਾਨੀ ਲਈ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਨਿਯੁਕਤ ਕੀਤਾ ਹੈ। ਇਹ ਅਧਿਕਾਰੀ ਅਲਾਟ ਕੀਤੇ ਜ਼ਿਲ੍ਹਿਆਂ ਵਿੱਚ ਹਫ਼ਤੇ ਵਿੱਚ ਘੱਟੋ ਘੱਟ ਦੋ ਵਾਰ ਦੌਰਾ ਕਰਨਗੇ ਅਤੇ ਡੇਂਗੂ ਦੀ ਰੋਕਥਾਮ ਲਈ ਚੁੱਕੇ ਗਏ ਕਦਮਾਂ ਦੀ ਸਮੀਖਿਆ ਕਰਨਗੇ । ਪੰਜਾਬ ਸਰਕਾਰ ਵੱਲੋਂ ਬਿਆਨ ਵਿੱਚ ਆਖਿਆ ਗਿਆ ਹੈ ਕਿ ਸਿਹਤ ਵਿਭਾਗ ਦੇ ਪੰਜ ਡਿਪਟੀ ਡਾਇਰੈਕਟਰ ਵੀ ਹਫ਼ਤੇ ਵਿੱਚ ਦੋ ਵਾਰ ਜ਼ਿਲ੍ਹਿਆਂ ਦਾ ਦੌਰਾ ਕਰਨਗੇ ਅਤੇ ਡੇਂਗੂ ਦੇ ਰੋਕਥਾਮ ਲਈ ਆਪਣੀ ਰਾਇ ਦੇਣਗੇ।