‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਦੀਆਂ 100 ਤੋਂ ਵੱਧ ਵਾਰ ਹਿਰਦੇ ਨੂੰ ਵਲੂੰਧਰ ਵਾਲੀਆਂ ਦੁੱਖਦਾਈ ਘਟਨਾਵਾਂ ਵਾਪਰ ਚੁੱਕੀਆਂ ਹਨ। ਪਿਛਲੀਆਂ ਚੋਣਾਂ ਵਿੱਚ ਇਹ ਭਖਦਾ ਮਸਲਾ ਵੀ ਬਣਿਆ ਪਰ ਨਾ ਵਾਰਦਾਤਾਂ ਰੁਕੀਆਂ ਅਤੇ ਨਾ ਹੀ ਦੋਸ਼ੀ ਕਾਬੂ ਕੀਤੇ ਗਏ। ਸ਼ਹੀਦੀ ਪਾਉਣ ਵਾਲਿਆਂ ਨੂੰ ਇਨਸਾਫ਼ ਮਿਲਣਾ ਤਾਂ ਦੂਰ ਦੀ ਗੱਲ। ਇਹੋ ਵਜ੍ਹਾ ਹੈ ਕਿ ਪੀੜਤ ਪਰਿਵਾਰ ਆਪਣੇ-ਆਪ ਨੂੰ ਬੇਸਹਾਰਾ ਮਹਿਸੂਸ ਕਰਨ ਲੱਗੇ ਹਨ। ਸਰਕਾਰ ਨੇ ਮੂੰਹੋਂ ਪਲੋਸਵੀਆਂ ਛੇ ਸਪੈਸ਼ਲ ਜਾਂਚ ਟੀਮਾਂ ਦਾ ਗਠਨ ਵੀ ਕੀਤਾ। ਦੋ ਜਾਂਚ ਕਮਿਸ਼ਨ ਬਣਾਏ ਅਤੇ ਮਾਮਲਾ ਸੀਬੀਆਈ ਨੂੰ ਦੇ ਦਿੱਤਾ ਪਰ ਇਨਸਾਫ ਦੋਸ਼ੀ ਹਾਲੇ ਵੀ ਗ੍ਰਿਫ਼ਤ ਤੋਂ ਬਾਹਰ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਹੁਰਮਤੀ ਦੀ ਪਹਿਲੀ ਘਟਨਾ ਬੁਰਜ ਜਵਾਹਰ ਸਿੰਘ ਵਾਲਾ ਵਿਖੇ 1 ਜੂਨ 2015 ਨੂੰ ਵਾਪਰੀ ਸੀ, ਜਦੋਂ ਕੋਟਕਪੂਰਾ ਬਠਿੰਡਾ ਹਾਈਵੇਅ ‘ਤੇ ਪਵਿੱਤਰ ਅੰਗ ਖਿੰਡਰੇ ਪਏ ਮਿਲੇ। ਸਿੱਖ ਸੰਗਤ ਵਿੱਚ ਭਰਵਾਂ ਰੋਸ ਪਾਇਆ ਗਿਆ। ਦੂਜੀ ਘਟਨਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨਾਲੀਆਂ ਵਿੱਚੋਂ ਮਿਲੇ ਅਤੇ 12 ਅਕਤੂਬਰ 2016 ਨੂੰ ਵਾਪਰੀ ਤੀਜੀ ਘਟਨਾ ਦੇ ਰੋਸ ਵਜੋਂ ਸੰਗਤਾਂ ਨੇ ਪ੍ਰਦਰਸ਼ਨ ਕੀਤਾ ਤਾਂ ਪੁਲਿਸ ਨੇ ਸ਼ਾਂਤਮਈ ਬੈਠੀ ਸੰਗਤ ‘ਤੇ ਗੋਲੀਆਂ ਵਰ੍ਹਾ ਦਿੱਤੀਆਂ ਜਿਸ ਵਿੱਚ ਦੋ ਸਿੰਘ ਗੁਰਜੀਤ ਸਿੰਘ ਅਤੇ ਕ੍ਰਿਸ਼ਨ ਭਗਵਾਨ ਸਿੰਘ ਸ਼ਹੀਦ ਹੋ ਗਏ।
ਇਸ ਤੋਂ ਬਾਅਦ ਦੋਸ਼ੀਆਂ ਨੂੰ ਫੜ੍ਹਨ ਅਤੇ ਇਨਸਾਫ ਦੀ ਲੜਾਈ ਸ਼ੁਰੂ ਹੋ ਗਈ, ਜਿਹੜੀ ਹਾਲੇ ਤੱਕ ਜਾਰੀ ਹੈ। ਸਿੱਖ ਸੰਗਤ ਦੇ ਵਿਰੋਧ ਦੇ ਬਾਵਜੂਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਵਾਪਰਦੀਆਂ ਆ ਰਹੀਆਂ ਹਨ। ਇੱਕ ਤੋਂ ਵੱਧ ਵਾਰ ਪਾਠੀ ਸਿੰਘਾਂ ਦੀ ਸ਼ਮੂਲੀਅਤ ਵੀ ਸਾਹਮਣੇ ਆਈ ਹੈ। ਬੇਹੁਰਮਤੀ ਦੀਆਂ ਵਾਪਰੀਆਂ ਮੁੱਖ ਘਟਨਾਵਾਂ ਦੀ ਗੱਲ ਕਰ ਲਈਏ ਤਾਂ ਮੁਕਤਸਰ ਸਾਹਿਬ ਦੇ ਪਿੰਡ ਔਲਖ, ਤਰਨ ਤਾਰਨ ਦੇ ਪਿੰਡ ਖਾਲੜਾ ਅਤੇ ਮੁਕਤਸਰ ਸ਼ਹਿਰ ਦੀ ਇੱਕ ਦੁਕਾਨ ਦੇ ਸਾਹਮਣੇ ਪਵਿੱਤਰ ਅੰਗ ਸੜਕਾਂ ‘ਤੇ ਸੁੱਟੇ ਮਿਲੇ। ਫਰੀਦਕੋਟ ਦੇ ਪਿੰਡ ਕੋਹਰੀਆਂ, ਫਿਰੋਜ਼ਪੁਰ ਦੇ ਮਿਸ਼ਰੀ ਵਾਲਾ, ਲੁਧਿਆਣਾ ਦੇ ਗੁਰੂਸਰ ਸੁਧਾਰ, ਮੁਕਤਸਰ ਦੇ ਸਰਾਏ ਨਾਗਾ ਅਤੇ ਬਠਿੰਡਾ ਦੇ ਮਹਿਰਾਜ ਵਿੱਚ ਵਾਪਰੀਆਂ ਘਟਨਾਵਾਂ ਦੀ ਚੀਸ ਹਾਲੇ ਵੀ ਸਿੱਖ ਹਿਰਦਿਆਂ ਵਿੱਚ ਮੱਠੀ ਨਹੀਂ ਪਈ। ਵੱਡੀਆਂ ਘਟਨਾਵਾਂ ਬਾਦਲਕਿਆਂ ਦੀ ਸਰਕਾਰ ਵੇਲੇ ਵਾਪਰੀਆਂ ਅਤੇ ਜਸਟਿਸ ਜੋਰਾ ਸਿੰਘ ਦੀ ਅਗਵਾਈ ਹੇਠ ਪਹਿਲਾ ਕਮਿਸ਼ਨ ਵੀ ਬਾਦਲਾਂ ਵੱਲੋਂ ਬਣਾਇਆ ਗਿਆ। ਸਰਕਾਰ ਵੱਲੋਂ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਦੇ ਜਾਂਚ ਹੁਕਮਾਂ ਵਿੱਚ ਭਗਵਤ ਗੀਤਾ ਅਤੇ ਕੁਰਾਨ ਸ਼ਰੀਫ ਦੀ ਬੇਹੁਰਮਤੀ ਵੀ ਸ਼ਾਮਿਲ ਹੈ। ਭਗਵਤ ਗੀਤਾ ਦੇ ਪੰਨੇ ਸਤੰਬਰ 2016 ਨੂੰ ਜਲੰਧਰ ਨੇੜੇ ਇੱਕ ਨਹਿਰ ‘ਚੋਂ ਮਿਲੇ। ਕੁਰਾਨ ਸ਼ਰੀਫ ਦੇ ਪੰਨੇ ਵੀ ਉਸੇ ਸਾਲ ਜੂਨ ਮਹੀਨੇ ਇੱਕ ਨਹਿਰ ਵਿੱਚੋਂ ਮਿਲੇ ਸਨ। ਪੁਲਿਸ ਵੱਲੋਂ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਵਿਧਾਇਕ ਨਰੇਸ਼ ਯਾਦਵ ਨੂੰ ਨਾਮਜ਼ਦ ਕੀਤਾ ਗਿਆ ਪਰ ਜ਼ਮਾਨਤ ‘ਤੇ ਰਿਹਾਅ ਹੋ ਗਿਆ।
ਇੱਥੇ ਦੱਸਣਾ ਜ਼ਰੂਰੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਪੰਜਵੇਂ ਸਿੱਖ ਗੁਰੂ ਅਰਜਨ ਦੇਵ ਜੀ ਵੱਲੋਂ 1563 – 1606 ਦਰਮਿਆਨ ਕੀਤੀ ਗਈ ਸੀ ਅਤੇ ਭਾਈ ਗੁਰਦਾਸ ਜੀ ਨੇ ਇਸ ਪਵਿੱਤਰ ਗ੍ਰੰਥ ਨੂੰ ਲਿਖਣ ਦੀ ਸੇਵਾ ਨਿਭਾਈ ਸੀ। ਇਸ ਵਿੱਚ ਵੱਖ-ਵੱਖ ਧਰਮਾਂ ਦੇ ਭਗਤਾਂ ਦੀ ਬਾਣੀ ਵੀ ਦਰਜ ਹੈ।
ਹੁਣ ਜਦੋਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਦੋ ਮਹੀਨੇ ਬਾਕੀ ਰਹਿੰਦੇ ਹਨ ਤਾਂ ਕਾਂਗਰਸ ਪਾਰਟੀ ਬੇਹੁਰਮਤੀ ਦੀਆਂ ਘਟਨਾਵਾਂ ਨੂੰ ਮੁੱਦਾ ਬਣਾ ਕੇ ਮੁੜ ਵੋਟਾਂ ਬਟੋਰਨ ਦੇ ਆਹਰ ਵਿੱਚ ਜੁਟ ਜਾਵੇਗੀ ਜਦੋਂਕਿ ਅਕਾਲੀ ਦਲ ਆਪਣੇ-ਆਪ ਨੂੰ ਦੁੱਧ ਧੋਤਾ ਸਿੱਧ ਕਰਨ ਵਿੱਚ ਜੁਟ ਚੁੱਕਾ ਹੈ। ਇਨਸਾਫ਼ ਦੇਣ ਦੀ ਚਿੰਤਾ ਨਾ ਸਰਕਾਰਾਂ ਦੇ ਏਜੰਡੇ ‘ਤੇ ਹੈ ਅਤੇ ਨਾ ਹੀ ਅਦਾਲਤਾਂ ਦੇ ਵੱਕਾਰ ‘ਤੇ। ਸਿੱਖ ਸੰਗਤ ਇਨਸਾਫ ਦੀ ਉਮੀਦ ਅਕਾਲ ਪੁਰਖ ਦੀ ਦਰਗਾਹ ‘ਤੇ ਛੱਡੀ ਬੈਠੀ ਹੈ।